Israel Gaza ceasefire: ਈਰਾਨ-ਇਜ਼ਰਾਈਲ ਦੇ ਬਾਅਦ ਹੁਣ ਗਾਜ਼ਾ ‘ਚ ਵੀ ਸ਼ਾਂਤੀ ਆ ਸਕਦੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਈਲ ਨੇ ਗਾਜ਼ਾ ਵਿੱਚ 60 ਦਿਨਾਂ ਦੀ ਜੰਗਬੰਦੀ ‘ਤੇ ਸਹਿਮਤੀ ਦੇ ਦਿੱਤੀ ਹੈ। ਹਾਲਾਂਕਿ, ਇਸ ਲਈ ਕੁਝ ਸ਼ਰਤਾਂ ਵੀ ਰੱਖੀਆਂ ਗਈਆਂ ਹਨ। ਟਰੰਪ ਨੇ ਇਸ ਮਸਲੇ ਨੂੰ ਲੈ ਕੇ ਹਮਾਸ ਨੂੰ ਚੇਤਾਵਨੀ ਵੀ ਦਿੱਤੀ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਕਿਹਾ, ”ਮੇਰੇ ਨੁਮਾਇੰਦਿਆਂ ਨੇ ਅੱਜ ਗਾਜ਼ਾ-ਇਜ਼ਰਾਈਲ ਮਾਮਲੇ ‘ਤੇ ਇਜ਼ਰਾਈਲੀ ਨੇਤਾਵਾਂ ਨਾਲ ਲੰਮੀ ਤੇ ਕਾਰਗਰ ਮੀਟਿੰਗ ਕੀਤੀ। ਇਜ਼ਰਾਈਲ ਨੇ 60 ਦਿਨਾਂ ਦੀ ਜੰਗਬੰਦੀ ਨੂੰ ਅੰਤਿਮ ਰੂਪ ਦੇਣ ਲਈ ਜ਼ਰੂਰੀ ਸ਼ਰਤਾਂ ‘ਤੇ ਸਹਿਮਤੀ ਜਤਾਈ ਹੈ, ਜਿਸ ਦੌਰਾਨ ਅਸੀਂ ਜੰਗ ਖ਼ਤਮ ਕਰਨ ਲਈ ਸਾਰੇ ਪੱਖਾਂ ਨਾਲ ਮਿਲ ਕੇ ਕੰਮ ਕਰਾਂਗੇ।”
ਉਨ੍ਹਾਂ ਨੇ ਆਗੇ ਕਿਹਾ, ”ਕਤਰ ਅਤੇ ਮਿਸਰ ਦੇ ਨੇਤਾ, ਜਿਨ੍ਹਾਂ ਨੇ ਸ਼ਾਂਤੀ ਲਿਆਉਣ ਵਿੱਚ ਬਹੁਤ ਮਿਹਨਤ ਕੀਤੀ ਹੈ, ਇਹ ਅੰਤਿਮ ਪ੍ਰਸਤਾਵ ਪੇਸ਼ ਕਰਨਗੇ। ਮੈਨੂੰ ਉਮੀਦ ਹੈ ਕਿ ਮਿਡਲ ਈਸਟ ਦੀ ਭਲਾਈ ਲਈ ਹਮਾਸ ਇਸ ਸਹਿਮਤੀ ਨੂੰ ਮਨਜ਼ੂਰ ਕਰੇਗਾ, ਕਿਉਂਕਿ ਜੇ ਉਹ ਅਜਿਹਾ ਨਹੀਂ ਕਰਦਾ, ਤਾਂ ਹਾਲਾਤ ਬਿਹਤਰ ਨਹੀਂ ਸਗੋਂ ਹੋਰ ਵਿਗੜਣਗੇ।”
7 ਜੁਲਾਈ ਨੂੰ ਅਮਰੀਕਾ ਜਾਣਗੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 7 ਜੁਲਾਈ ਨੂੰ ਵਾਈਟ ਹਾਊਸ ‘ਚ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਮਿਹਮਾਨਦਾਰੀ ਕਰਨਗੇ। ‘ਵਾਈਟ ਹਾਊਸ’ ਨੇ ਇਹ ਜਾਣਕਾਰੀ ‘ਦ ਇਜ਼ਰਾਈਲ ਟਾਈਮਜ਼’ ਨੂੰ ਦਿੰਦਿਆਂ ਪੁਸ਼ਟੀ ਕੀਤੀ ਹੈ।
ਟਰੰਪ ਗਾਜ਼ਾ ਵਿੱਚ ਜੰਗਬੰਦੀ ਅਤੇ ਬੰਧਕਾਂ ਦੀ ਰਿਹਾਈ ਲਈ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰ ਰਹੇ ਹਨ। ਜਨਵਰੀ 2025 ਵਿੱਚ ਟਰੰਪ ਦੁਬਾਰਾ ਸੱਤਾ ਵਿੱਚ ਵਾਪਸ ਆਏ ਸਨ, ਜਿਸ ਤੋਂ ਬਾਅਦ ਇਹ ਨੇਤਨਯਾਹੂ ਦੀ ਵਾਈਟ ਹਾਊਸ ਦੀ ਤੀਜੀ ਯਾਤਰਾ ਹੋਵੇਗੀ। ਇਹ ਮੁਲਾਕਾਤ ਗਾਜ਼ਾ ਵਿੱਚ ਜੰਗਬੰਦੀ, ਈਰਾਨ ਦੀ ਖੇਤਰੀ ਗਤਿਵਿਧੀਆਂ ਅਤੇ ਰਾਜਨੈਤਿਕ ਸੰਬੰਧਾਂ ਦੇ ਵਾਧੇ ‘ਤੇ ਕੇਂਦਰਤ ਹੋਏਗੀ।