Beas River Flood Alert– ਪੌਂਗ ਡੈਮ ਵਿੱਚ ਪਾਣੀ ਦੀ ਪੱਧਰ ਵਧਣ ਕਾਰਨ ਬਿਆਸ ਦਰਿਆ ‘ਚ ਪਾਣੀ ਛੱਡਣ ਦੀ ਸੰਭਾਵਨਾ ਨੇ ਮੰਡ ਖੇਤਰ ਦੇ ਕਿਸਾਨਾਂ ਤੇ ਆਬਾਦੀ ਦੀ ਨੀਂਦ ਉਡਾ ਦਿੱਤੀ ਹੈ। ਹੜ੍ਹ ਦੇ ਆਸੰਕੇਤ ਖਤਰੇ ਤੋਂ ਬਾਅਦ ਲੋਕਾਂ ਨੇ ਟਰਾਲੀਆਂ ‘ਚ ਸਮਾਨ ਲੱਦਣਾ ਸ਼ੁਰੂ ਕਰ ਦਿੱਤਾ ਹੈ। ਲੋਕ ਆਪਣੇ ਘਰ ਖਾਲੀ ਕਰ ਰਹੇ ਹਨ ਅਤੇ ਪਸ਼ੂਆਂ ਸਮੇਤ ਸੁਰੱਖਿਅਤ ਥਾਵਾਂ ਵੱਲ ਪਲਾਇਨ ਕਰ ਰਹੇ ਹਨ।
10 ਹਜ਼ਾਰ ਏਕੜ ਤੋਂ ਵੱਧ ਫਸਲ ਹੋ ਸਕਦੀ ਹੈ ਨਸ਼ਟ
ਕਿਸਾਨਾਂ ਨੇ ਦੱਸਿਆ ਕਿ ਜੇਕਰ ਹੜ੍ਹ ਆਈ ਤਾਂ ਲਗਭਗ 40 ਤੋਂ 50 ਪਿੰਡ ਇਸ ਦੀ ਚਪੇਟ ਵਿੱਚ ਆ ਸਕਦੇ ਹਨ। ਇਲਾਕੇ ‘ਚ ਲੱਗੀ 10 ਹਜ਼ਾਰ ਏਕੜ ਤਕ ਫਸਲ ਨਸ਼ਟ ਹੋਣ ਦਾ ਖਤਰਾ ਹੈ। ਰਾਜਾ ਮੰਡ, ਰਾੜਾ ਮੰਡ ਅਤੇ ਹੋਰ ਪਿੰਡਾਂ ਦੇ ਰਹਿਣ ਵਾਲਿਆਂ ਨੇ ਕਿਹਾ ਕਿ ਉਹ ਹਰ ਸਾਲ ਹੜ੍ਹ ਦਾ ਸਾਹਮਣਾ ਕਰਦੇ ਹਨ, ਪਰ ਸਰਕਾਰ ਵੱਲੋਂ ਕੋਈ ਟਿਕਾਊ ਹੱਲ ਨਹੀਂ ਕੀਤਾ ਗਿਆ।
ਪਿੰਡ ਰਾੜਾ ਮੰਡ ਦੀ ਰਹਿਣ ਵਾਲੀ ਰੇਸ਼ਮਾ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਪੁਲ ਹੇਠਲੇ ਘਰਾਂ ਵਿੱਚ ਵੱਸਦਾ ਹੈ। “ਜਦ ਵੀ ਪਾਣੀ ਆਉਂਦਾ ਹੈ, ਅਸੀਂ ਸਾਰਾ ਸਮਾਨ ਚੁੱਕ ਕੇ ਜਾਨਵਰਾਂ ਸਮੇਤ ਕਿਸੇ ਸੁਰੱਖਿਅਤ ਥਾਂ ਚਲੇ ਜਾਂਦੇ ਹਾਂ। ਘਰ ਖੁੱਲ੍ਹਾ ਛੱਡਣਾ ਪੈਂਦਾ ਹੈ। ਹੁਣ ਫਿਰ ਵਧਦੇ ਪਾਣੀ ਕਾਰਨ ਅਸੀਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ,” ਉਨ੍ਹਾਂ ਕਿਹਾ।
ਮੁਹੰਮਦ ਸ਼ਫੀ ਨੇ ਦੱਸਿਆ ਕਿ ਜੇ ਪੌਂਗ ਡੈਮ ਤੋਂ ਸ਼ਾਮ ਨੂੰ ਪਾਣੀ ਛੱਡਿਆ ਜਾਂਦਾ ਹੈ, ਤਾਂ ਵੱਡਾ ਨੁਕਸਾਨ ਹੋ ਸਕਦਾ ਹੈ। “2023 ਦੀ ਹੜ੍ਹ ਵਿੱਚ ਜੋ ਨੁਕਸਾਨ ਹੋਇਆ ਸੀ, ਅਸੀਂ ਅਜੇ ਤਕ ਉਸ ਦਾ ਮੁਆਵਜ਼ਾ ਨਹੀਂ ਲੈ ਸਕੇ। ਹੁਣ ਹਾਲਾਤ ਮੁੜ ਓਸੇ ਪਾਸੇ ਵਧ ਰਹੇ ਹਨ।”
ਸੁਲਤਾਨਪੁਰ ਲੋਧੀ ਵਿੱਚ ਵੀ ਹੜ੍ਹ ਦਾ ਖਤਰਾ
ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ‘ਚ ਵੀ ਬਿਆਸ ਦਰਿਆ ਦੇ ਕੰਢੇ ਵੱਸਦੇ ਪਿੰਡ ਹੜ੍ਹ ਦੇ ਖਤਰੇ ਹੇਠ ਆ ਗਏ ਹਨ। ਕਿਸਾਨਾਂ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਤੌਰ ‘ਤੇ ਆਰਜ਼ੀ ਬੰਨ ਬਣਾਏ ਹੋਏ ਹਨ ਜੋ ਹੁਣ ਕਮਜ਼ੋਰ ਹੋਣ ਲੱਗੇ ਹਨ। “ਸਰਕਾਰ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ, ਅਸੀਂ ਆਪਣੇ ਪੈਸੇ ਇਕੱਠੇ ਕਰਕੇ ਬੰਨ ਬਚਾ ਰਹੇ ਹਾਂ।”
ਪ੍ਰਸ਼ਾਸਨ ਤੇ ਸਰਕਾਰ ਅੱਗੇ ਫ਼ਰਿਆਦ
ਮੰਡ ਖੇਤਰ ਦੇ ਲੋਕਾਂ ਵੱਲੋਂ ਲਗਾਤਾਰ ਪ੍ਰਸ਼ਾਸਨ ਅਤੇ ਸਰਕਾਰ ਅੱਗੇ ਗੁਹਾਰ ਲਗਾਈ ਜਾ ਰਹੀ ਹੈ ਕਿ ਉਨ੍ਹਾਂ ਨੂੰ ਭਵਿੱਖ ਦੀ ਮੁਸੀਬਤ ਤੋਂ ਬਚਾਇਆ ਜਾਵੇ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਫਸਲ, ਘਰ, ਅਤੇ ਜਾਨਵਰ — ਸਭ ਕੁਝ ਖਤਰੇ ‘ਚ ਨਾ ਪਏ।