Punjab News; ਅੰਮ੍ਰਿਤਸਰ ਦੇ ਚਾਟੀਵਿੰਡ ਥਾਣਾ ਅਧੀਨ ਪੈਂਦੇ ਇੱਕ ਪਿੰਡ ਦੀ ਨਾਬਾਲਿਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਫਰਾਰ ਕਰਵਾਉਣ ਦੇ ਮਾਮਲੇ ‘ਚ ਪਰਿਵਾਰ ਨੇ ਪੁਲਿਸ ਉਤੇ ਲਾਪਰਵਾਹੀ ਦੇ ਗੰਭੀਰ ਦੋਸ਼ ਲਾਏ ਹਨ। ਲੜਕੀ ਦੀ ਮਾਂ ਅਤੇ ਪਿੰਡ ਦੇ ਮੋਹਤਬਰ ਲੋਕਾਂ ਨੇ ਥਾਣੇ ਦੇ ਬਾਹਰ ਰੋਸ ਪਰਗਟ ਕਰਦਿਆਂ ਇਨਸਾਫ ਦੀ ਮੰਗ ਕਰ ਰਹੇ ਹਨ।
ਜਾਣਕਾਰੀ ਮੁਤਾਬਿਕ 11ਵੀਂ ਕਲਾਸ ਵਿੱਚ ਪੜ੍ਹ ਰਹੀ ਲੜਕੀ ਨੂੰ ਇਕ ਨੌਜਵਾਨ ਵਿਆਹ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਿਆ। ਲੜਕੀ ਦੀ ਮਾਂ ਸੰਦੀਪ ਕੌਰ, ਜੋ ਕਿ ਵਿਧਵਾ ਹੈ, ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕੇ ਇਹ ਮਾਮਲਾ 8 ਮਈ 2025 ਨੂੰ ਪੁਲਿਸ ਕੋਲ ਦਰਜ ਕਰਵਾਇਆ ਗਿਆ ਸੀ , ਪਰ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕੇ ਜਦ ਵੀ ਉਹ ਥਾਣੇ ਜਾਂਦੀ ਹੈ, ਪੁਲਿਸ ਵੱਲੋਂ ਤਣਾਅ ਦਿੱਤਾ ਜਾਂਦਾ ਹੈ ਅਤੇ ਬਿਆਨ ਲਿਖਣ ਦੀ ਥਾਂ ਉਲਟ ਉਹਨਾਂ ਨੂੰ ਝਾੜ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕੇ ਮੁੰਡਾ ਨਿੱਕੀ ਪੱਤੀ ਇਲਾਕੇ ਦਾ ਵਸਨੀਕ ਹੈ ਅਤੇ ਉਸਦੇ ਪਰਿਵਾਰ ਵੱਲੋਂ ਵੀ ਸਾਡੇ ਤੇ ਦਬਾਅ ਪਾਇਆ ਜਾ ਰਿਹਾ ਕਿ ਪਰਚਾ ਵਾਪਸ ਲਿਆ ਜਾਵੇ।
ਇਸ ਦੌਰਾਨ ਪਿੰਡ ਦੇ ਸਾਬਕਾ ਸਰਪੰਚ ਬਲਦੇਵ ਸਿੰਘ ਵਰਪਾਲ ਨੇ ਵੀ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਲੜਕੀ ਦੀ ਮਾਂ ਚਾਰ ਮਹੀਨੇ ਤੋਂ ਧੱਕੇ ਖਾ ਰਹੀ ਹੈ ਪਰ ਨਾਂ ਪੁਲਿਸ ਸੁਣ ਰਹੀ ਹੈ, ਨਾਂ ਪ੍ਰਸ਼ਾਸਨ। ਉਨ੍ਹਾਂ ਦੱਸਿਆ ਕਿ ਇੱਕ ਔਰਤ ਹੋ ਕੇ ਵੀ SHO ਇਸ ਮਾਮਲੇ ‘ਚ ਦਿਲਚਸਪੀ ਨਹੀਂ ਲੈ ਰਹੀ, ਜੋ ਕਿ ਮਾੜੀ ਗੱਲ ਹੈ। ਮੋਹਤਬਾਰਾਂ ਨੇ ਸਿਧੀ ਮੰਗ ਕੀਤੀ ਕਿ ਲੜਕੀ ਨੂੰ ਘਰ ਵਾਪਸ ਲਿਆਂਦੇ ਜਾਵੇ ਅਤੇ ਦੋਸ਼ੀਆਂ ਖ਼ਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਦ ਤੱਕ ਇਨਸਾਫ ਨਹੀਂ ਮਿਲਦਾ, ਉਹ ਆਪਣੀ ਆਵਾਜ਼ ਉਠਾਉਂਦੇ ਰਹਿਣਗੇ।
ਇਸ ਮਾਮਲੇ ਵਿੱਚ ਥਾਣਾ ਚਾਟੀਵਿੰਡ ਦੇ SHO ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ। ਬੰਦ ਕੈਮਰੇ ‘ਚ SHO ਨੇ ਸਿਰਫ ਇੰਨਾ ਕਿਹਾ ਕਿ ਮਾਮਲਾ 8 ਮਈ ਨੂੰ ਬੀਐਨਐਸ ਦੀ ਧਾਰਾ 137(2) ਅਤੇ 87 ਦੇ ਤਹਿਤ ਦਰਜ ਕੀਤਾ ਗਿਆ ਹੈ, ਅਤੇ ਉਹ ਮੀਡੀਆ ਨੂੰ ਹੋਰ ਕੋਈ ਵੀ ਜਾਣਕਾਰੀ ਨਹੀਂ ਦੇਣਗੇ।