Fatehgarh Sahib Murder Case; ਦੋਸਤੀ ਨੂੰ ਸ਼ਰਮਸਾਰ ਕਰਨ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਨੌਜਵਾਨ ਨੇ ਮਾਮੂਲੀ ਬਹਿਸ ਕਾਰਨ ਆਪਣੇ ਹੀ ਦੋਸਤ ਨੂੰ ਪਿੰਡ ਸਾਨੀਪੁਰ ਦੇ ਨੇੜਿਓਂ ਲੰਘਦੀ ਭਾਖੜਾ ਨਹਿਰ ਦੀ ਨਰਵਾਨਾ ਬ੍ਰਾਂਚ ‘ਚ ਧੱਕਾ ਦੇ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਥਾਣਾ ਸਰਹਿੰਦ ਪੁਲਿਸ ਨੇ ਧੱਕਾ ਦੇਣ ਵਾਲੇ ਵਿਕਾਸ, ਜੋ ਪਿੰਡ ਜੱਲਾ ਦਾ ਵਾਸੀ ਹੈ, ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਮ੍ਰਿਤਕ ਨੌਜਵਾਨ ਮਨਜੋਤ ਗਿਰ ਪਿੰਡ ਬਧੋਛੀ ਕਲਾ ਦਾ ਰਹਿਣ ਵਾਲਾ ਹੈ।
ਜਾਣਕਾਰੀ ਅਨੁਸਾਰ, ਮਨਜੋਤ ਗਿਰ ਸਰਹਿੰਦ ‘ਚ ਇਕ ਮੋਟਰ ਮੈਕੈਨਿਕ ਦੀ ਦੁਕਾਨ ‘ਤੇ ਕੰਮ ਸਿੱਖ ਰਿਹਾ ਸੀ। ਮਨਜੋਤ ਦੇ ਸਾਥੀ ਵਿਕਾਸ, ਸੋਨੂੰ, ਅਮਿਤ, ਸਾਹਿਲ ਤੇ ਨੌਸ਼ਾਦ ਆਦਿ ਉਸ ਨੂੰ ਨਹਿਰ ‘ਚ ਨਹਾਉਣ ਲਈ ਸਾਨੀਪੁਰ ਨੇੜਿਓਂ ਲੰਘਦੀ ਭਾਖੜਾ ਨਹਿਰ ਦੀ ਨਰਵਾਨਾ ਬ੍ਰਾਂਚ ‘ਤੇ ਲੈ ਗਏ। ਜਿੱਥੇ ਮਨਜੋਤ ਨੇ ਕਿਹਾ ਕਿ ਉਸਨੂੰ ਤੈਰਨਾ ਨਹੀਂ ਆਉਂਦਾ, ਜਿਸ ਕਾਰਨ ਉਸਦਾ ਵਿਕਾਸ ਨਾਲ ਝਗੜਾ ਵੀ ਹੋਇਆ। ਪਰ ਵਿਕਾਸ ਨੇ ਉਸਨੂੰ ਕਿਹਾ ਕਿ ਉਹ ਨਹਿਰ ‘ਚ ਛਾਲ ਮਾਰ ਦੇ, ਉਹ ਉਸਨੂੰ ਬਚਾ ਲਵੇਗਾ। ਮਨਜੋਤ ਦੇ ਨਾਂਹ ਕਰਨ ਦੇ ਬਾਵਜੂਦ, ਵਿਕਾਸ ਨੇ ਉਸਨੂੰ ਜ਼ਬਰਦਸਤੀ ਨਹਿਰ ‘ਚ ਧੱਕਾ ਦੇ ਦਿੱਤਾ ਅਤੇ ਖ਼ੁਦ ਵੀ ਨਹਿਰ ਵਿਚ ਛਾਲ ਮਾਰ ਕੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਪਰ ਉਹ ਉਸਨੂੰ ਬਚਾਉਣ ‘ਚ ਅਸਫਲ ਰਹਿਆ ਅਤੇ ਮਨਜੋਤ ਨਹਿਰ ਵਿਚ ਗਾਇਬ ਹੋ ਗਿਆ ਜਦਕਿ ਵਿਕਾਸ ਮੌਕੇ ਤੋਂ ਫਰਾਰ ਹੋ ਗਿਆ।
ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਸਥਾਨਕ ਪ੍ਰਸ਼ਾਸਨ ਅਤੇ ਗੋਤਾਖੋਰਾਂ ਦੀ ਮਦਦ ਨਾਲ ਭਾਲ ਮੁਹਿੰਮ ਚਲਾਈ ਗਈ। ਕਾਫੀ ਮਸ਼ੱਕਤ ਤੋਂ ਬਾਅਦ 23 ਮਈ ਨੂੰ ਉਸਦੀ ਲਾਸ਼ ਪਿੰਡ ਰਿਓਨਾ ਦੇ ਨੇੜੇ ਨਹਿਰ ‘ਚੋਂ ਮਿਲੀ। ਏਐਸਆਈ ਸੰਜੀਵ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ 24 ਮਈ ਨੂੰ ਵਿਕਾਸ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਲਾਸ਼ ਨੂੰ ਸਿਵਿਲ ਹਸਪਤਾਲ ਤੋਂ ਪੋਸਟਮਾਰਟਮ ਦੇ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ। ਇਸ ਸਬੰਧ ਵਿਚ ਏਐਸਆਈ ਸੰਜੀਵ ਕੁਮਾਰ ਨੇ ਦੱਸਿਆ ਕਿ ਸ਼ਵ ਮਿਲਣ ਦੇ ਬਾਅਦ ਵਿਕਾਸ ਦੇ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਦੋਸ਼ੀ ਵਿਕਾਸ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਉਸਨੂੰ ਜੇਲ ਵਿਚ ਭੇਜ ਦਿੱਤਾ ਹੈ।