ਪੀੜਤ ਪਰਿਵਾਰਾਂ ਨੇ ਆਪਣੇ ਪਰਿਵਾਰਿਕ ਮੈਂਬਰਾਂ ਦੀ ਭਾਲ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਲਗਾਈ ਮਦਦ ਦੀ ਗੁਹਾਰ
ਫਰੀਦਕੋਟ ਜਿਲ੍ਹੇ ਦੇ ਪਿੰਡ ਪੰਜਗਰਾਂਈ ਕਲਾਂ ਦੇ ਕਰੀਬ 15 ਲੋਕਾਂ ਦਾ ਆਪਣੇ ਪਰਿਵਾਰਾਂ ਨਾਲੋਂ ਸੰਪਰਕ ਖਤਮ ਹੋ ਚੁੱਕਿਆ ਹੈ। ਪਰਿਵਾਰ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਲੈ ਕੇ ਕਾਫੀ ਚਿੰਤਤ ਦਿਖਾਈ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪਿੰਡ ਪੰਜਗਰਾਂਈ ਕਲਾਂ ਦੇ ਕਰੀਬ 15 ਵਿਅਕਤੀ ਮੋਟਰਸਾਇਕਲਾਂ ’ਤੇ ਹਿਮਾਚਲ ਪ੍ਰਦੇਸ਼ ਵਿਚ ਸਥਿਤ ਮਣੀ ਮਹੇਸ਼ ਮੰਦਰ ਦੇ ਦਰਸ਼ਨਾ ਲਈ ਗਏ ਸਨ।
ਜਿਨ੍ਹਾਂ ਦਾ ਬੀਤੇ ਐਤਵਾਰ ਤੋਂ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਕੋਈ ਵੀ ਰਾਬਤਾ ਨਹੀਂ ਹੋਇਆ ਅਤੇ ਉਹਨਾਂ ਸਭ ਦੇ ਫੋਨ ਵੀ ਨਹੀਂ ਲੱਗ ਰਹੇ, ਜਿਸ ਨੂੰ ਲੈ ਕੇ ਉਹਨਾਂ ਦੇ ਪਰਿਵਾਰਿਕ ਮੈਂਬਰ ਕਾਫੀ ਸਹਿਮੇ ਹੋਏ ਹਨ। ਕਿਉਂਕਿ ਇਹਨੀ ਦਿਨੀਂ ਹਿਮਾਚਲ ਵਿਚ ਕਾਫੀ ਬਾਰਿਸ਼ ਹੋ ਰਹੀ ਹੈ ਅਤੇ ਪਹਾੜ ਖਿਸਕਣ ਦੀਆਂ ਖਬਰਾਂ ਵੀ ਲਗਾਤਾਰ ਆ ਰਹੀਆਂ ਹਨ। ਜਿਸ ਕਾਰਨ ਪਰਿਵਾਰਾਂ ਦਾ ਆਪਣੇ ਜੀਆਂ ਲਈ ਫਿਕਰ ਹੋਰ ਵੀ ਵੱਧ ਗਿਆ ਹੈ।

ਗੱਲਬਾਤ ਕਰਦਿਆਂ ਪੀੜਤ ਪਰਿਵਾਰਾਂ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਹਰ ਸਾਲ ਹੀ ਮਣੀ ਮਹੇਸ਼ ਮੰਦਰ ਦੀ ਯਾਤਰਾ ’ਤੇ ਜਾਂਦੇ ਹਨ ਅਤੇ ਹਰ ਵਾਰ ਉਹ ਮਹਿਜ 6 ਕੁ ਦਿਨਾਂ ਵਿਚ ਵਾਪਸ ਆ ਜਾਂਦੇ ਹਨ। ਪਰ ਇਸ ਵਾਰ ਉਹ ਮਨੀ ਮਹੇਸ਼ ਦੀ ਯਾਤਰਾ ’ਤੇ ਗਿਆਂ ਨੂੰ 10 ਤੋਂ ਵੱਧ ਦਿਨ ਹੋ ਗਏ ਹਨ ਅਤੇ ਬੀਤੇ ਐਤਵਾਰ ਤੋਂ ਉਹਨਾਂ ਨਾਲ ਕਿਸੇ ਦਾ ਸੰਪਰਕ ਵੀ ਨਹੀਂ ਹੋ ਰਿਹਾ।ਉਹਨਾਂ ਕਿਹਾ ਕਿ ਹਾਲਾਤਾਂ ਨੂੰ ਵੇਖ ਕੇ ਪਰਿਵਾਰਾਂ ਨੂੰ ਆਪਣੇ ਜੀਆਂ ਦੀ ਚਿੰਤਾ ਹੋ ਰਹੀ ਹੈ। ਉਹਨਾਂ ਭਾਵੁਕ ਹੁੰਦਿਆ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਨੂੰ ਆਪਣੇ ਜੀਆਂ ਦੀ ਭਾਲ ਕਰ ਪਤਾ ਲਗਾਉਣ ਅਤੇ ਉਹਨਾਂ ਨੂੰ ਵਾਪਸ ਲਿਆਉਣ ਦੀ ਮੰਗ ਕੀਤੀ ਹੈ।
ਇਸ ਪੂਰੇ ਮਾਮਲੇ ਸੰਬੰਧੀ ਜਦ SDM ਕੋਟਕਪੂਰਾ ਸੂਰਜ ਨਾਲ ਫੋਨ ਤੇ ਗੱਲਬਾਤ ਹੋਈ ਤਾਂ ਉਹਨਾਂ ਕਿਹਾ ਕਿ ਹਾਲੇ ਤੱਕ ਉਹਨਾਂ ਨੂੰ ਕਿਸੇ ਨੇ ਕੋਈ ਲਿਖਤੀ ਸ਼ਿਕਾਇਤ ਤਾਂ ਨਹੀਂ ਦਿੱਤੀ ਪਰ ਪਤਾ ਚੱਲਿਆ ਕਿ ਪਿੰਡ ਪੰਜਗਰਾਂਈ ਕਲਾਂ ਦੇ ਕਰੀਬ 15 ਲੋਕ, ਜੋ ਮਨੀ ਮਹੇਸ਼ ਯਾਤਰਾ ਤੇ ਗਏ ਸਨ ਉਹਨਾਂ ਦਾ ਆਪਣੇ ਪਰਿਵਾਰਾਂ ਨਾਲ ਸੰਪਰਕ ਨਹੀਂ ਹੋ ਰਿਹਾ। ਉਹਨਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸੰਬੰਧੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਿਲ੍ਹਾ ਪ੍ਰਸ਼ਾਸਨ ਹਰ ਤਰ੍ਹਾਂ ਨਾਲ ਪੀੜਤ ਪਰਿਵਾਰਾਂ ਦੇ ਨਾਲ ਹੈ।