Gurpreet Ghuggi; ਪ੍ਰਸਿੱਧ ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ ਨੇ ਹਾੜ੍ਹ ਪੀੜਤ ਪਰਿਵਾਰਾਂ ਦੇ ਸੰਕਟ ਵਿੱਚ ਸ਼ਰੀਕ ਹੁੰਦੇ ਹੋਏ ਪਸ਼ੂਆਂ ਦੇ ਚਾਰੇ ਲਈ ਸਾਈਲੇਜ ਦੇ ਦੋ ਟਰੱਕ ਅਜਨਾਲਾ ਇਲਾਕੇ ਲਈ ਭੇਜੇ। ਉਹਨਾਂ ਨੇ ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨਾਲ ਪ੍ਰਭਾਵਿਤ ਇਲਾਕੇ ਬਾਰੇ ਗੱਲਬਾਤ ਵੀ ਕੀਤੀ ਅਤੇ ਆਪਣੇ ਤੇ ਆਪਣੇ ਸਾਥੀਆਂ ਵੱਲੋਂ ਭਰੋਸਾ ਦਿੱਤਾ ਕਿ ਉਹ ਹੜਾਂ ਤੋਂ ਬਾਅਦ ਲੋੜਵੰਦ ਲੋਕਾਂ ਦੇ ਮਕਾਨ ਬਣਾਉਣ ਲਈ ਵੀ ਮਦਦ ਕਰਨਗੇ। ਉਹਨਾਂ ਕਿਹਾ ਕਿ ਇਸ ਸੰਕਟ ਨੂੰ ਦੁਨੀਆਂ ਭਰ ਵਿੱਚ ਵਸਦੇ ਪੰਜਾਬੀਆਂ ਨੇ ਆਪਣੇ ਉੱਤੇ ਆਇਆ ਸੰਕਟ ਸਮਝਿਆ ਹੈ ਅਤੇ ਉਹਨਾਂ ਨੇ ਇਸ ਲਈ ਦਿਲ ਖੋਲ੍ਹ ਕੇ ਮਦਦ ਕੀਤੀ ਹੈ । ਉਹਨਾਂ ਨੇ ਕਿਹਾ ਕਿ ਹੁਣ ਤੱਕ ਜੋ ਵੀ ਰਾਹਤ ਦੀ ਲੋੜ ਸੀ, ਪੰਜਾਬੀਆਂ ਵੱਲੋਂ ਲਗਾਤਾਰ ਆ ਰਹੀ ਹੈ ਅਤੇ ਮੈਂ ਚਾਹਾਂਗਾ ਕਿ ਪਾਣੀ ਲੱਥਣ ਮਗਰੋਂ ਜੋ ਸਮੱਸਿਆਵਾਂ ਜਿਨਾਂ ਵਿੱਚ ਲੋਕਾਂ ਦੇ ਨੁਕਸਾਨੇ ਗਏ ਘਰਾਂ ਦੀ ਮੁੜ ਉਸਾਰੀ ਵੀ ਸ਼ਾਮਿਲ ਹੈ, ਲਈ ਪੰਜਾਬੀ ਅੱਗੇ ਆਉਣ। ਉਹਨਾਂ ਨੇ ਕਿਹਾ ਕਿ ਮੈਂ ਅਤੇ ਮੇਰੇ ਦੋਸਤ ਇਸ ਕੰਮ ਵਿੱਚ ਪ੍ਰਸ਼ਾਸਨ ਦੀ ਅਗਵਾਈ ਨਾਲ ਲੋੜਵੰਦਾਂ ਦੀ ਸਹਾਇਤਾ ਕਰਾਂਗੇ।
ਇਸ ਮੌਕੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਪੰਜਾਬੀ ਕਲਾਕਾਰਾਂ ਵੱਲੋਂ ਵਿਖਾਏ ਗਏ ਪ੍ਰੇਮ ਅਤੇ ਦਿੱਤੀ ਗਈ ਮਦਦ ਲਈ ਧੰਨਵਾਦ ਕਰਦਿਆਂ ਕਿਹਾ ਕਿ ਤੁਹਾਡੀ ਸ਼ੁਰੂਆਤ ਨੇ ਕਈ ਲੋਕਾਂ ਨੂੰ ਪ੍ਰੇਰਨਾ ਦਿੱਤੀ ਅਤੇ ਲੋਕ ਲੋੜਵੰਦਾਂ ਦੀ ਮਦਦ ਲਈ ਅੱਗੇ ਆਏ। ਉਹਨਾਂ ਨੇ ਗੁਰਪ੍ਰੀਤ ਸਿੰਘ ਘੁੱਗੀ ਦਾ ਇਸ ਪਹਿਲ ਕਦਮੀ ਲਈ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਭਵਿੱਖ ਵਿੱਚ ਵੀ ਤੁਹਾਡੇ ਤੋਂ ਲੋੜਵੰਦਾਂ ਲਈ ਮਦਦ ਜਰੂਰ ਲਵਾਂਗੇ।