Amarnath Yatra 2025: ਬਾਬਾ ਬਰਫਾਨੀ ਦੇ ਪਹਿਲੇ ਦਰਸ਼ਨ 11 ਜੂਨ ਨੂੰ ਅਮਰਨਾਥ ਦੀ ਪਵਿੱਤਰ ਗੁਫਾ ਵਿੱਚ ਕੀਤੇ ਗਏ। ਇਸ ਦੌਰਾਨ ਭਗਵਾਨ ਸ਼ਿਵ ਦੀ ਵੀ ਪੂਜਾ ਕੀਤੀ ਗਈ। ਕੁਝ ਦਿਨਾਂ ਬਾਅਦ ਅਮਰਨਾਥ ਯਾਤਰਾ ਸ਼ੁਰੂ ਹੋਵੇਗੀ।
First Picture of Baba Barfani: ਅਮਰਨਾਥ ਯਾਤਰਾ 2025 ਜੰਮੂ-ਕਸ਼ਮੀਰ ‘ਚ ਰਸਮੀ ਤੌਰ ‘ਤੇ ਸ਼ੁਰੂ ਹੋ ਗਈ ਹੈ। ਬੁੱਧਵਾਰ ਨੂੰ, ਰਾਜ ਦੇ ਉਪ ਰਾਜਪਾਲ (LG) ਮਨੋਜ ਸਿਨਹਾ ਨੇ ਪਵਿੱਤਰ ਅਮਰਨਾਥ ਗੁਫਾ ਵਿੱਚ ‘ਪ੍ਰਥਮ ਪੂਜਾ’ ਕੀਤੀ ਤੇ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ। LG ਸਿਨਹਾ ਨੇ ‘X’ (ਸਾਬਕਾ ਟਵਿੱਟਰ) ‘ਤੇ ਪੋਸਟ ਕੀਤਾ ਤੇ ਲਿਖਿਆ, “ਹਰ ਹਰ ਮਹਾਦੇਵ! ਬਾਬਾ ਬਰਫਾਨੀ ਦੇ ਮੱਥਾ ਟੇਕਿਆ ਅਤੇ ਪਵਿੱਤਰ ਗੁਫਾ ਵਿੱਚ ‘ਪ੍ਰਥਮ ਪੂਜਾ’ ਕੀਤੀ। ਇਹ ਸ਼੍ਰੀ ਅਮਰਨਾਥ ਜੀ ਯਾਤਰਾ ਦੀ ਸ਼ੁਰੂਆਤ ਹੈ। ਬਾਬਾ ਸਾਡੇ ਸਾਰਿਆਂ ‘ਤੇ ਆਸ਼ੀਰਵਾਦ ਬਣਾਏ ਰੱਖਣ।”
ਸ਼ਰਧਾਲੂਆਂ ਨੂੰ ਆਉਣ ਦੀ ਅਪੀਲ
LG ਨੇ ਸਾਰੇ ਸ਼ਰਧਾਲੂਆਂ ਨੂੰ ਵੱਡੀ ਗਿਣਤੀ ਵਿੱਚ ਅਮਰਨਾਥ ਯਾਤਰਾ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, “ਮੈਂ ਸਾਰੇ ਸ਼ਰਧਾਲੂਆਂ ਨੂੰ ਇਸ ਪਵਿੱਤਰ ਯਾਤਰਾ ਵਿੱਚ ਹਿੱਸਾ ਲੈਣ ਅਤੇ ਜੰਮੂ-ਕਸ਼ਮੀਰ ਅਤੇ ਪੂਰੇ ਦੇਸ਼ ਦੀ ਤਰੱਕੀ ਲਈ ਭਗਵਾਨ ਸ਼ਿਵ ਅੱਗੇ ਪ੍ਰਾਰਥਨਾ ਕਰਨ ਦੀ ਅਪੀਲ ਕਰਦਾ ਹਾਂ।” ਉਨ੍ਹਾਂ ਦੱਸਿਆ ਕਿ ਸ਼ਰਾਈਨ ਬੋਰਡ (SASB) ਅਤੇ ਪ੍ਰਸ਼ਾਸਨ ਨੇ ਸ਼ਰਧਾਲੂਆਂ ਲਈ ਸਹੂਲਤਾਂ ‘ਚ ਸੁਧਾਰ ਕੀਤਾ ਹੈ।
ਇਸ ਦੇ ਨਾਲ ਹੀ, ਫੌਜ, ਜੰਮੂ-ਕਸ਼ਮੀਰ ਪੁਲਿਸ (JKP), CRPF ਅਤੇ ਹੋਰ ਬਲਾਂ ਨੇ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਇਸ ਤੋਂ ਪਹਿਲਾਂ, ਵਿਸ਼ਵ ਹਿੰਦੂ ਪ੍ਰੀਸ਼ਦ (VHP) ਨੇ ਤਵੀ ਨਦੀ ਦੇ ਕੰਢੇ ਪਹਿਲੀ ਪੂਜਾ ਕੀਤੀ। ਇਹ ਪੂਜਾ ਜੈਸ਼ਠ ਪੂਰਨਿਮਾ ਵਾਲੇ ਦਿਨ ਕੀਤੀ ਗਈ, ਜਿਸ ਨੂੰ ਅਮਰਨਾਥ ਯਾਤਰਾ ਦੀ ਰਵਾਇਤੀ ਸ਼ੁਰੂਆਤ ਮੰਨਿਆ ਜਾਂਦਾ ਹੈ।
ਕਦੋਂ ਸ਼ੁਰੂ ਹੋਵੇਗੀ ਯਾਤਰਾ
ਅਮਰਨਾਥ ਯਾਤਰਾ ਬਾਰੇ, ਸ਼ਰਾਈਨ ਬੋਰਡ ਦੇ ਚੇਅਰਮੈਨ ਅਤੇ ਉਪ ਰਾਜਪਾਲ ਮਨੋਜ ਸਿਨਹਾ ਨੇ ਕਿਹਾ ਕਿ ਜੈਸ਼ਠ ਪੂਰਨਿਮਾ ‘ਤੇ ਪਹਿਲੀ ਪੂਜਾ ਤੋਂ ਬਾਅਦ, ਯਾਤਰਾ ਨਾਲ ਸਬੰਧਤ ਪ੍ਰਕਿਰਿਆ ਤੇਜ਼ੀ ਨਾਲ ਸ਼ੁਰੂ ਹੋਵੇਗੀ। ਯਾਤਰਾ 3 ਜੁਲਾਈ ਤੋਂ ਸ਼ੁਰੂ ਹੋਵੇਗੀ ਅਤੇ 38 ਦਿਨਾਂ ਤੱਕ ਜਾਰੀ ਰਹੇਗੀ। ਅਮਰਨਾਥ ਯਾਤਰਾ 9 ਅਗਸਤ ਨੂੰ ਸਮਾਪਤ ਹੋਵੇਗੀ। ਪਿਛਲੇ ਸਾਲ, ਲਗਭਗ 5 ਲੱਖ ਲੋਕਾਂ ਨੇ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ ਸੀ। ਸੂਤਰਾਂ ਦੀ ਮੰਨੀਏ ਤਾਂ ਇਸ ਸਾਲ ਵੀ ਲਗਭਗ ਓਨੀ ਹੀ ਗਿਣਤੀ ਵਿੱਚ ਸ਼ਰਧਾਲੂ ਅਮਰਨਾਥ ਦੀ ਪਵਿੱਤਰ ਗੁਫਾ ਦੇ ਦਰਸ਼ਨ ਕਰਨ ਲਈ ਪਹੁੰਚ ਸਕਦੇ ਹਨ।
ਸੁਰੱਖਿਆ ਲਈ ਪੂਰੀਆਂ ਤਿਆਰੀਆਂ
ਅਮਰਨਾਥ ਯਾਤਰਾ ਲਈ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਇੱਕ ਉੱਚ ਪੱਧਰੀ ਮੀਟਿੰਗ ਵੀ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਊਧਮਪੁਰ ਦੇ ਐਸਐਸਪੀ ਅਮੋਦ ਅਸ਼ੋਕ ਨਾਗਪੁਰੇ (ਆਈਪੀਐਸ) ਨੇ ਕੀਤੀ। ਇਸ ਮੀਟਿੰਗ ਵਿੱਚ ਵਧੀਕ ਐਸਪੀ, ਐਸਡੀਪੀਓ, ਡੀਐਸਪੀ, ਊਧਮਪੁਰ, ਮਜਲਤਾ, ਰਹਿੰਬਲ ਅਤੇ ਚੇਨਾਨੀ ਪੁਲਿਸ ਸਟੇਸ਼ਨ ਦੇ ਇੰਚਾਰਜ ਅਤੇ ਯਾਤਰਾ ਪ੍ਰਬੰਧਨ ਨਾਲ ਸਬੰਧਤ ਹੋਰ ਅਧਿਕਾਰੀ ਸ਼ਾਮਲ ਹੋਏ।
ਬਾਬਾ ਅਮਰਨਾਥ ਨਾਲ ਸਬੰਧਤ ਧਾਰਮਿਕ ਵਿਸ਼ਵਾਸ
ਅਮਰਨਾਥ ਵਿੱਚ ਸਥਿਤ ਬਾਬਾ ਬਰਫਾਨੀ ਦੀ ਪਵਿੱਤਰ ਗੁਫਾ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਇੱਥੇ ਭਗਵਾਨ ਸ਼ਿਵ ਨੇ ਮਾਤਾ ਪਾਰਵਤੀ ਨੂੰ ਅਮਰ ਹੋਣ ਦਾ ਰਾਜ਼ ਦੱਸਿਆ ਸੀ। ਇਸ ਲਈ ਇਸ ਪਵਿੱਤਰ ਸਥਾਨ ਦਾ ਨਾਮ ਅਮਰਨਾਥ ਰੱਖਿਆ ਗਿਆ। ਇੱਥੇ ਦੋ ਕਬੂਤਰਾਂ ਨੇ ਅਮਰ ਕਹਾਣੀ ਵੀ ਸੁਣੀ ਅਤੇ ਕਿਹਾ ਜਾਂਦਾ ਹੈ ਕਿ ਉਹ ਵੀ ਅਮਰ ਹੋ ਗਏ। ਪੁਰਾਣਾਂ ਵਿੱਚ ਜ਼ਿਕਰ ਹੈ ਕਿ ਅਮਰਨਾਥ ਵਿੱਚ ਬਾਬਾ ਬਰਫਾਨੀ ਦੇ ਦਰਸ਼ਨ ਕਰਨ ਨਾਲ, ਕਾਸ਼ੀ ਵਿੱਚ ਭਗਵਾਨ ਸ਼ਿਵ ਦੇ ਦਰਸ਼ਨ ਕਰਨ ਨਾਲੋਂ ਦਸ ਗੁਣਾ ਜ਼ਿਆਦਾ ਪੁੰਨ ਅਤੇ ਪ੍ਰਯਾਗ ਵਿੱਚ ਭੋਲੇ ਬਾਬਾ ਦੇ ਦਰਸ਼ਨ ਕਰਨ ਨਾਲੋਂ ਸੌ ਗੁਣਾ ਜ਼ਿਆਦਾ ਪੁੰਨ ਮਿਲਦਾ ਹੈ। ਹਿੰਦੂ ਮਾਨਤਾਵਾਂ ਅਨੁਸਾਰ, ਬਾਬਾ ਬਰਫਾਨੀ ਦੇ ਦਰਸ਼ਨ ਕਰਨ ਨਾਲ ਵਿਅਕਤੀ ਨੂੰ ਮੁਕਤੀ ਮਿਲਦੀ ਹੈ।