Guru Arjan Dev Ji Gurupurab 2025:ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਪੁਰਬ ਮੌਕੇ ਵੱਡੀ ਗਿਣਤੀ ‘ਚ ਸੰਗਤ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚ ਰਹੀ ਹੈ। ਸੰਗਤ ਵਲੋਂ ਇਸ ਪਵਿੱਤਰ ਦਿਹਾੜੇ ਮੌਕੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਸਰਬੱਤ ਦੇ ਭਲੇ ਦੀ ਕੀਤੀ ਅਰਦਾਸ ਕੀਤੀ ਜਾ ਰਹੀ ਹੈ। ਸੰਗਤ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਗੁਰਬਾਣੀ ਕੀਰਤਨ ਵੀ ਸਰਵਣ ਕੀਤਾ ਜਾ ਰਿਹਾ ਹੈ।
ਇੱਥੇ ਪਹੁੰਚ ਕੇ ਮਿਲਦਾ ਵੱਖਰਾ ਹੀ ਸੁਕੂਨ
ਇੱਥੇ ਨਤਮਸਤਕ ਹੋਣ ਪਹੁੰਚੀਆਂ ਸੰਗਤਾਂ ਜਸਵੰਤ ਸਿੰਘ, ਸੁਖਵਿੰਦਰ ਸਿੰਘ ਅਤੇ ਹਰਲੀਨ ਕੌਰ ਨੇ ਕਿਹਾ ਕਿ, ਇੱਥੇ ਆ ਕੇ ਇੱਕ ਵੱਖਰਾ ਹੀ ਸੁਕੂਨ ਮਨ ਨੂੰ ਮਿਲਦਾ ਹੈ। ਜ਼ੀਕਰਪੁਰ ਤੋਂ ਆਏ ਇੱਕ ਸ਼ਰਧਾਲੂ ਨੇ ਕਿਹਾ ਕਿ ਉਹ ਆਪਣੇ ਅਤੇ ਹੋਰ ਵੀ ਪਰਿਵਾਰਾਂ ਨੂੰ ਲੈ ਕੇ ਇੱਥੇ ਨਤਮਸਤਕ ਹੋਣ ਪਹੁੰਚੇ ਹਨ। ਉਨ੍ਹਾਂ ਨੇ ਇਹ ਵੀ ਅਰਦਾਸ ਕੀਤੀ ਕਿ ਵਾਹਿਗੁਰੂ ਹਰ ਮਹੀਨੇ ਉਨ੍ਹਾਂ ਨੂੰ ਇੱਥੇ ਨਤਮਸਤਕ ਹੋਣ ਦਾ ਮੌਕਾ ਦੇਵੇ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਾਰੀ ਸੰਗਤ ਨੂੰ ਵਧਾਈਆਂ ਹਨ ਅਤੇ ਇਸ ਮੌਕੇ ਗੁਰੂ ਘਰ ਜਾ ਕੇ ਮੱਥਾ ਜ਼ਰੂਰ ਟੇਕਣਾ ਚਾਹੀਦਾ ਹੈ।
ਸ੍ਰੀ ਅਰਜਨ ਦੇਵ ਜੀ ਬਾਰੇ
ਜਨਮ ਤੇ ਬਚਪਨ
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ, ਗੁਰੂ ਰਾਮਦਾਸ ਜੀ ਦੇ ਘਰ ਬੀਬੀ ਭਾਨੀ ਜੀ ਦੀ ਕੁੱਖੋਂ ਗੋਇੰਦਵਾਲ ਸਾਹਿਬ (ਪੰਜਾਬ) ਵਿਖੇ 1563 ਈ: ਵਿੱਚ ਹੋਇਆ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ ਪੁੱਤਰ ਸਨ। ਇਸ ਸਮੇਂ ਗੁਰੂ ਅਮਰਦਾਸ ਜੀ ਗੁਰਤਾਗੱਦੀ ‘ਤੇ ਬਿਰਾਜਮਾਨ ਸਨ, ਜੋ ਗੁਰੂ ਅਰਜਨ ਦੇਵ ਜੀ ਦੇ ਨਾਨਾ ਜੀ ਸਨ।
ਸ੍ਰੀ ਅਰਜਨ ਦੇਵ ਜੀ ਦੀ ਸਿੱਖਿਆ
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਬਚਪਨ ਦੇ ਮੁੱਢਲੇ 11 ਸਾਲ ਆਪਣੇ ਨਾਨਾ ਗੁਰੂ ਅਮਰਦਾਸ ਜੀ ਦੀ ਛੱਤਰ ਛਾਇਆ ਹੇਠ ਬਿਤਾਏ ਸਨ। ਇਸ ਦੌਰਾਨ ਗੁਰੂ ਅਰਜਨ ਦੇਵ ਜੀ ਨੇ ਇੱਥੇ ਆਪਣੇ ਨਾਨਾ ਜੀ ਕੋਲੋਂ ਗੁਰਮੁਖੀ ਦੀ ਵਿਦਿਆ ਲਈ ਤੇ ਇਸ ਵਿੱਚ ਮੁਹਾਰਤ ਹਾਸਲ ਕੀਤੀ।
ਇਸ ਤੋਂ ਇਲਾਵਾ, ਗੁਰੂ ਜੀ ਨੇ ਕਈ ਹੋਰਨਾਂ ਭਾਸ਼ਵਾਂ ਦੇਵਨਾਗਰੀ, ਸੰਸਕ੍ਰਿਤ ਅਤੇ ਗਣਿਤ ਦੀ ਵਿਦਿਆ ਹਾਸਲ ਕੀਤੀ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਾਮਾ ਬਾਬਾ ਮੋਹਨ ਸਿੰਘ ਜੀ ਨੇ ਗੁਰੂ ਜੀ ਨੂੰ ਅਧਿਆਤਮ ਤੇ ਧਿਆਨ ਲਗਾਉਣ ਦੀ ਵਿਦਿਆ ਵੀ ਸਿਖਾਈ।
ਬਾਣੀ ਦਾ ਸੰਗ੍ਰਹਿ
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਗੁਰਗੱਦੀ ਕਾਲ ਵਿੱਚ, ਸਭ ਤੋਂ ਮਹਾਨ ਕੰਮ ਇਲਾਹੀ ਬਾਣੀ ਰਚਣ ਅਤੇ ਪਹਿਲੇ ਗੁਰੂ ਸਾਹਿਬਾਂ ਦੀ, ਸੰਤਾਂ, ਭਗਤਾਂ ਦੀ ਬਾਣੀ ਨੂੰ ਇੱਕਠਾ ਕਰਨ ਦਾ ਕੀਤਾ। ਗੁਰੂ ਅਰਜਨ ਦੇਵ ਜੀ ਨੇ ਵੱਖ-ਵੱਖ ਗੁਰੂਆਂ, ਸੰਤਾਂ ਤੇ ਮਹਾਂਪੁਰਸ਼ਾਂ ਦੀ ਬਾਣੀ ਦੇ ਅੰਸ਼ ਇਕੱਤਰ ਕਰਕੇ ਇਸ ਪਵਿੱਤਰ ਗ੍ਰੰਥ ਨੂੰ ਭਾਈ ਗੁਰਦਾਸ ਜੀ ਦੇ ਹੱਥੋਂ ਲਿਖਵਾਇਆ। ਇਸ ਮਹਾਨ ਕੰਮ ਨੂੰ ਕਰਨ ਲਈ ਗੁਰੂ ਸਾਹਿਬ ਜੀ ਨੇ ਇਕਾਂਤ ਵਾਸ ਥਾਂ ਸ੍ਰੀ ਰਾਮਸਰ (ਅੰਮ੍ਰਿਤਸਰ) ਚੁਣੀ।
ਸੰਨ 1601 ਈ: ਤੋਂ ਲੈ ਕੇ ਅਗਸਤ 1604 ਈ: ਦੇ ਲੰਮੇ ਅਰਸੇ ਦੌਰਾਨ ਇਹ ਕੰਮ ਸੰਪੂਰਨ ਹੋਇਆ ਤੇ ਇੱਕ ਮਹਾਨ ਗ੍ਰੰਥ ਤਿਆਰ ਕੀਤਾ ਗਿਆ। ਇਸ ਵਿੱਚ 36 ਮਹਾਂਪੁਰਸ਼ਾਂ ਦੀ ਬਾਣੀ ਅੰਕਿਤ ਕੀਤੀ ਗਈ, ਜਿਨ੍ਹਾਂ ਵਿੱਚ 6 ਗੁਰੂ ਸਾਹਿਬਾਨ ਦੀ ਬਾਣੀ, 15 ਭਗਤਾਂ , 11 ਭੱਟਾਂ ਅਤੇ ਚਾਰ ਗੁਰੂ ਘਰ ਦੇ ਸਿੱਖਾਂ ਦੀ ਬਾਣੀ ਦਾ ਸੰਗ੍ਰਹਿ ਤਿਆਰ ਕੀਤਾ। ਇਸ ਸੇਵਾ ਲਈ ਭਾਈ ਗੁਰਦਾਸ ਜੀ ਨੇ ਆਪਣੀ ਲੇਖਣੀ ਦੁਆਰਾ ਮਹਾਨ ਯੋਗਦਾਨ ਪਾਇਆ। 30 ਮਈ, 1606 ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਪ੍ਰਾਪਤ ਕਰ ਗਏ ਸਨ।