Punjab News: ਬਾਰਿਸ਼ਾਂ ਦੇ ਦਿਨਾਂ ਵਿੱਚ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਦਾ ਖਦਸ਼ਾ ਬਣ ਜਾਂਦਾ ਹੈ ਜਿਸ ਵਿੱਚ ਮਲੇਰੀਆ, ਚਿਕਨ ਗੁਣੀਆਂ ਜਾਂ ਡੇਂਗੂ ਆਦਿ ਇਹਨਾਂ ਬਿਮਾਰੀਆਂ ਦਾ ਫੈਲਣ ਦਾ ਖਤਰਾ ਜਿਆਦਾ ਵਧਦਾ ਹੈ। ਜਿਸ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਲਗਾਤਾਰ ਚੌਕਸੀ ਵਰਤੀ ਜਾਂਦੀ ਹੈ। ਹਾਲਾਂਕਿ ਸਮੇਂ-ਸਮੇਂ ਤੇ ਲੋਕਾਂ ਨੂੰ ਡੇਂਗੂ ਤੋਂ ਬਚਣ ਲਈ ਜਾਗਰੂਕਤਾ ਕੈਂਪ ਲਗਾਏ ਜਾਂਦੇ ਹਨ ਅਤੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਂਦਾ ਹੈ।
ਫਰੀਦਕੋਟ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜਨਵਰੀ ਤੋਂ ਲੈ ਕੇ ਹੁਣ ਤੱਕ ਡੇਂਗੂ ਦੇ 22 ਪੀੜਿਤ ਮਰੀਜ਼ ਸਾਹਮਣੇ ਆਏ ਸਨ ਜਿਨਾਂ ਦਾ ਇਲਾਜ ਸਹੀ ਤਰੀਕੇ ਨਾਲ ਹੋਣ ਤੋਂ ਬਾਅਦ ਉਹ ਸਿਹਤਯਾਬ ਹੋਣ ਤੋਂ ਬਾਅਦ ਆਪਣੇ ਘਰਾਂ ਵਿੱਚ ਜਾ ਚੁੱਕੇ ਹਨ ਇਹਨਾਂ ਵਿੱਚੋਂ ਕਈ ਮਰੀਜ਼ਾਂ ਦਾ ਇਲਾਜ ਘਰ ਵਿੱਚ ਹੀ ਕੀਤਾ ਗਿਆ ਸੀ ਜਿਨਾਂ ਨੂੰ ਸਿਰਫ ਹਸਪਤਾਲ ਤੋਂ ਦਵਾਈ ਹੀ ਲੈਣੀ ਪੈਂਦੀ ਸੀ ਜਿਸ ਤੋਂ ਬਾਅਦ ਘਰ ਵਿੱਚ ਰਹਿ ਕੇ ਹੀ ਉਹ ਸਿਹਤਯਾਬ ਹੋ ਰਹੇ ਸਨ।
ਫਰੀਦਕੋਟ ਜ਼ਿਲ੍ਹੇ ਵਿੱਚ ਡੇਂਗੂ ਦੇ ਅੰਕੜਿਆਂ ਸਬੰਧੀ ਗੱਲ ਕਰਦੇ ਹੋਏ ਚੀਫ ਮੈਡੀਕਲ ਅਫਸਰ ਡਾਕਟਰ ਪਰਮਜੀਤ ਬਰਾੜ ਨੇ ਦੱਸਿਆ ਕਿ ਜਨਵਰੀ ਤੋਂ ਲੈ ਕੇ ਹੁਣ ਤੱਕ ਸਾਡੇ ਕੋਲੇ ਪੂਰੇ ਜਿਲ੍ਹੇ ਅੰਦਰ ਮਹਿਜ 22 ਮਰੀਜ਼ ਸਾਹਮਣੇ ਆਏ ਸਨ ਜਿਨਾਂ ਦੀ ਹਾਲਤ ਵੀ ਕੋਈ ਜਿਆਦਾ ਖਰਾਬ ਨਹੀਂ ਸੀ ਜਿਨਾਂ ਨੂੰ ਦਵਾਈ ਦੇਣ ਤੋਂ ਬਾਅਦ ਉਹਨਾਂ ਨੂੰ ਘਰ ਵਿੱਚ ਹੀ ਇਲਾਜ ਕਰਨ ਲਈ ਪ੍ਰੇਰਿਤ ਕੀਤਾ ਗਿਆ ਸੀ।
ਜੂਨ ਦੇ ਮਹੀਨੇ ਸੂਚਨਾ ਮਿਲੀ ਸੀ ਕਿ ਇੱਕ ਡੇਂਗੂ ਨਾਲ ਪੀੜਿਤ ਮਰੀਜ਼ ਦੀ ਮੌਤ ਹੋ ਗਈ ਜੋ ਕਿ ਫਰੀਦਕੋਟ ਦੇ ਕਿਸੇ ਹਸਪਤਾਲ ਵਿੱਚ ਇਲਾਜ ਲਈ ਨਹੀ ਆਇਆ ਸੀ ਬਲਕਿ ਆਪਣਾ ਇਲਾਜ ਕਰਾਉਣ ਲਈ ਡੀਐਮਸੀ ਲੁਧਿਆਣਾ ਵਿਖੇ ਦਾਖਲ ਹੋਇਆ ਸੀ ਜਿੱਥੇ ਉਸਦੀ ਮੌਤ ਹੋਣ ਦੀ ਸੂਚਨਾ ਮਿਲੀ ਸੀ ਫਿਰ ਵੀ ਹਾਲੇ ਉਸਦੀ ਆਖਰੀ ਰਿਪੋਰਟ ਮਿਲਣੀ ਬਾਕੀ ਹੈ ਕਿ ਉਸਦੀ ਮੌਤ ਦੀ ਵਜਹਾ ਡੇਂਗੂ ਹੈ ਜਾਂ ਕਿਸੇ ਹੋਰ ਬਿਮਾਰੀ ਕਾਰਨ ਉਸ ਦੀ ਮੌਤ ਹੋਈ ਹੈ।
ਉਹਨਾਂ ਦੱਸਿਆ ਕਿ ਜੂਨ ਜੁਲਾਈ ਤੋਂ ਲੈ ਕੇ ਸਤੰਬਰ ਮਹੀਨੇ ਤੱਕ ਡੇਂਗੂ ਦੇ ਫੈਲਣ ਦਾ ਖਦਸ਼ਾ ਜਿਆਦਾ ਬਣਿਆ ਰਹਿੰਦਾ ਹੈ ਅਤੇ ਦਿਨ ਵੇਲੇ ਹੀ ਡੇਂਗੂ ਮੱਛਰ ਲੋਕਾਂ ਨੂੰ ਕੱਟਦਾ ਹੈ ਅਤੇ ਇਸ ਤੋਂ ਬਚਾਅ ਲਈ ਲੋਕਾਂ ਨੂੰ ਪੂਰੇ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ ਨਾਲ ਹੀ ਆਪਣੇ ਆਸ ਪਾਸ ਖੜੇ ਪਾਣੀ ਨੂੰ ਤੁਰੰਤ ਖਾਲੀ ਕਰਨਾ ਜਰੂਰੀ ਹੈ।
ਉਹਨਾਂ ਦੱਸਿਆ ਕਿ ਡੇਂਗੂ ਦਾ ਲਾਰਵਾ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ ਅਤੇ ਸਾਡੇ ਵੱਲੋਂ ‘ਫਰਾਈਡੇ ਇਜ ਦਾ ਡਰਾਈ ਡੇ’ ਦਾ ਨਾਅਰਾ ਦਿੱਤਾ ਗਿਆ ਜਿਸ ਤਹਿਤ ਹਫਤੇ ਵਿੱਚ ਇੱਕ ਵਾਰ ਆਪਣੇ ਆਸ ਪਾਸ ਦੇ ਕਈ ਉਪਕਰਨਾਂ ਵਿੱਚ ਖੜੇ ਪਾਣੀ ਨੂੰ ਖਾਲੀ ਕਰਨਾ ਜਰੂਰੀ ਹੈ ਚਾਹੇ ਉਹ ਫਰਿਜ ਹੋਵੇ ਜਾਂ ਕੂਲਰ ਹੋਵੇ ਜਾਂ ਆਸ ਪਾਸ ਕੋਈ ਪੁਰਾਣੀ ਚੀਜ਼ ਜਿਸ ਵਿੱਚ ਪਾਣੀ ਜਮਾ ਹੋਵੇ ਉਸ ਨੂੰ ਖਾਲੀ ਕਰਨਾ ਜਰੂਰੀ ਹੈ। ਉਹਨਾਂ ਦੱਸਿਆ ਕਿ ਸਮੇਂ-ਸਮੇਂ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਕੈਂਪ ਲਗਾਏ ਜਾਂਦੇ ਹਨ ਤਾਂ ਜੋ ਡੇਂਗੂ ਵਰਗੀ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕੇ।