‘Operation Sindhu: ਈਰਾਨ ਵਿੱਚ ਫਸੇ 110 ਭਾਰਤੀ ਵਿਦਿਆਰਥੀ ਸੁਰੱਖਿਅਤ ਵਾਪਸ ਆ ਗਏ ਹਨ। ਇਨ੍ਹਾਂ ਚੋਂ ਜ਼ਿਆਦਾਤਰ ਜੰਮੂ-ਕਸ਼ਮੀਰ ਤੋਂ ਹਨ। ਈਰਾਨ ਵਿੱਚ ਫਸੇ ਲੋਕਾਂ ਨੂੰ ਕੱਢਣ ਲਈ ‘ਆਪ੍ਰੇਸ਼ਨ ਸਿੰਧੂ’ ਸ਼ੁਰੂ ਕੀਤਾ ਗਿਆ।
110 Indians Evacuated from Iran: ਈਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ ਦੇ ਮੱਦੇਨਜ਼ਰ, ਭਾਰਤ ਸਰਕਾਰ ਨੇ ਈਰਾਨ ਵਿੱਚ ਫਸੇ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਲਈ ‘ਆਪ੍ਰੇਸ਼ਨ ਸਿੰਧੂ’ ਸ਼ੁਰੂ ਕੀਤਾ। ਇਸ ਦੌਰਾਨ ਈਰਾਨ ‘ਚ ਫਸੇ 110 ਭਾਰਤੀ ਵਿਦਿਆਰਥੀਆਂ ਦਾ ਪਹਿਲਾ ਜੱਥਾ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੇ। ਇਨ੍ਹਾਂ ਚੋਂ ਜ਼ਿਆਦਾਤਰ ਵਿਦਿਆਰਥੀ ਜੰਮੂ-ਕਸ਼ਮੀਰ ਤੋਂ ਹਨ। ਇਹ ਵਿਦਿਆਰਥੀ ਉਰਮੀਆ ਮੈਡੀਕਲ ਯੂਨੀਵਰਸਿਟੀ ਦੇ ਹਨ।
ਵਿਦਿਆਰਥੀਆਂ ਨੇ ਬੁੱਧਵਾਰ ਦੇਰ ਸ਼ਾਮ ਅਰਮੀਨੀਆ ਅਤੇ ਦੋਹਾ ਹੁੰਦੇ ਹੋਏ ਦਿੱਲੀ ਲਈ ਉਡਾਣ ਭਰਨੀ ਸੀ। ਉਨ੍ਹਾਂ ਦੀ ਉਡਾਣ ਵੀ ਲਗਭਗ 3 ਘੰਟੇ ਦੇਰੀ ਨਾਲ ਪਹੁੰਚੀ। ਸਰਕਾਰ ਦੇ ਇਸ ਵਿਸ਼ੇਸ਼ ਕਾਰਜ ਤਹਿਤ, ਈਰਾਨ ਦੇ ਉੱਤਰੀ ਹਿੱਸੇ ਵਿੱਚ ਫਸੇ 110 ਭਾਰਤੀ ਵਿਦਿਆਰਥੀਆਂ ਨੂੰ 17 ਜੂਨ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਇਨ੍ਹਾਂ ਵਿਦਿਆਰਥੀਆਂ ਨੂੰ ਭਾਰਤੀ ਦੂਤਾਵਾਸ ਦੀ ਨਿਗਰਾਨੀ ਹੇਠ ਸੜਕ ਰਾਹੀਂ ਈਰਾਨ ਤੋਂ ਅਰਮੀਨੀਆ ਦੀ ਰਾਜਧਾਨੀ ਯੇਰੇਵਨ ਲਿਜਾਇਆ ਗਿਆ ਸੀ। ਉਹ ਇਸ ਰਸਤੇ ਰਾਹੀਂ ਦਿੱਲੀ ਆਏ।
ਭਾਰਤੀ ਦੂਤਾਵਾਸ ਆਪਣੇ ਨਾਗਰਿਕਾਂ ਲਈ ਲਗਾਤਾਰ ਕਰ ਰਿਹਾ ਕੋਸ਼ਿਸ਼ਾਂ
ਸਾਰੇ ਵਿਦਿਆਰਥੀ ਬੁੱਧਵਾਰ ਦੁਪਹਿਰ 2:55 ਵਜੇ ਵਿਸ਼ੇਸ਼ ਉਡਾਣ ਰਾਹੀਂ ਭਾਰਤ ਲਈ ਰਵਾਨਾ ਹੋਏ ਅਤੇ ਵੀਰਵਾਰ ਸਵੇਰੇ ਨਵੀਂ ਦਿੱਲੀ ਪਹੁੰਚੇ। ਇਹ ਆਪ੍ਰੇਸ਼ਨ ਸਿੰਧੂ ਦਾ ਪਹਿਲਾ ਪੜਾਅ ਹੈ। ਭਾਰਤ ਸਰਕਾਰ ਨੇ ਇਸ ਪੂਰੇ ਆਪ੍ਰੇਸ਼ਨ ਵਿੱਚ ਸਹਿਯੋਗ ਲਈ ਈਰਾਨ ਅਤੇ ਅਰਮੇਨੀਆ ਦੀਆਂ ਸਰਕਾਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਬਚਾਅ ਕਾਰਜ ਨੂੰ ਆਸਾਨ ਅਤੇ ਸੁਰੱਖਿਅਤ ਬਣਾਉਣ ਵਿੱਚ ਮਦਦ ਕੀਤੀ।
ਈਰਾਨ ਵਿੱਚ ਸਥਿਤੀ ਵਿਗੜਨ ਕਾਰਨ, ਭਾਰਤੀ ਦੂਤਾਵਾਸ ਜੰਗ ਪ੍ਰਭਾਵਿਤ ਖੇਤਰਾਂ ਤੋਂ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਖੇਤਰਾਂ ਵਿੱਚ ਭੇਜਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਨਾਲ ਹੀ, ਭਾਰਤ ਸਰਕਾਰ ਨੇ ਐਮਰਜੈਂਸੀ ਸੰਪਰਕ ਨੰਬਰ, ਵ੍ਹੱਟਸਐਪ ਨੰਬਰ ਅਤੇ ਈਮੇਲ ਆਈਡੀ ਜਾਰੀ ਕੀਤੇ ਹਨ, ਜਿੱਥੋਂ ਲੋਕ ਮਦਦ ਲੈ ਸਕਦੇ ਹਨ।
ਈਰਾਨ ਅਤੇ ਇਜ਼ਰਾਈਲ ਵਿਚਕਾਰ ਕਈ ਦਿਨਾਂ ਤੋਂ ਜੰਗ
ਈਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਬੁੱਧਵਾਰ ਨੂੰ ਇਜ਼ਰਾਈਲ ਨੇ ਦਾਅਵਾ ਕੀਤਾ ਕਿ ਉਸਦੀ ਹਵਾਈ ਸੈਨਾ ਨੇ 50 ਲੜਾਕੂ ਜਹਾਜ਼ ਭੇਜ ਕੇ ਈਰਾਨ ‘ਤੇ ਹਮਲਾ ਕੀਤਾ ਸੀ। ਉਸੇ ਸਮੇਂ, ਈਰਾਨ ਨੇ ਡਰੋਨ ਰਾਹੀਂ ਇਜ਼ਰਾਈਲ ‘ਤੇ ਹਮਲਾ ਕੀਤਾ।