Punjab Breaking News: ਅੰਮ੍ਰਿਤਸਰ ਦੇ ਪੁਰਾਣੇ ਸ਼ਹਿਰ ਦੇ ਵਹੀਆ ਵਾਲਾ ਬਾਜ਼ਾਰ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਇੱਕ ਤਿੰਨ ਮੰਜ਼ਿਲਾ ਪੁਰਾਣੀ ਇਮਾਰਤ ਢਹਿ ਗਈ। ਮੰਗਲਵਾਰ ਸਵੇਰੇ ਵਾਪਰੇ ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ ਹੈ।
ਪੁਰਾਣੀ ਇਮਾਰਤ ਖਾਲੀ ਹੋਣ ਕਾਰਨ ਵੱਡਾ ਹਾਦਸਾ ਟਲਿਆ
ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਮਾਰਤ ਪਿਛਲੇ ਕਈ ਸਾਲਾਂ ਤੋਂ ਖਾਲੀ ਸੀ ਅਤੇ ਇਸ ਵਿੱਚ ਕੋਈ ਨਹੀਂ ਰਹਿੰਦਾ ਸੀ। ਜਦੋਂ ਇਹ ਹਾਦਸਾ ਹੋਇਆ, ਲੋਕ ਆਪਣੇ ਘਰਾਂ ਵਿੱਚ ਸੁੱਤੇ ਪਏ ਸਨ ਤਾਂ ਅਚਾਨਕ ਧਮਾਕੇ ਵਰਗੀ ਆਵਾਜ਼ ਸੁਣਾਈ ਦਿੱਤੀ, ਜਿਸ ਤੋਂ ਬਾਅਦ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ।
ਪੁਲਿਸ ਅਤੇ ਨਗਰ ਨਿਗਮ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਤੁਰੰਤ ਮੌਕੇ ‘ਤੇ ਪਹੁੰਚ ਗਈ ਅਤੇ ਇਲਾਕੇ ਨੂੰ ਘੇਰ ਲਿਆ। ਬਾਅਦ ਵਿੱਚ, ਨਗਰ ਨਿਗਮ ਨੂੰ ਵੀ ਸੂਚਿਤ ਕੀਤਾ ਗਿਆ ਅਤੇ ਮੌਕੇ ‘ਤੇ ਬੁਲਾਇਆ ਗਿਆ, ਤਾਂ ਜੋ ਹੋਰ ਇਮਾਰਤਾਂ ਦਾ ਮੁਆਇਨਾ ਕੀਤਾ ਜਾ ਸਕੇ।
ਪੁਰਾਣੀ ਇਮਾਰਤਾਂ ਦੀ ਹੋ ਰਹੀ ਘਾਲ-ਮੇਲ, ਪ੍ਰਸ਼ਾਸਨ ਤੇ ਸਵਾਲ
ਇਲਾਕਾ ਨਿਵਾਸੀਆਂ ਅਨੁਸਾਰ, ਪੁਰਾਣੇ ਅੰਮ੍ਰਿਤਸਰ ਵਿੱਚ ਕਈ ਇਮਾਰਤਾਂ ਐਸੀਆਂ ਹਨ ਜੋ ਕਿ ਬਹੁਤ ਜ਼ਿਆਦਾ ਖਸਤਾਹਾਲ ਹਨ। ਇਹ ਇਮਾਰਤਾਂ ਮੀਂਹ ਜਾਂ ਭੂਚਾਲ ਦੌਰਾਨ ਕਿਸੇ ਵੀ ਵੇਲੇ ਡਿੱਗ ਸਕਦੀਆਂ ਹਨ। ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜਲਦੀ ਤੋਂ ਜਲਦੀ ਪੁਰਾਣੀਆਂ ਅਤੇ ਖਤਰਨਾਕ ਇਮਾਰਤਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਢਾਹਿਆ ਜਾਵੇ।