FASTag: ਹੁਣ ਨੈਸ਼ਨਲ ਹਾਈਵੇ ‘ਤੇ ਗੱਡੀ ਚਲਾਉਣ ਵਾਲਿਆਂ ਨੂੰ ਹੋਰ ਵੀ ਜ਼ਿਆਦਾ ਸਾਵਧਾਨ ਰਹਿਣਾ ਪਵੇਗਾ! ਜੇ ਤੁਹਾਡੀ ਗੱਡੀ ‘ਤੇ FASTag ਠੀਕ ਥਾਂ, ਮਤਲਬ ਕੇ ਅਗਲੇ ਸੀਸ਼ੇ (ਵਿੰਡਸਕਰੀਨ) ‘ਤੇ ਨਹੀਂ ਲਗਿਆ ਹੋਇਆ, ਤਾਂ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ (NHAI) ਤੁਹਾਡੇ ਖਿਲਾਫ਼ ਸਖਤ ਕਾਰਵਾਈ ਕਰੇਗੀ। ਅਜਿਹਾ FASTag ਤੁਰੰਤ ਬਲੈਕਲਿਸਟ ਕਰ ਦਿੱਤਾ ਜਾਵੇਗਾ, ਅਰਥਾਤ ਉਹ ਕੰਮ ਕਰਨਾ ਬੰਦ ਕਰ ਦੇਵੇਗਾ। ਇਹ ਕਦਮ ਟੋਲ ਪਲਾਜ਼ਾ ‘ਤੇ ਧੋਖਾਧੜੀ ਰੋਕਣ ਅਤੇ ਭੀੜ ਘਟਾਉਣ ਲਈ ਚੁੱਕਿਆ ਗਿਆ ਹੈ।
ਇਸ ਵਜ੍ਹਾ ਕਰਕੇ ਚੁੱਕਿਆ ਗਿਆ ਇਹ ਕਦਮ
ਸੜਕ ਪਰਿਵਹਨ ਅਤੇ ਰਾਜਮਾਰਗ ਮੰਤਰਾਲੇ (MoRTH) ਨੇ ਦੱਸਿਆ ਹੈ ਕਿ ਇਹ ਕਦਮ ਟੋਲ ਵਸੂਲੀ ਨੂੰ ਹੋਰ ਬਿਹਤਰ ਬਣਾਉਣ ਲਈ ਲੋੜੀਂਦਾ ਸੀ। ਮੰਤਰਾਲੇ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਜਲਦ ਹੀ ਸਾਲਾਨਾ ਪਾਸ ਸਿਸਟਮ ਅਤੇ ਮਲਟੀ-ਲੇਨ ਫ੍ਰੀ ਫਲੋ (MLFF) ਟੋਲਿੰਗ ਵਰਗੀਆਂ ਨਵੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਜਾਣਗੀਆਂ। ਅਜਿਹੇ ਵਿੱਚ FASTag ਦੀ ਸਹੀ ਪਛਾਣ ਅਤੇ ਪੂਰੇ ਸਿਸਟਮ ਦੀ ਭਰੋਸੇਯੋਗਤਾ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਹੁਣ ਟੋਲ ਪਲਾਜ਼ਾ ਚਲਾਉਣ ਵਾਲੀਆਂ ਏਜੰਸੀਆਂ ਅਤੇ ਠੇਕੇਦਾਰਾਂ ਨੂੰ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਜੇਕਰ ਉਨ੍ਹਾਂ ਨੂੰ ਕੋਈ ‘ਲੂਜ਼ FASTag’ (ਜੋ ਠੀਕ ਥਾਂ ਨਾ ਲੱਗਿਆ ਹੋਵੇ) ਦਿੱਸੇ, ਤਾਂ ਉਸ ਦੀ ਤੁਰੰਤ ਜਾਣਕਾਰੀ ਦਿੱਤੀ ਜਾਵੇ। ਇਸ ਨਾਲ ਟੋਲ ਸਿਸਟਮ ਹੋਰ ਵਧੀਆ ਢੰਗ ਨਾਲ ਕੰਮ ਕਰੇਗਾ।
ਕੀ ਹਨ ਦਿੱਕਤਾਂ?
ਸਰਕਾਰ ਦੇ ਮੁਤਾਬਕ, ਕਈ ਵਾਹਨ ਮਾਲਕ ਜਾਣਬੂਝ ਕੇ FASTag ਨੂੰ ਗੱਡੀ ਦੇ ਸੀਸ਼ੇ ‘ਤੇ ਨਹੀਂ ਲਗਾਉਂਦੇ। ਇਸ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ:
ਟੋਲ ਲੇਨ ਵਿੱਚ ਭੀੜ: ਜਦੋਂ FASTag ਠੀਕ ਥਾਂ ਨਹੀਂ ਲੱਗਿਆ ਹੁੰਦਾ, ਤਾਂ ਉਸ ਨੂੰ ਸਕੈਨ ਕਰਨ ਵਿੱਚ ਵੱਧ ਸਮਾਂ ਲੱਗਦਾ ਹੈ, ਜਿਸ ਕਾਰਨ ਟੋਲ ਲੇਨ ਵਿੱਚ ਵਾਹਨਾਂ ਦੀ ਲੰਬੀ ਲਾਈਨ ਲੱਗ ਜਾਂਦੀ ਹੈ।
ਗਲਤ ਟੋਲ ਕਟਣਾ: ਕਈ ਵਾਰੀ ਗਲਤ ਢੰਗ ਨਾਲ ਪੈਸੇ ਕੱਟਣ ਦੀਆਂ ਸ਼ਿਕਾਇਤਾਂ ਆਉਂਦੀਆਂ ਹਨ।
ਸਿਸਟਮ ਦਾ ਗਲਤ ਇਸਤੇਮਾਲ: ਕੁਝ ਲੋਕ ਬੰਦ ਸਿਸਟਮ ਵਾਲੇ ਟੋਲ ਪਲਾਜ਼ਾ ‘ਤੇ FASTag ਦੀ ਗਲਤ ਵਰਤੋਂ ਕਰਦੇ ਹਨ।
ਪੂਰੇ ਸਿਸਟਮ ਵਿੱਚ ਰੁਕਾਵਟ: ਕੁੱਲ ਮਿਲਾ ਕੇ, ਇਲੈਕਟ੍ਰੌਨਿਕ ਟੋਲ ਵਸੂਲੀ ਦੀ ਪੂਰੀ ਪ੍ਰਣਾਲੀ ਵਿੱਚ ਰੁਕਾਵਟ ਆਉਂਦੀ ਹੈ, ਜਿਸ ਕਾਰਨ ਟੋਲ ਪਲਾਜ਼ਾ ‘ਤੇ ਲੋੜ ਤੋਂ ਵੱਧ ਦੇਰੀ ਹੁੰਦੀ ਹੈ ਅਤੇ ਹੋਰ ਯਾਤਰੀਆਂ ਨੂੰ ਵੀ ਪਰੇਸ਼ਾਨੀ ਹੋਂਦੀ ਹੈ।
NHAI ਵੱਲੋਂ ਜਾਰੀ ਹੋਈ ਖਾਸ ਈਮੇਲ ID
ਇਨ੍ਹਾਂ ਸਮੱਸਿਆਵਾਂ ਦਾ ਹੱਲ ਕੱਢਣ ਅਤੇ ਤੁਰੰਤ ਕਾਰਵਾਈ ਕਰਨ ਲਈ NHAI ਨੇ ਇੱਕ ਖਾਸ ਈਮੇਲ ਆਈ.ਡੀ. ਜਾਰੀ ਕੀਤੀ ਹੈ। ਟੋਲ ਵਸੂਲੀ ਕਰ ਰਹੀਆਂ ਏਜੰਸੀਆਂ ਅਤੇ ਠੇਕੇਦਾਰਾਂ ਨੂੰ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਜੇ ਉਨ੍ਹਾਂ ਨੂੰ ਕੋਈ ਢਿੱਲਾ ਜਾਂ ਗਲਤ ਢੰਗ ਨਾਲ ਲੱਗਿਆ FASTag ਮਿਲੇ, ਤਾਂ ਉਸ ਦੀ ਜਾਣਕਾਰੀ ਇਸ ਈਮੇਲ ID ‘ਤੇ ਤੁਰੰਤ ਭੇਜੀ ਜਾਵੇ।
ਰਿਪੋਰਟ ਮਿਲਦਿਆਂ ਹੀ NHAI ਉਸ FASTag ਨੂੰ ਬਲੈਕਲਿਸਟ ਜਾਂ ਹਾਟਲਿਸਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦੇਵੇਗਾ।
ਫਿਲਹਾਲ, ਦੇਸ਼ ਦੇ ਨੈਸ਼ਨਲ ਹਾਈਵੇਜ਼ ‘ਤੇ ਲਗਭਗ 98% ਵਾਹਨ FASTag ਦੀ ਵਰਤੋਂ ਕਰ ਰਹੇ ਹਨ, ਜਿਸ ਨਾਲ ਟੋਲ ਵਸੂਲੀ ਕਾਫੀ ਸੁਚੱਜੀ ਹੋਈ ਹੈ। ਪਰ ਕੁਝ ਲੋਕ ਅਜੇ ਵੀ FASTag ਨੂੰ ਠੀਕ ਥਾਂ ਨਹੀਂ ਲਗਾਉਂਦੇ ਜਾਂ ਉਸ ਨੂੰ ਹੱਥ ਵਿੱਚ ਰੱਖਦੇ ਹਨ, ਜਿਸ ਨਾਲ ਸਿਸਟਮ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੁੰਦੀ ਹੈ ਅਤੇ ਟੋਲ ਵਸੂਲੀ ਵਿੱਚ ਰੁਕਾਵਟ ਆਉਂਦੀ ਹੈ।
ਐਨੂਅਲ ਪਾਸ ਦੀ ਤਿਆਰੀ
ਇਹ ਫੈਸਲਾ FASTag ਵਰਤਣ ਵਾਲਿਆਂ ਲਈ ਜਲਦ ਆ ਰਹੇ ਐਨੂਅਲ ਪਾਸ (ਸਾਲਾਨਾ ਪਾਸ) ਦੀ ਲਾਂਚਿੰਗ ਤੋਂ ਠੀਕ ਪਹਿਲਾਂ ਲਿਆ ਗਿਆ ਹੈ। ਜੂਨ 2025 ਵਿੱਚ ਕੇਂਦਰੀ ਸੜਕ ਪਰਿਵਹਨ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਐਲਾਨ ਕੀਤਾ ਸੀ ਕਿ ਸਰਕਾਰ ਦੇਸ਼ ਭਰ ਦੇ ਨੈਸ਼ਨਲ ਹਾਈਵੇਜ਼ ‘ਤੇ ਆਸਾਨ ਅਤੇ ਸਸਤਾ ਯਾਤਰਾ ਬਣਾਉਣ ਲਈ FASTag-ਅਧਾਰਿਤ ਸਾਲਾਨਾ ਪਾਸ ਸ਼ੁਰੂ ਕਰਨ ਜਾ ਰਹੀ ਹੈ।
ਇਹ ਐਨੂਅਲ ਪਾਸ ₹3000 ਵਿੱਚ ਮਿਲੇਗਾ ਅਤੇ ਇਹ ਐਕਟੀਵੇਸ਼ਨ ਦੀ ਤਾਰੀਖ ਤੋਂ ਲੈ ਕੇ ਇੱਕ ਸਾਲ ਜਾਂ ਵੱਧ ਤੋਂ ਵੱਧ 200 ਯਾਤਰਾਵਾਂ ਤੱਕ ਵੈਧ ਰਹੇਗਾ। ਇਸਨੂੰ ਇਸ ਸਾਲ ਦੀ ਆਜ਼ਾਦੀ ਦਿਵਸ (15 ਅਗਸਤ) ਮੌਕੇ ਲਾਂਚ ਕਰਨ ਦੀ ਯੋਜਨਾ ਹੈ।