Fazilka News: ਪਿੰਡਵਾਸੀਆਂ ਨੇ ਦੱਸਿਆ ਕਿ ਬੀਤੀ ਰਾਤ ਤੋਂ ਇੱਥੇ ਵਗਦੇ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਉਨ੍ਹਾਂ ਦੇ ਪਿੰਡ ਅਤੇ ਆਸ ਪਾਸ ਦੀ ਕਰੀਬ 150 ਏਕੜ ਝੋਨੇ ਦੀ ਫਸਲ ਵਿੱਚ ਪਾਣੀ ਵੜ੍ਹ ਗਿਆ।
Sutlej River Over Flow: ਸਤਲੁਜ ਦਰਿਆ ‘ਚ ਲਗਾਤਾਰ ਵੱਧ ਰਹੇ ਪਾਣੀ ਦੇ ਪੱਧਰ ਕਾਰਨ ਫ਼ਾਜ਼ਿਲਕਾ ਦੇ ਸਰਹੱਦੀ ਇਲਾਕੇ ਜਲਮਗਨ ਹੋ ਗਏ ਹਨ। ਕਈ ਥਾਵਾਂ ‘ਤੇ ਝੋਨੇ ਦੀ ਫਸਲ ਪਾਣੀ ‘ਚ ਡੁੱਬ ਗਈ ਹੈ। ਪਿੰਡ ਰੇਤੇ ਵਾਲੀ ਭੈਣੀ, ਢਾਣੀ ਸੱਦਾ ਸਿੰਘ ਅਤੇ ਆਸ ਪਾਸ ਦੇ ਨੀਵੇਂ ਇਲਾਕਿਆਂ ਵਿੱਚ ਕਰੀਬ 150 ਏਕੜ ਝੋਨੇ ਦੀ ਫਸਲ ਜਲਮਗਨ ਹੋ ਗਈ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਥਾਵਾਂ ‘ਤੇ ਝੋਨੇ ਦੇ ਨਾਲ ਹੋਰ ਫ਼ਸਲਾਂ ਪਾਣੀ ਦੀ ਮਾਰ ‘ਚ ਆ ਗਈਆਂ ਹਨ।
ਹੜ੍ਹਾਂ ਦੇ ਵੱਧ ਰਹੇ ਖ਼ਤਰੇ ਦੌਰਾਨ ਨਹੀਂ ਪਹੁੰਚ ਰਹੇ ਅਧਿਕਾਰੀ
ਇਸ ਤੋਂ ਇਲਾਵਾ ਇਲਾਕੇ ਦੇ ਬਾਕੀ ਪਿੰਡਾਂ ਵਲ੍ਹੇ ਸ਼ਾਹ ਹਿਥਾੜ, ਝੰਗੜ ਭੈਣੀ, ਦੋਨਾਂ ਨਾਨਕਾ, ਮਹਾਤਮ ਨਗਰ, ਤੇਜਾ ਰੁਹੇਲਾ ਆਦਿ ਪਿੰਡਾਂ ਵਿੱਚ ਹੜ੍ਹ ਦਾ ਖ਼ਤਰਾ ਵੱਧ ਗਿਆ ਹੈ। ਇਸ ਦੇ ਨਾਲ ਲੋਕਾਂ ਦੇ ਮਕਾਨਾਂ ਨੂੰ ਨੁਕਸਾਨ ਹੋਣ ਦਾ ਖ਼ਤਰਾ ਬਣ ਗਿਆ ਹੈ। ਹੜ੍ਹਾਂ ਦੇ ਵੱਧ ਰਹੇ ਖ਼ਤਰੇ ਦੌਰਾਨ ਲੋਕਾਂ ਵਿੱਚ ਇੱਥੇ ਕਿਸੇ ਵੀ ਅਧਿਕਾਰੀ ਦੇ ਮੌਕੇ ਤੇ ਨਾ ਪਹੁੰਚਣ ਕਾਰਨ ਵੀ ਰੋਸ ਪਾਇਆ ਜਾ ਰਿਹਾ ਹੈ।
ਪਿੰਡ ਰੇਤੇ ਵਾਲੀ ਭੈਣੀ ਨਿਵਾਸੀ ਇੰਦਰ ਸਿੰਘ, ਮਲਕੀਤ ਸਿੰਘ, ਪਿਆਰਾ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਬੀਤੀ ਰਾਤ ਤੋਂ ਇੱਥੇ ਵਗਦੇ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਉਨ੍ਹਾਂ ਦੇ ਪਿੰਡ ਅਤੇ ਆਸ ਪਾਸ ਦੀ ਕਰੀਬ 150 ਏਕੜ ਝੋਨੇ ਦੀ ਫਸਲ ਵਿੱਚ ਪਾਣੀ ਵੜ੍ਹ ਗਿਆ। ਇਸਦੇ ਬਾਵਜੂਦ ਨਾ ਤਾਂ ਕਿਸੇ ਅਧਿਕਾਰੀ ਵੱਲੋਂ ਉਨ੍ਹਾਂ ਨੂੰ ਹੜ੍ਹ ਨੂੰ ਲੈਕੇ ਕੋਈ ਸੂਚਨਾ ਦਿੱਤੀ ਗਈ ਤੇ ਨਾ ਹੀ ਕਿਸੇ ਨੇ ਉਨ੍ਹਾਂ ਦੀ ਕੋਈ ਸਾਰ ਲਈ ਹੈ। ਇਲਾਕੇ ਦੇ ਲੋਕ ਹੜ੍ਹ ਦੇ ਸੰਭਾਵਿਤ ਖਤਰੇ ਨੂੰ ਲੈਕੇ ਦੋਚਿੱਤੀ ‘ਚ ਹਨ।

ਲੋਕਾਂ ਦਾ ਸਰਕਾਰਾਂ ਖਿਲਾਫ਼ ਗੁੱਸਾ
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਾਲ 2023 ਵਿੱਚ ਆਏ ਹੜ੍ਹ ਨੇ ਇੱਥੇ ਭਾਰੀ ਤਬਾਹੀ ਮਚਾਈ ਸੀ। ਇਸ ਦੌਰਾਨ ਇਲਾਕੇ ਵਿੱਚ ਕਾਫੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਸੀ। ਜਿਸ ਤੋਂ ਬਾਅਦ ਕੁੱਝ ਲੋਕਾਂ ਨੂੰ ਤਾਂ ਫਸਲਾਂ ਅਤੇ ਮਕਾਨਾਂ ਦੇ ਨੁਕਸਾਨ ਦਾ ਮੁਆਵਜਾ ਵੀ ਨਹੀਂ ਮਿਲਿਆ। ਢਾਣੀ ਸੱਦਾ ਸਿੰਘ ਨਿਵਾਸੀ ਅਸ਼ੋਕ ਸਿੰਘ, ਮਿੰਦੋ ਬਾਈ ਅਤੇ ਹੋਰਨਾਂ ਨੇ ਦੱਸਿਆ ਕਿ ਜ਼ਮੀਨਾਂ ਕੱਚੀਆਂ ਹੋਣ ਕਾਰਨ ਸਾਲ 2023 ਵਿੱਚ ਆਏ ਹੜ੍ਹ ਤੋਂ ਬਾਅਦ ਵੀ ਇੱਥੋਂ ਦੇ ਕੁੱਝ ਕਿਸਾਨਾਂ ਦੀ ਕਰੀਬ 300 ਏਕੜ ਫ਼ਸਲ ਦਾ ਮੁਆਵਜ਼ਾ ਨਹੀਂ ਮਿਲਿਆ।
ਸਥਾਨਕ ਲੋਕਾਂ ‘ਚ ਸਰਕਾਰਾਂ ਖਿਲਾਫ਼ ਵੀ ਗੁੱਸਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਰ ਵਾਰ ਚੋਣਾਂ ਦੌਰਾਨ ਵੱਖ-ਵੱਖ ਪਾਰਟੀਆਂ ਦੇ ਆਗੂ ਉਨ੍ਹਾਂ ਦੀਆਂ ਸਾਰੀਆਂ ਮੁਸ਼ਕਿਲਾਂ ਦੇ ਹੱਲ ਦਾ ਭਰੌਸਾ ਦਿੰਦੇ ਹਨ ਤੇ ਵੋਟਾਂ ਲੈਕੇ ਚਲੇ ਜਾਂਦੇ ਹਨ। ਅਤੇ ਜਦੋਂ ਸੱਤਾ ਵਿੱਚ ਆਉਂਦੇ ਹਨ ਤਾਂ ਉਨ੍ਹਾਂ ਦੀ ਕੋਈ ਸਾਰ ਨਹੀਂ ਲੈਂਦਾ। ਲੋਕਾਂ ਨੇ ਕਿਹਾ ਕਿ ਉਨ੍ਹਾਂ ਦੇ ਇਲਾਕੇ ਵਿੱਚ ਹੁਣ ਤੱਕ ਜਿੰਨੇ ਵੀ ਵਿਕਾਸ ਦੇ ਕੰਮ ਕਰਵਾਏ ਗਏ ਉਹ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਹੋਏ। ਮੌਜੂਦਾ ਸਰਕਾਰ ਵੱਲੋਂ ਉਨ੍ਹਾਂ ਦੇ ਇਲਾਕੇ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਜਿਸ ਕਰਕੇ ਪਿੰਡ ਵਿਕਾਸ ਪੱਖੋਂ ਕਾਫੀ ਪੱਛੜ ਚੁੱਕੇ ਹਨ। ਹੁਣ ਲੋਕਾਂ ਨੇ ਮੁੱਖ ਮੰਤਰੀ ਮਾਨ ਤੋਂ ਉਨ੍ਹਾਂ ਦੀਆਂ ਜ਼ਮੀਨਾਂ ਨੂੰ ਪੱਕਾ ਕਰਨ ਤੋਂ ਇਲਾਵਾ ਇੱਥੋਂ ਦੇ ਲੋਕਾਂ ਦੀਆਂ ਸਾਰੀਆਂ ਮੁਸ਼ਕਿਲਾਂ ਨੂੰ ਜਲਦੀ ਹੱਲ ਕਰਨ ਦੀ ਮੰਗ ਕੀਤੀ ਹੈ।