Farmers Mahapanchayat:ਅੱਜ ਯਾਨੀ 5 ਅਪ੍ਰੈਲ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਤੇ ਜ਼ਿਲ੍ਹਾ ਪ੍ਰਧਾਨ ਜੋਰਾਵਰ ਸਿੰਘ ਬਲਵੇੜਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਜਗਦੀਪ ਸਿੰਘ ਅਲੂਣਾ ਦੀ ਅਗਵਾਈ ਹੇਠ ਪਿੰਡ ਚਪੜ ਵਿਖੇ ਕਿਸਾਨ ਮਹਾ ਪੰਚਾਇਤ ਕੀਤੀ ਗਈ। ਇਸ ਕਿਸਾਨ ਮਹਾ ਪੰਚਾਇਤ ਵਿੱਚ ਵੱਧ ਤੋਂ ਵੱਧ ਜ਼ਿਲਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਨੌਜਵਾਨ, ਬੀਬੀਆਂ, ਸਮਾਜ ਸੇਵੀ ਸੰਸਥਾਵਾਂ ਦੇ ਆਗੂ ਹਾਜ਼ਰ ਹੋਏ।
ਕਿਸਾਨ ਮਹਾਂਪੰਚਾਇਤ ਵਿੱਚ ਉਚੇਚੇ ਤੌਰ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਕਨਵੀਨਰ ਜਗਜੀਤ ਸਿੰਘ ਡੱਲੇਵਾਲ ਉਹਨਾਂ ਨਾਲ ਅਭਿਮੰਨਿਊ ਕੋਹਾੜ, ਨਵਦੀਪ ਜਲਵੇੜਾ ਅਤੇ ਭਾਨਾ ਸਿੱਧੂ ਸ਼ਾਮਿਲ ਹੋਏ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਅਭਿਮਨਿਓ ਕੋਹਾੜ ਨੇ ਕਿਹਾ ਕਿ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਇੱਕ ਪਾਸੇ ਸਰਕਾਰ ਕਿਸਾਨਾਂ ਨਾਲ ਮੀਟਿੰਗਾਂ ਕਰ ਰਹੀ ਹੋਵੇ ਤੇ ਦੂਜੇ ਪਾਸੇ ਮੀਟਿੰਗਾਂ ਤੋਂ ਬਾਅਦ ਸ਼ੰਭੂ ਅਤੇ ਖਨੌਰੀ ਮੋਰਚਿਆਂ ’ਤੇ ਬੈਠੇ ਕਿਸਾਨ ਆਗੂਆਂ ’ਤੇ ਹਮਲਾ ਕਰਦਿਆਂ ਗ੍ਰਿਫਤਾਰ ਕੀਤਾ ਗਿਆ। ਪੰਜਾਬ ਸਰਕਾਰ ਨੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ।
ਇਸ ਮੌਕੇ ਡੱਲੇਵਾਲ ਨੇ ਕਿਹਾ ਕਿ ਐੱਮਐੱਸਪੀ ਦੀ ਗਾਰੰਟੀ ਕਾਨੂੰਨ ਬਣਾਉਣ ਲਈ ਉਹਨਾਂ ਦਾ ਮਰਨ ਵਰਤ ਅਤੇ ਸਰਕਾਰ ਖਿਲਾਫ ਜੰਗ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਜੇਕਰ ਚਾਰ ਮਈ ਨੂੰ ਹੋਣ ਵਾਲੀ ਮੀਟਿੰਗ ਦੌਰਾਨ ਕੇਂਦਰ ਸਰਕਾਰ ਵੱਲੋਂ ਐੱਮਐੱਸਪੀ ਦਾ ਕਾਨੂੰਨ ਨਹੀਂ ਬਣਾਇਆ ਜਾਂਦਾ ਤਾਂ ਦੋਵੇਂ ਫੋਰਸਾਂ ਵੱਲੋਂ ਪਹਿਲਾਂ ਨਾਲੋਂ ਵੱਡਾ ਇਕੱਠ ਕਰਕੇ ਦਿੱਲੀ ਵੱਲ ਕੂਚ ਕੀਤਾ ਜਾਵੇਗਾ। ਉਹਨਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸ਼ੰਭੂ ਅਤੇ ਖਨੌਰੀ ਮੋਰਚਿਆਂ ਤੋਂ ਜੋ ਕਿਸਾਨਾਂ ਦਾ ਸਾਮਾਨ ਟਰੈਕਟਰ ਟਰਾਲੀਆਂ ਜੋ ਵੀ ਚੋਰੀ ਹੋਇਆ ਹੈ, ਸਰਕਾਰ ਤੁਰੰਤ ਉਸ ਦੀ ਭਰਪਾਈ ਕਰੇ ਅਤੇ ਕਿਸਾਨਾਂ ਦਾ ਸਾਮਾਨ ਚੋਰੀ ਕਰਨ ਵਾਲਿਆਂ ਤੇ ਸਖਤ ਤੋਂ ਸਖਤ ਕਾਰਵਾਈ ਕਰੇ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨਾਂ ਦਾ ਗੜੇਮਾਰੀ ਦੌਰਾਨ ਨੁਕਸਾਨ ਹੋਇਆ ਸਰਕਾਰ ਤੁਰੰਤ ਉਨਾਂ ਕਿਸਾਨਾਂ ਲਈ ਮੁਆਵਜਾ ਰਾਸ਼ੀ ਜਾਰੀ ਕਰੇ।