CJI BR Gavai Health: ਭਾਰਤ ਦੇ ਚੀਫ਼ ਜਸਟਿਸ ਬੀ.ਆਰ. ਗਵਈ ਨੂੰ ਇਨਫੈਕਸ਼ਨ ਕਾਰਨ ਦਿੱਲੀ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੀਟੀਆਈ ਸੂਤਰਾਂ ਅਨੁਸਾਰ, ਉਨ੍ਹਾਂ ਦਾ ਡਾਕਟਰੀ ਇਲਾਜ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਸਿਹਤ ਵਿੱਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਇਨਫੈਕਸ਼ਨ ਨਾਲ ਸਬੰਧਤ ਵਿਸਤ੍ਰਿਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ, ਪਰ ਸੂਤਰਾਂ ਨੇ ਦੱਸਿਆ ਕਿ, ਚੀਫ਼ ਜਸਟਿਸ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਉਨ੍ਹਾਂ ਦੇ ਇੱਕ ਜਾਂ ਦੋ ਦਿਨਾਂ ਵਿੱਚ ਛੁੱਟੀ ਲੈ ਕੇ ਦੁਬਾਰਾ ਆਪਣੇ ਕੰਮ ‘ਤੇ ਵਾਪਸ ਆਉਣ ਦੀ ਉਮੀਦ ਹੈ। ਇਸ ਤੋਂ ਪਹਿਲਾਂ, 12 ਜੁਲਾਈ ਨੂੰ, ਸੀਜੇਆਈ ਗਵਈ ਨੇ ਹੈਦਰਾਬਾਦ ਵਿੱਚ ਨਲਸਰ ਯੂਨੀਵਰਸਿਟੀ ਆਫ਼ ਲਾਅ ਦੇ ਕਨਵੋਕੇਸ਼ਨ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
12 ਜੁਲਾਈ ਨੂੰ, ਜਸਟਿਸ ਗਵਈ ਨੇ ਹੈਦਰਾਬਾਦ ਵਿੱਚ ਨਲਸਰ ਯੂਨੀਵਰਸਿਟੀ ਆਫ਼ ਲਾਅ ਦੇ ਕਨਵੋਕੇਸ਼ਨ ਵਿੱਚ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਉਸੇ ਦਿਨ, ਉਨ੍ਹਾਂ ਨੇ “ਬਾਬਾਸਾਹਿਬ ਡਾ. ਬੀ.ਆਰ. ਅੰਬੇਡਕਰ – ਸੰਵਿਧਾਨ ਸਭਾ – ਭਾਰਤ ਦਾ ਸੰਵਿਧਾਨ” ਸਿਰਲੇਖ ਵਾਲਾ ਇੱਕ ਵਿਸ਼ੇਸ਼ ਡਾਕ ਕਵਰ ਵੀ ਜਾਰੀ ਕੀਤਾ। ਇਸ ਦੇ ਨਾਲ, ਉਨ੍ਹਾਂ ਨੇ “ਭਾਰਤ ਦੇ ਸੰਵਿਧਾਨ ਵਿੱਚ ਕਲਾ ਅਤੇ ਕੈਲੀਗ੍ਰਾਫੀ” ‘ਤੇ ਆਧਾਰਿਤ ਆਰਟ ਪੋਸਟਕਾਰਡ ਵੀ ਜਾਰੀ ਕੀਤੇ।
ਅੰਬੇਡਕਰ ਦੇ ਯੋਗਦਾਨ ਦੀ ਇੱਕ ਝਲਕ ਵਿਸ਼ੇਸ਼ ਡਾਕ ਪਰਚੇ ਵਿੱਚ
ਸਰਕਾਰੀ ਪ੍ਰੈਸ ਰਿਲੀਜ਼ ਦੇ ਅਨੁਸਾਰ, ਤੇਲੰਗਾਨਾ ਦੇ ਮੁੱਖ ਪੋਸਟਮਾਸਟਰ ਜਨਰਲ ਪੀ.ਵੀ.ਐਸ. ਰੈਡੀ ਨੇ ਇਹ ਵਿਸ਼ੇਸ਼ ਡਾਕ ਪਰਚਾ ਜਸਟਿਸ ਗਵਈ ਨੂੰ ਸੌਂਪਿਆ। ਇਸ ਮੌਕੇ ‘ਤੇ ਸੁਪਰੀਮ ਕੋਰਟ ਦੇ ਜਸਟਿਸ ਪੀ.ਐਸ. ਨਰਸਿਮਹਾ, ਤੇਲੰਗਾਨਾ ਹਾਈ ਕੋਰਟ ਦੇ ਕਾਰਜਕਾਰੀ ਮੁੱਖ ਜੱਜ ਸੁਜਾਏ ਪਾਲ ਅਤੇ ਰਾਜ ਦੇ ਐਡਵੋਕੇਟ ਜਨਰਲ ਏ. ਸੁਦਰਸ਼ਨ ਰੈਡੀ ਵੀ ਮੌਜੂਦ ਸਨ। ਇਹ ਵਿਸ਼ੇਸ਼ ਕਵਰ ਅਤੇ ਜਾਣਕਾਰੀ ਪੱਤਰ ਡਾ. ਅੰਬੇਡਕਰ ਦੇ ਜੀਵਨ, ਸੰਵਿਧਾਨ ਨਿਰਮਾਣ ਵਿੱਚ ਯੋਗਦਾਨ, ਅਤੇ ਕੇਂਦਰ ਸਰਕਾਰ ਦੁਆਰਾ ਜਾਰੀ ਡਾਕ ਟਿਕਟਾਂ ਅਤੇ ਸਿੱਕਿਆਂ ਦੀ ਝਲਕ ਪੇਸ਼ ਕਰਦਾ ਹੈ।
ਜਸਟਿਸ ਬੀ.ਆਰ. ਗਵਈ ਕੌਣ ਹਨ?
ਜਸਟਿਸ ਬੀ.ਆਰ. ਗਵਈ ਨੇ 14 ਮਈ 2025 ਨੂੰ ਭਾਰਤ ਦੇ ਮੁੱਖ ਜੱਜ ਵਜੋਂ ਸਹੁੰ ਚੁੱਕੀ। ਉਹ ਇਸ ਅਹੁਦੇ ‘ਤੇ ਪਹੁੰਚਣ ਵਾਲੇ ਦੂਜੇ ਦਲਿਤ ਜੱਜ ਹਨ, ਉਨ੍ਹਾਂ ਤੋਂ ਪਹਿਲਾਂ ਜਸਟਿਸ ਕੇ.ਜੀ. ਬਾਲਾਕ੍ਰਿਸ਼ਨਨ ਨੂੰ 2007 ਵਿੱਚ ਇਸ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਸੀ। ਗਵਈ ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦਾ ਕਾਰਜਕਾਲ 14 ਮਈ 2025 ਤੋਂ 24 ਨਵੰਬਰ 2025 ਤੱਕ ਹੋਵੇਗਾ, ਜਦੋਂ ਉਹ ਸੇਵਾਮੁਕਤ ਹੋਣਗੇ। ਉਨ੍ਹਾਂ ਦੇ ਪਿਤਾ, ਜਸਟਿਸ ਰਾਮਕ੍ਰਿਸ਼ਨ ਸੂਰਿਆਭਾਨ ਗਵਈ, ਰਿਪਬਲਿਕਨ ਪਾਰਟੀ ਆਫ਼ ਇੰਡੀਆ (RPI) ਦੇ ਸੰਸਥਾਪਕ ਸਨ। ਉਹ ਮਹਾਰਾਸ਼ਟਰ ਦੀ ਰਾਜਨੀਤੀ ਵਿੱਚ ਸਰਗਰਮ ਸਨ ਅਤੇ 1998 ਵਿੱਚ ਅਮਰਾਵਤੀ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਸਨ।