Border Gavaskar Trophy ਵਿੱਚ ਮਾੜੇ ਪ੍ਰਦਰਸ਼ਨ ਤੋਂ ਬਾਅਦ ਬੀਸੀਸੀਆਈ ਨੇ ਕੋਚਿੰਗ ਸਟਾਫ ਵਿਰੁੱਧ ਕਾਰਵਾਈ ਕੀਤੀ ਹੈ। ਮੁੱਖ ਕੋਚ ਗੌਤਮ ਗੰਭੀਰ ਦੇ ਸਹਾਇਕ ਅਭਿਸ਼ੇਕ ਨਾਇਰ, ਫੀਲਡਿੰਗ ਕੋਚ ਟੀ. ਦਿਲੀਪ ਅਤੇ ਟ੍ਰੇਨਰ ਸੋਹਮ ਦੇਸਾਈ ਨੂੰ ਹਟਾ ਦਿੱਤਾ ਗਿਆ ਹੈ।
Indian Cricket Team Supporting Staff: ਬਾਰਡਰ-ਗਾਵਸਕਰ ਟਰਾਫੀ ਵਿੱਚ ਮਾੜੇ ਪ੍ਰਦਰਸ਼ਨ ਅਤੇ ਡ੍ਰੈਸਿੰਗ ਰੂਮ ਦੇ ਮਾਮਲਿਆਂ ਦੇ ਲਗਾਤਾਰ ਲੀਕ ਹੋਣ ਤੋਂ ਬਾਅਦ, ਬੀਸੀਸੀਆਈ ਨੇ ਭਾਰਤੀ ਕੋਚਿੰਗ ਸਟਾਫ ‘ਤੇ ਸਖ਼ਤੀ ਕੀਤੀ ਹੈ। ਮੁੱਖ ਕੋਚ ਗੌਤਮ ਗੰਭੀਰ ਦੇ ਸਹਾਇਕ ਅਭਿਸ਼ੇਕ ਨਾਇਰ, ਫੀਲਡਿੰਗ ਕੋਚ ਟੀ. ਦਿਲੀਪ ਅਤੇ ਟ੍ਰੇਨਰ ਸੋਹਮ ਦੇਸਾਈ ਨੂੰ ਉਨ੍ਹਾਂ ਦੀਆਂ ਨੌਕਰੀਆਂ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਹਾਲਾਂਕਿ, ਇਸ ਸਬੰਧ ਵਿੱਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ।
ਨਾਇਰ ਨੂੰ ਅੱਠ ਮਹੀਨੇ ਪਹਿਲਾਂ ਹੀ ਕੀਤਾ ਸੀ ਨਿਯੁਕਤ
ਖ਼ਬਰਾਂ ਮੁਤਾਬਕ ਇਸ ਸਾਲ ਦੇ ਸ਼ੁਰੂ ਵਿੱਚ ਆਸਟ੍ਰੇਲੀਆ ਵਿੱਚ ਸਮਾਪਤ ਹੋਈ ਬਾਰਡਰ ਗਾਵਸਕਰ ਟਰਾਫੀ ਵਿੱਚ 1-3 ਦੀ ਸ਼ਰਮਨਾਕ ਹਾਰ ਤੋਂ ਬਾਅਦ ਬੀਸੀਸੀਆਈ ਕਾਰਵਾਈ ਦੇ ਮੂਡ ਵਿੱਚ ਸੀ। ਇਹੀ ਕਾਰਨ ਹੈ ਕਿ 12 ਸਾਲ ਬਾਅਦ ਚੈਂਪੀਅਨਜ਼ ਟਰਾਫੀ ਜਿੱਤਣ ਦੇ ਬਾਵਜੂਦ, ਅੱਠ ਮਹੀਨੇ ਪਹਿਲਾਂ ਨਿਯੁਕਤ ਕੀਤੇ ਗਏ ਅਭਿਸ਼ੇਕ ਨਾਇਰ ਨੂੰ ਬਰਖਾਸਤ ਕਰ ਦਿੱਤਾ ਗਿਆ। ਨਾਇਰ ਨੂੰ ਗੌਤਮ ਗੰਭੀਰ ਦਾ ਕਰੀਬੀ ਮੰਨਿਆ ਜਾਂਦਾ ਹੈ।
ਫੀਲਡਿੰਗ ਕੋਚ ਟੀ. ਦਿਲੀਪ ਦੀ ਵੀ ਛੁੱਟੀ
ਇਸ ਤੋਂ ਇਲਾਵਾ ਟੀ. ਦਿਲੀਪ ਵੀ ਆਪਣੀ ਥਾਂ ਨਹੀਂ ਬਚਾ ਸਕਿਆ। ਦਿਲੀਪ ਦੇ ਆਉਣ ਤੋਂ ਬਾਅਦ, ਭਾਰਤੀ ਟੀਮ ਦੀ ਫੀਲਡਿੰਗ ਵਿੱਚ ਬਹੁਤ ਸੁਧਾਰ ਹੋਇਆ। ਹਰ ਮੈਚ ਤੋਂ ਬਾਅਦ ਬੈਸਟ ਕੈਚਿੰਗ ਐਵਾਰਡ ਦੀ ਪਰੰਪਰਾ ਵੀ ਉਨ੍ਹਾਂ ਦੇ ਕਾਰਜਕਾਲ ਦੌਰਾਨ ਸ਼ੁਰੂ ਹੋਈ ਸੀ।
ਸਪੋਰਟ ਸਟਾਫ ਨਾਲ ਜੁੜਨਗੇ ਐਡਰੀਅਨ ਲੇ ਰੂ
ਸੀਤਾਸ਼ੂ ਕੋਟਕ ਪਹਿਲਾਂ ਹੀ ਭਾਰਤੀ ਟੀਮ ਨਾਲ ਬੱਲੇਬਾਜ਼ੀ ਕੋਚ ਵਜੋਂ ਜੁੜੇ ਹੋਏ ਹਨ। ਸਹਾਇਕ ਕੋਚ ਰਿਆਨ ਟੈਨ ਡੋਇਸਕੋਟ ਦੇ ਫੀਲਡਿੰਗ ਕੋਚ ਟੀ. ਦਿਲੀਪ ਦੀ ਥਾਂ ਲੈਣ ਦੀ ਸੰਭਾਵਨਾ ਹੈ, ਜਦੋਂ ਕਿ ਟ੍ਰੇਨਰ ਸੋਹਮ ਦੇਸਾਈ ਦੀ ਜਗ੍ਹਾ ਐਡਰੀਅਨ ਲੇ ਰੂਏ ਨੂੰ ਲਏ ਜਾਣ ਦੀ ਸੰਭਾਵਨਾ ਹੈ। ਦੱਖਣੀ ਅਫਰੀਕਾ ਦੇ ਐਡਰੀਅਨ ਕੋਲ ਆਈਪੀਐਲ ਦਾ ਲੰਮਾ ਤਜਰਬਾ ਹੈ। ਉਹ 11 ਸਾਲਾਂ ਤੋਂ ਕੇਕੇਆਰ ਦੇ ਸਪੋਰਟ ਸਟਾਫ ਦਾ ਹਿੱਸਾ ਰਿਹਾ ਹੈ। ਵਰਤਮਾਨ ਵਿੱਚ ਉਹ ਪੰਜਾਬ ਕਿੰਗਜ਼ ਨਾਲ ਜੁੜਿਆ ਹੋਇਆ ਹੈ ਅਤੇ 2002 ਤੋਂ 2003 ਤੱਕ ਭਾਰਤੀ ਟੀਮ ਨਾਲ ਵੀ ਕੰਮ ਕਰ ਚੁੱਕਾ ਹੈ।