Mohali News: ਨਸ਼ਿਆਂ ਦੇ ਖਿਲਾਫ ਚਲ ਰਹੀ ਮੁਹਿੰਮ ਅਧੀਨ ਡੇਰਾਬਸੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਸ੍ਰੀ ਸੌਰਵ ਜਿੰਦਲ, ਪੀ.ਪੀ.ਐਸ. ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਜਿਲਾ ਐਸ.ਏ.ਐਸ. ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਤਲਵਿੰਦਰ ਸਿੰਘ (ਕਪਤਾਨ, ਅਪਰੇਸ਼ਨ), ਸ੍ਰੀ ਬਿਕਰਮਜੀਤ ਸਿੰਘ ਬਰਾੜ (ਉਪ ਕਪਤਾਨ, ਸਬ ਡਵੀਜਨ ਡੇਰਾਬਸੀ) ਦੀ ਨਿਗਰਾਨੀ ਹੇਠ ਇੰਸਪੈਕਟਰ ਸੁਮਿਤ ਮੈਰ ਦੀ ਅਗਵਾਈ ‘ਚ ਥਾਣਾ ਡੇਰਾਬਸੀ ਦੀ ਟੀਮ ਨੇ 500 ਗ੍ਰਾਮ ਹੈਰੋਇਨ ਸਮੇਤ ਇਕ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।
ਮੁਖਬਰੀ ਤੇ ਅਮਲ ਕਰਦਿਆਂ ਪੁਲਿਸ ਨੇ ਕੀਤੀ ਗ੍ਰਿਫਤਾਰੀ
ਸ੍ਰੀ ਜਿੰਦਲ ਨੇ ਦੱਸਿਆ ਕਿ 7 ਜੁਲਾਈ 2025 ਨੂੰ ਥਾਣਾ ਡੇਰਾਬਸੀ ਦੀ ਪੁਲਿਸ ਟੀਮ PWD ਰੈਸਟ ਹਾਊਸ ਮੁਬਾਰਿਕਪੁਰ ਨੇੜੇ ਮੌਜੂਦ ਸੀ ਜਦੋਂ ASI ਗੁਰਵਿੰਦਰ ਸਿੰਘ ਨੂੰ ਮੁਖਬਰੀ ਮਿਲੀ ਕਿ ਮੋਹਿਤ ਪੁੱਤਰ ਰਾਜਬੀਰ, ਵਾਸੀ ਪਿੰਡ ਗੁਲਿਆਣਾ (ਜਿਲਾ ਕੈਥਲ, ਹਰਿਆਣਾ), ਜੋ ਕਿ ਜੀਰਕਪੁਰ ਦੇ ਗਾਜੀਪੁਰ ਰੋਡ ਸਥਿਤ ਗੋਲਡਨ ਕੀ ਕੋਲੋਨੀ ਦੇ ਫਲੈਟ ਨੰਬਰ ਸੀ26 ਵਿੱਚ ਕਿਰਾਏਦਾਰ ਵਜੋਂ ਰਹਿ ਰਿਹਾ ਸੀ, ਹੈਰੋਇਨ ਵੇਚਣ ਆ ਰਿਹਾ ਹੈ। ਮੁਖਬਰੀ ਦੇ ਅਧਾਰ ‘ਤੇ ਨਾਕਾਬੰਦੀ ਕਰਕੇ ਪੁਲਿਸ ਨੇ ਮੋਹਿਤ ਨੂੰ PWD ਰੈਸਟ ਹਾਊਸ ਮੁਬਾਰਿਕਪੁਰ ਨੇੜੇ ਦਬੋਚ ਲਿਆ।
ਪੁਲਿਸ ਨੇ ਦੋਸ਼ੀ ਕੋਲੋਂ 500 ਗ੍ਰਾਮ ਹੈਰੋਇਨ (ਮੋਮੀ ਲਿਫਾਫੇ ‘ਚ), ਅਤੇ ਇੱਕ ਪਿੱਠੂ ਬੈਗ ਬਰਾਮਦ ਕੀਤਾ। ਦੋਸ਼ੀ ਦੀ ਉਮਰ ਲਗਭਗ 23 ਸਾਲ ਹੈ, ਉਹ ਬਾਰ੍ਹਵੀਂ ਪਾਸ ਹੈ ਅਤੇ ਅਨਮੈਰਿਡ ਹੈ। ਦੱਸਣਯੋਗ ਗੱਲ ਇਹ ਹੈ ਕਿ ਦੋਸ਼ੀ ਮੋਹਿਤ ਖਿਲਾਫ ਪਹਿਲਾਂ ਕੋਈ ਕਰਮੀਨਲ ਰਿਕਾਰਡ ਨਹੀਂ ਸੀ।
ਅਦਾਲਤ ‘ਚ ਪੇਸ਼ੀ ਤੇ ਪੁੱਛਗਿੱਛ ਜਾਰੀ
ਦੋਸ਼ੀ ਵਿਰੁੱਧ NDPS ਐਕਟ ਦੀ ਧਾਰਾ 21, 61, 85 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ (FIR ਨੰਬਰ 196 ਮਿਤੀ 07-07-2025)। ਮੋਹਿਤ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਗਿਆ ਹੈ, ਜਿੱਥੇ ਉਸ ਤੋਂ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਹੈਰੋਇਨ ਕਿਸ ਕੋਲੋਂ ਲੈ ਕੇ ਆਇਆ ਸੀ ਅਤੇ ਕਿਹੜੇ ਖੇਤਰਾਂ ਵਿੱਚ ਸਪਲਾਈ ਕਰਦਾ ਸੀ।
ਸਥਾਨਕ ਪੁਲਿਸ ਦੀ ਵੱਡੀ ਕਾਰਵਾਈ
ਇਹ ਗ੍ਰਿਫਤਾਰੀ ਸਾਬਤ ਕਰਦੀ ਹੈ ਕਿ ਐਸ.ਏ.ਐਸ. ਨਗਰ ਪੁਲਿਸ ਨਸ਼ੇ ਵਿਰੁੱਧ ਸਖ਼ਤ ਕਾਰਵਾਈ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਮੁਹਿੰਮਾਂ ਅਗਲੇ ਸਮੇਂ ‘ਚ ਹੋਰ ਤੇਜ਼ੀ ਨਾਲ ਚਲਾਈਆਂ ਜਾਣਗੀਆਂ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ।