Computer teachers protest: ਸੂਬੇ ਭਰ ਤੋਂ ਆਏ ਕੰਪਿਊਟਰ ਅਧਿਆਪਕਾਂ ਨੇ ਅੱਜ ਇੱਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਗਰੂਰ ਸਥਿਤ ਨਿਵਾਸ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਮਜ਼ਬੂਤ ਧਰਨਾ ਦਿੱਤਾ। ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਕੇਵਲ ਲਾਰਿਆਂ ਤੇ ਚੱਲ ਰਹੀ ਹੈ, ਪਰ ਹਕੀਕਤ ਵਿੱਚ ਹਾਲੇ ਤੱਕ ਕੋਈ ਕਦਮ ਨਹੀਂ ਚੁੱਕਿਆ ਗਿਆ।
9 ਮਾਰਚ ਨੂੰ ਦਿੱਤੇ ਆਸਵਾਸਨ ਤੋਂ ਬਾਅਦ ਵੀ ਨਹੀਂ ਹੋਈ ਕਾਰਵਾਈ
ਧਿਆਨਯੋਗ ਹੈ ਕਿ ਕੰਪਿਊਟਰ ਅਧਿਆਪਕਾਂ ਨੇ 9 ਮਾਰਚ 2025 ਨੂੰ ਆਪਣਾ ਪੁਰਾਣਾ ਧਰਨਾ ਉਸ ਸ਼ਰਤ ‘ਤੇ ਚੁੱਕਿਆ ਸੀ ਕਿ ਉਨ੍ਹਾਂ ਨੂੰ ਜਲਦੀ ਸਿੱਖਿਆ ਵਿਭਾਗ ‘ਚ ਸ਼ਿਫਟ ਕੀਤਾ ਜਾਵੇਗਾ ਅਤੇ ਛੇਵਾਂ ਪੇ ਕਮਿਸ਼ਨ ਲਾਗੂ ਕੀਤਾ ਜਾਵੇਗਾ।
ਉਨ੍ਹਾਂ ਦਾ ਕਹਿਣਾ ਹੈ ਕਿ ਅਮਨ ਅਰੋੜਾ ਵੱਲੋਂ ਦਿੱਤੇ ਗਏ ਆਸਵਾਸਨ ਤੋਂ ਬਾਅਦ ਉਮੀਦ ਸੀ ਕਿ ਸਰਕਾਰ ਤੇਜ਼ੀ ਨਾਲ ਕਾਰਵਾਈ ਕਰੇਗੀ, ਪਰ ਉਸ ਤੋਂ ਬਾਅਦ ਹਰ ਮੀਟਿੰਗ ‘ਚ ਸਿਰਫ ਲਾਰੇ ਹੀ ਮਿਲੇ ਹਨ।
ਪੁਲਿਸ ਨਾਲ ਝੜਪ, ਅਧਿਆਪਕਾਂ ਨੇ ਜਤਾਈ ਨਾਰਾਜ਼ਗੀ
ਧਰਨੇ ਦੌਰਾਨ ਪੁਲਿਸ ਅਤੇ ਅਧਿਆਪਕਾਂ ਵਿੱਚ ਸਥਿਤੀ ਤਣਾਅਪੂਰਨ ਹੋ ਗਈ। ਕੰਪਿਊਟਰ ਅਧਿਆਪਕਾਂ ਨੇ ਪੁਲਿਸ ‘ਤੇ ਧੱਕਾ ਮੁੱਕੀ ਕਰਨ ਦੇ ਦੋਸ਼ ਲਾਏ ਅਤੇ ਕਿਹਾ ਕਿ “ਪੁਲਿਸ ਸਿਰਫ ਮੰਤਰੀਆਂ ਦੀ ਰਾਖੀ ਕਰਦੀ ਹੈ, ਪਰ ਉਹਨਾਂ ਦੀ ਤਨਖਾਹ ਲੋਕਾਂ ਦੇ ਟੈਕਸ ਦੇ ਪੈਸਿਆਂ ਨਾਲ ਚਲਦੀ ਹੈ।”
ਉਨ੍ਹਾਂ ਪੁਲਿਸ ਦੇ ਰਵੱਈਏ ‘ਤੇ ਨਾਰਾਜ਼ਗੀ ਜਤਾਈ।
ਅਧਿਆਪਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਜਿਵੇਂ ਕਿ ਛੇਵਾਂ ਪੇ ਕਮਿਸ਼ਨ ਲਾਗੂ ਕਰਨ ਅਤੇ ਸਿੱਖਿਆ ਵਿਭਾਗ ਵਿੱਚ ਮਰਜ ਕਰਨ ਵਾਲੀ ਮੰਗ ਨੂੰ ਪੂਰਾ ਨਾ ਕੀਤਾ, ਤਾਂ ਉਹ ਪੁਰਾਣੇ ਧਰਨੇ ਵਾਂਗ ਹੀ ਪੱਕਾ ਮੋਰਚਾ ਲਗਾ ਦੇਣਗੇ।
ਮੁੱਖ ਮੰਗਾਂ
- ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਹੇਠ ਲਿਆ ਜਾਵੇ
- ਛੇਵਾਂ ਪੇ ਕਮਿਸ਼ਨ ਲਾਗੂ ਕੀਤਾ ਜਾਵੇ
- ਪੱਕੀ ਨਿਯੁਕਤੀ ਅਤੇ ਨਿਯਮਤ ਤਨਖਾਹਾਂ ਦੀ ਗਰੰਟੀ