ਪਾਕਿਸਤਾਨ ਫੌਜ ਮੁਖੀ ਫੀਲਡ ਮਾਰਸ਼ਲ ਸਈਦ ਅਸੀਮ ਮੁਨੀਰ ਨੇ ਅੱਜ ਇਹ ਕਿਹਾ ਕਿ ਭਾਰੀ ਹੜ੍ਹਾਂ ਨਾਲ ਪ੍ਰਭਾਵਿਤ ਦਰਬਾਰ ਸਾਹਿਬ, ਕਰਤਾਰਪੁਰ ਸਮੇਤ ਸਿੱਖ ਧਾਰਮਿਕ ਸਥਾਨਾਂ ਨੂੰ ਉਨ੍ਹਾਂ ਦੇ ਅਸਲ ਰੂਪ ਵਿੱਚ ਬਹਾਲ ਕੀਤਾ ਜਾਵੇਗਾ।
ਫੌਜ ਦੇ ਇੱਕ ਬਿਆਨ ਅਨੁਸਾਰ, ਫੌਜ ਮੁਖੀ ਨੇ ਹੜ੍ਹ ਦੀ ਸਥਿਤੀ ਅਤੇ ਚੱਲ ਰਹੇ ਬਚਾਅ ਅਤੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਸਿਆਲਕੋਟ ਸੈਕਟਰ, ਸ਼ਕਰਗੜ੍ਹ, ਨਾਰੋਵਾਲ ਅਤੇ ਕਰਤਾਰਪੁਰ ਸਮੇਤ ਪੰਜਾਬ ਸੂਬੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ।
ਪਾਕਿਸਤਾਨ ਦਾ ਸਭ ਤੋਂ ਵੱਡਾ ਸੂਬਾ, ਪੰਜਾਬ, ਲਗਭਗ ਇੱਕ ਹਫ਼ਤੇ ਤੋਂ ਭਿਆਨਕ ਹੜ੍ਹਾਂ ਦੀ ਮਾਰ ਹੇਠ ਹੈ। ਪਿਛਲੇ 24 ਘੰਟਿਆਂ ਵਿੱਚ ਘੱਟੋ-ਘੱਟ 22 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਸਿੱਖ ਪਵਿੱਤਰ ਸਥਾਨ ਕਰਤਾਰਪੁਰ ਸਮੇਤ ਸੂਬੇ ਭਰ ਦੇ ਘੱਟੋ-ਘੱਟ 1,700 ਪਿੰਡ ਡੁੱਬ ਗਏ ਹਨ।
ਮੁਨੀਰ ਨੇ ਇਲਾਕੇ ਦੇ ਪ੍ਰਭਾਵਿਤ ਸਿੱਖ ਭਾਈਚਾਰੇ ਨਾਲ ਗੱਲਬਾਤ ਕੀਤੀ ਅਤੇ “ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਹੜ੍ਹਾਂ ਦੌਰਾਨ ਪ੍ਰਭਾਵਿਤ ਦਰਬਾਰ ਸਾਹਿਬ, ਕਰਤਾਰਪੁਰ ਸਮੇਤ ਸਾਰੇ ਧਾਰਮਿਕ ਸਥਾਨਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰੀ ਤਰ੍ਹਾਂ ਉਨ੍ਹਾਂ ਦੀ ਅਸਲ ਸਥਿਤੀ ਵਿੱਚ ਮੁੜ ਸੁਰਜੀਤ ਕੀਤਾ ਜਾਵੇਗਾ।
ਸਿੱਖ ਭਾਈਚਾਰੇ ਨੇ ਸਿਆਲਕੋਟ ਸੈਕਟਰ ਵਿੱਚ COAS ਦਾ ਸਵਾਗਤ ਕੀਤਾ ਅਤੇ ਆਫ਼ਤ ਦੌਰਾਨ ਸਿਵਲ ਪ੍ਰਸ਼ਾਸਨ ਅਤੇ ਫੌਜ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਪਾਕਿਸਤਾਨ ਨੇ ਨਵੰਬਰ 2019 ਵਿੱਚ ਕਰਤਾਰਪੁਰ ਲਾਂਘਾ ਖੋਲ੍ਹਿਆ।
ਪਾਕਿਸਤਾਨ-ਭਾਰਤ ਸਰਹੱਦ ਤੋਂ ਲਗਭਗ 4.1 ਕਿਲੋਮੀਟਰ ਦੂਰ, ਇਹ ਲਾਂਘਾ ਪਾਕਿਸਤਾਨ ਦੇ ਗੁਰਦੁਆਰਾ ਦਰਬਾਰ ਸਾਹਿਬ ਨੂੰ ਜੋੜਦਾ ਹੈ, ਜਿੱਥੇ ਗੁਰੂ ਨਾਨਕ ਦੇਵ ਜੀ 16ਵੀਂ ਸਦੀ ਦੇ ਸ਼ੁਰੂ ਵਿੱਚ ਰਹਿੰਦੇ ਸਨ ਅਤੇ ਜੋਤੀ ਜੋਤ ਸਮਾ ਗਏ ਸਨ।
4 ਕਿਲੋਮੀਟਰ ਲੰਬਾ ਇਹ ਲਾਂਘਾ ਭਾਰਤੀ ਸ਼ਰਧਾਲੂਆਂ ਨੂੰ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਵੀਜ਼ਾ-ਮੁਕਤ ਪਹੁੰਚ ਪ੍ਰਦਾਨ ਕਰਦਾ ਹੈ।
ਸਥਾਨਕ ਪ੍ਰਸ਼ਾਸਨ ਅਤੇ ਫੌਜ ਦੇ ਜਵਾਨਾਂ ਨੇ ਬੁੱਧਵਾਰ ਨੂੰ ਰਾਵੀ ਦਰਿਆ ਦੇ ਹੜ੍ਹ ਦੇ ਪਾਣੀ ਕਾਰਨ ਕਰਤਾਰਪੁਰ ਲਾਂਘੇ ਦੇ ਪੂਰੇ ਕੰਪਲੈਕਸ, ਜਿਸ ਵਿੱਚ ਗੁਰਦੁਆਰਾ ਦਰਬਾਰ ਸਾਹਿਬ ਵੀ ਸ਼ਾਮਲ ਹੈ, ਡੁੱਬਣ ਤੋਂ ਬਾਅਦ ਫਸੇ ਲਗਭਗ 150 ਅਧਿਕਾਰੀਆਂ ਅਤੇ ਸਿੱਖ ਸ਼ਰਧਾਲੂਆਂ ਨੂੰ ਬਚਾਇਆ।