Punjab News: ਮੋਗਾ ਜ਼ਿਲ੍ਹਾ ਪੁਲਿਸ ਵਲੋਂ ਨਸ਼ੇ ਖ਼ਿਲਾਫ਼ ਚਲਾਈ ਜਾ ਰਹੀ “ਯੁੱਧ ਨਸ਼ਿਆਂ ਦੇ ਖ਼ਿਲਾਫ਼ ਮੁਹਿੰਮ” ਹੇਠ ਇੱਕ ਵੱਡੀ ਸਫਲਤਾ ਮਿਲੀ ਹੈ। ਵਿਧਾਨ ਸਭਾ ਹਲਕਾ ਬਾਘਾਪੁਰਾਣਾ ਦੇ ਅਧੀਨ ਆਉਂਦੇ ਕਸਬਾ ਸਮਲਸਰ ‘ਚ ਨਾਕਾਬੰਦੀ ਦੌਰਾਨ ਪੁਲਿਸ ਨੇ 500 Tramadol 100mg ਗੋਲੀਆਂ ਸਮੇਤ ਇੱਕ ਆਰੋਪੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਨੂੰ ਵੇਖ ਲਫਾਫਾ ਸੁੱਟਣ ਦੀ ਕੋਸ਼ਿਸ਼
ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਨਾਕਾਬੰਦੀ ਦੌਰਾਨ ਗੁਰਚਰਨ ਸਿੰਘ ਉਰਫ਼ ਚਰਨੇ ਨਾਂ ਦੇ ਵਿਅਕਤੀ ਨੂੰ ਜਾਂਚ ਲਈ ਰੋਕਿਆ ਗਿਆ। ਇਸ ਦੌਰਾਨ ਉਸ ਕੋਲ ਇੱਕ ਕਾਲਾ ਰੰਗ ਦਾ ਮੋਮਜਾਮੇ ਵਾਲਾ ਲਫਾਫਾ ਸੀ, ਜਿਸ ਨੂੰ ਉਹ ਪੁਲਿਸ ਨੂੰ ਵੇਖ ਕੇ ਸੁੱਟਣ ਦੀ ਕੋਸ਼ਿਸ਼ ਕਰ ਰਿਹਾ ਸੀ।
ਜਦੋਂ ਪੁਲਿਸ ਨੇ ਲਫਾਫੇ ਦੀ ਜਾਂਚ ਕੀਤੀ, ਤਾਂ ਉਸ ਵਿਚੋਂ 500 ਗੋਲੀਆਂ Tramadol 100mg ਦੀ ਬਰਾਮਦਗੀ ਹੋਈ। ਦੱਸਣਯੋਗ ਹੈ ਕਿ ਇਹ ਗੋਲੀਆਂ ਪੰਜਾਬ ਵਿੱਚ ਬੈਨ ਕੀਤੀਆਂ ਗਈਆਂ ਹਨ।
ਆਰੋਪੀ ਵਿਰੁੱਧ ਮਾਮਲਾ ਦਰਜ, ਪੁਛਗਿੱਛ ਜਾਰੀ
ਪੁਲਿਸ ਨੇ ਤੁਰੰਤ ਗੁਰਚਰਨ ਸਿੰਘ ਵਿਰੁੱਧ ਨਸ਼ਾ ਨਿਯੰਤਰਣ ਕਾਨੂੰਨ (NDPS Act) ਹੇਠ ਮਾਮਲਾ ਦਰਜ ਕਰ ਲਿਆ ਹੈ। ਡੀ.ਐਸ.ਪੀ. ਦਲਬੀਰ ਸਿੰਘ ਨੇ ਦੱਸਿਆ ਕਿ ਆਰੋਪੀ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਰਿਮਾਂਡ ਦੌਰਾਨ ਬੈਕਵਰਡ (ਸਪਲਾਇਰ) ਅਤੇ ਫਾਰਵਰਡ ਲਿੰਕ (ਖਰੀਦਦਾਰ) ਦੀ ਪੜਤਾਲ ਕੀਤੀ ਜਾਵੇਗੀ, ਤਾਂ ਜੋ ਨਸ਼ਾ ਚੱਕਰ ਦੇ ਹੋਰ ਕੜੀਆਂ ਤਕ ਪੁੱਜਿਆ ਜਾ ਸਕੇ।