Court issues summons: ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਨੌਕਰੀ ਲਈ ਜ਼ਮੀਨ ਘੁਟਾਲੇ ਮਾਮਲੇ ਵਿੱਚ ਆਰਜੇਡੀ ਪ੍ਰਮੁੱਖ ਲਾਲੂ ਪ੍ਰਸਾਦ ਯਾਦਵ, ਉਨ੍ਹਾਂ ਦੇ ਪੁੱਤਰ ਤੇਜਸਵੀ ਯਾਦਵ ਅਤੇ ਹੋਰ ਮੁਲਜ਼ਮਾਂ ਨੂੰ 11 ਮਾਰਚ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਸੀਬੀਆਈ ਵੱਲੋਂ ਦਾਇਰ ਕੀਤੀ ਚਾਰਜਸ਼ੀਟ ’ਤੇ ਸੁਣਵਾਈ ਕਰਦੇ ਹੋਏ, ਵਿਸ਼ੇਸ਼ ਜੱਜ ਵਿਸ਼ਾਲ ਗੋਗਾਨੇ ਨੇ ਇਹ ਆਦੇਸ਼ ਜਾਰੀ ਕੀਤਾ।
78 ਮੁਲਜ਼ਮ, 30 ਸਰਕਾਰੀ ਕਰਮਚਾਰੀ ਵੀ ਸ਼ਾਮਲ
ਸੀਬੀਆਈ ਦੀ ਜਾਂਚ ’ਚ ਕੁੱਲ 78 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਵਿੱਚ 30 ਸਰਕਾਰੀ ਕਰਮਚਾਰੀ ਵੀ ਹਨ। ਅਦਾਲਤ ਨੇ ਭੋਲਾ ਯਾਦਵ ਅਤੇ ਪ੍ਰੇਮ ਚੰਦ ਗੁਪਤਾ ਨੂੰ ਵੀ ਸੰਮਨ ਭੇਜਿਆ ਹੈ। ਪ੍ਰੇਮ ਚੰਦ ਗੁਪਤਾ ਨੂੰ ਲਾਲੂ ਯਾਦਵ ਦੇ ਨਜ਼ਦੀਕੀ ਸਹਿਯੋਗੀ ਵਜੋਂ ਦੱਸਿਆ ਗਿਆ ਹੈ।
‘ਜ਼ਮੀਨ ਦੇ ਬਦਲੇ ਨੌਕਰੀ’ ਘੁਟਾਲਾ ਕੀ
ਇਹ ਮਾਮਲਾ 2004-2009 ਦੇ ਦੌਰਾਨ ਪੱਛਮੀ ਮੱਧ ਰੇਲਵੇ ਜਬਲਪੁਰ ਜ਼ੋਨ ਵਿੱਚ ਗਰੁੱਪ-ਡੀ ਦੀਆਂ ਨਿਯੁਕਤੀਆਂ ਨਾਲ ਸਬੰਧਤ ਹੈ। ਦੋਸ਼ ਹਨ ਕਿ ਲਾਲੂ ਪ੍ਰਸਾਦ ਯਾਦਵ, ਜਦੋਂ ਰੇਲ ਮੰਤਰੀ ਸਨ, ਉਨ੍ਹਾਂ ਨੇ ਉਮੀਦਵਾਰਾਂ ਦੇ ਪਰਿਵਾਰਕ ਮੈਂਬਰਾਂ ਤੋਂ ਜ਼ਮੀਨ ਲੈ ਕੇ ਉਨ੍ਹਾਂ ਨੂੰ ਰੇਲਵੇ ’ਚ ਨੌਕਰੀ ਦਿੱਤੀ।
2022 ਵਿੱਚ ਦਰਜ ਹੋਇਆ ਸੀ ਮਾਮਲਾ
18 ਮਈ 2022 ਨੂੰ ਸੀਬੀਆਈ ਨੇ ਲਾਲੂ ਯਾਦਵ, ਉਨ੍ਹਾਂ ਦੀ ਪਤਨੀ, ਦੋ ਧੀਆਂ, ਸਰਕਾਰੀ ਅਧਿਕਾਰੀਆਂ ਤੇ ਹੋਰ ਵਿਅਕਤੀਆਂ ਵਿਰੁੱਧ ਐਫਆਈਆਰ ਦਰਜ ਕੀਤੀ ਸੀ। ਹੁਣ ਤੱਕ 30 ਮੁਲਜ਼ਮਾਂ ਵਿਰੁੱਧ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਮਿਲ ਚੁੱਕੀ ਹੈ।
ਅਗਲੀ ਸੁਣਵਾਈ 11 ਮਾਰਚ ਨੂੰ ਹੋਣੀ ਹੈ, ਜਿਸ ਵਿੱਚ ਮੁਲਜ਼ਮਾਂ ਦੀ ਹਾਜ਼ਰੀ ਲਾਜ਼ਮੀ ਹੋਵੇਗੀ।