Farmer Tractor Burnt to Ashes in fire:ਅੱਗ ਲੱਗਣ ਦੀ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ। ਅਜਿਹਾ ਮਾਮਲਾ ਬਰਨਾਲਾ ਦੇ ਪਿੰਡ ਫਤਿਹਗੜ੍ਹ ਧੋਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਏਕੜ ਦੇ ਮਾਲਕ ਕਿਸਾਨ ਗੁਰਮੇਲ ਸਿੰਘ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ।
ਇਸ ਮੌਕੇ ਪੀੜਿਤ ਕਿਸਾਨ ਗੁਰਮੇਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਇੱਕ ਏਕੜ ਜ਼ਮੀਨ ਦਾ ਮਾਲਕ ਹੈ ਅਤੇ ਡੇਢ ਏਕੜ ਠੇਕੇ ਤੇ ਲੈ ਕੇ ਕੁੱਲ ਢਾਈ ਏਕੜ ਵਿੱਚ ਖੇਤੀ ਕਰਨ ਵਾਲਾ ਛੋਟਾ ਕਿਸਾਨ ਹੈ।। ਉਸ ਨੇ ਕਣਕ ਦੀ ਬਿਜਾਈ ਕਰ ਲਈ ਅਤੇ ਅੱਜ ਉਹ ਆਪਣੇ ਟਰੈਕਟਰ ਲੈ ਕੇ ਖੇਤ ਆਇਆ ਹੋਇਆ ਸੀ, ਤਾਂ ਅਚਾਨਕ ਉਸਦੇ ਟਰੈਕਟਰ ਦੀ ਬੈਟਰੀ ਵਿੱਚੋਂ ਸਪਾਰਕਿੰਗ ਹੋ ਗਈ ਜਿਸ ਕਾਰਨ ਕਣਕ ਦੇ ਟਾਂਗਰ ਨੂੰ ਭਿਆਨਕ ਅੱਗ ਲੱਗ ਗਈ ਅਤੇ ਅੱਗ ਇੰਨੀ ਜ਼ਿਆਦਾ ਤੇਜ਼ੀ ਨਾਲ ਫੈਲ ਗਈ। ਉਸ ਨੇ ਖੇਤ ਵਿੱਚੋਂ ਟਰੈਕਟਰ ਸਮੇਤ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਉਸ ਦੇ ਟਰੈਕਟਰ ਨੂੰ ਵੀ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ ਪਰ ਉਸ ਨੇ ਭੱਜ ਕੇ ਆਪਣੀ ਜਾਨ ਬਚਾ ਲਈ। ਪੀੜਿਤ ਕਿਸਾਨ ਨੇ ਕਿਹਾ ਕਿ ਉਸਦਾ 1 ਲੱਖ 70 ਹਜ਼ਾਰ ਦੀ ਕੀਮਤ ਵਾਲਾ ਟਰੈਕਟਰ ਮੱਚ ਕੇ ਸਵਾਹ ਹੋਇਆ ਹੈ ਉੱਥੇ ਕਣਕ ਦਾ ਟਾਂਗਰ ਵੀ ਮੱਚ ਕੇ ਸਵਾਹ ਹੋ ਗਿਆ।ਜਿਸ ਕਾਰਨ ਉਸਦਾ ਕਰੀਬ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਪੀੜਿਤ ਕਿਸਾਨ ਗੁਰਮੇਲ ਸਿੰਘ ਨੇ ਦੁਖੀ ਮਨ ਨਾਲ ਇਹ ਵੀ ਦੱਸਿਆ ਕਿ ਉਸ ਤੇ ਸੋਸਾਇਟੀ, ਲਿਮਿਟ ਅਤੇ ਆੜਤੀਏ ਸਮੇਤ ਪੰਜ ਲੱਖ ਰੁਪਏ ਦੇ ਕਰੀਬ ਪਹਿਲਾਂ ਹੀ ਕਰਜਾ ਹੈ। ਉੱਤੋਂ ਦੋ ਲੱਖ ਰੁਪਏ ਦਾ ਹੋਰ ਨੁਕਸਾਨ ਹੋ ਜਾਣਾ ਬਹੁਤ ਹੀ ਔਖਾ ਹੈ।
ਕਿਸਾਨ ਦੇ ਹੱਕ ਵਿੱਚ ਨੇੜਲੇ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਨੇ ਆ ਕੇ ਟਰੈਕਟਰ ਤੇ ਲੱਗੀ ਅੱਗ ਨੂੰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਦਾ ਟਰੈਕਟਰ ਮਚ ਕੇ ਸਵਾਹ ਹੋ ਗਿਆ।
ਇਸ ਮੌਕੇ ਭਾਰਤ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਦੇ ਇਕਾਈ ਪ੍ਰਧਾਨ ਬਲਜਿੰਦਰ ਸਿੰਘ ਸਮੇਤ ਪਿੰਡ ਪੰਚਾਇਤ ਨੇ ਪੰਜਾਬ ਸਰਕਾਰ ਤੋਂ ਪੀੜਤ ਕਿਸਾਨ ਨੂੰ ਮੁਆਵਜੇ ਦੀ ਮੰਗ ਕੀਤੀ ਹੈ ਉੱਥੇ ਸਮਾਜ ਸੇਵੀ ਸੰਸਥਾਵਾਂ ਅਤੇ ਵਿਦੇਸ਼ ਬੈਠੇ ਐਨ.ਆਰ.ਆਈ ਭਰਾਵਾਂ ਤੋਂ ਵੀ ਕਿਸਾਨ ਦੇ ਹੱਕ ਵਿੱਚ ਆਉਣ ਦੀ ਮੰਗ ਕਰਦੇ ਕਿਹਾ ਕਿ ਛੋਟੇ ਕਿਸਾਨ ਦੀ ਮਦਦ ਕੀਤੀ ਜਾਵੇ। ਤਾਂ ਜੋ ਆਉਣ ਵਾਲੇ ਸਮੇਂ ਵਿੱਚ ਆਪਣਾ ਗੁਜ਼ਾਰਾ ਕਰ ਸਕੇ।
ਜ਼ਿਕਰਯੋਗ ਹੈ ਕਿ ਪੀੜਤ ਕਿਸਾਨ ਗੁਰਮੇਲ ਸਿੰਘ ਕੋਲ ਆਪਣੀ ਇੱਕ ਏਕੜ ਜਮੀਨ ਅਤੇ ਡੇਢ ਏਕੜ ਠੇਕੇ ਤੇ ਲੈ ਕੇ ਕੁੱਲ ਢਾਈ ਏਕੜ ਜਮੀਨ ਵਿੱਚ ਖੇਤੀ ਕਰਦਾ ਸੀ। ਜਿਸ ਨਾਲ ਉਹ ਆਪਣੀ ਪਤਨੀ,ਤਿੰਨ ਬੱਚਿਆਂ ਅਤੇ ਬਜ਼ੁਰਗ ਮਾਪਿਆ ਨਾਲ ਗੁਜ਼ਾਰਾ ਕਰਦਾ ਸੀ ਪਰ ਇਸ ਘਟਨਾ ਨੇ ਉਸ ਨੂੰ ਆਰਥਿਕ ਪੱਖੋਂ ਕਮਜ਼ੋਰ ਕਰ ਦਿੱਤਾ।
ਸੋ ਵੇਖਣਾ ਹੋਵੇਗਾ ਕਿ ਇਸ ਪੀੜਿਤ ਕਿਸਾਨ ਦੇ ਹੱਕ ਵਿੱਚ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਵਿਦੇਸ਼ ਬੈਠੇ ਐਨਆਰਆਈ ਕੀ ਸਹਿਯੋਗ ਕਰਦੇ ਹਨ।