Patiala News: ਡਾ. ਜਗਦੀਪ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਜਿਹੇ ਦੂਜੇ ਵੀਸੀ ਬਣ ਗਏ ਹਨ, ਜਿਨ੍ਹਾਂ ਉੱਪਰ ਵੀਸੀ ਦੀ ਕੁਰਸੀ ‘ਤੇ ਰਹਿੰਦਿਆਂ ਪੁਲਿਸ ਪਰਚਾ ਦਰਜ ਹੋਇਆ ਹੈ।
Case of Destroying Copy of Mahan Kosh Containing Errors: ਤਰੁੱਟੀਆਂ ਯੁਕਤ ਮਹਾਨ ਕੋਸ਼ ਦੀ ਕਾਪੀ ਨਸ਼ਟ ਕਰਨ ਦੇ ਮਾਮਲੇ ਵਿੱਚ ਪਟਿਆਲਾ ਪੁਲਸ ਨੇ ਵਿਦਿਆਰਥੀਆਂ ਦੀ ਸ਼ਿਕਾਇਤ ਤੇ ਵੀਸੀ ਡਾ. ਜਗਦੀਪ ਸਿੰਘ, ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ, ਰਜਿਸਟਰਾਰ ਡਾ. ਦਵਿੰਦਰ ਸਿੰਘ, ਪਬਲੀਕੇਸ਼ਨ ਬਿਊਰੋ ਦੇ ਇੰਚਾਰਜ ਡਾ. ਹਰਜਿੰਦਰਪਾਲ ਸਿੰਘ ਕਾਲੜਾ ਅਤੇ ਇੱਕ ਅਣਪਛਾਤੇ ਵਿਅਕਤੀ ਖਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 298 ਤਹਿਤ ਪਰਚਾ ਦਰਜ ਕਰ ਲਿਆ ਹੈ।
ਇਸ ਦੇ ਨਾਲ ਹੀ ਡਾ. ਜਗਦੀਪ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਜਿਹੇ ਦੂਜੇ ਵੀਸੀ ਬਣ ਗਏ ਹਨ, ਜਿਨ੍ਹਾਂ ਉੱਪਰ ਵੀਸੀ ਦੀ ਕੁਰਸੀ ‘ਤੇ ਰਹਿੰਦਿਆਂ ਪੁਲਿਸ ਪਰਚਾ ਦਰਜ ਹੋਇਆ ਹੈ। ਇਸ ਤੋਂ ਪਹਿਲਾਂ ਸਾਲ 2002 ਵਿੱਚ ਤਤਕਾਲੀ ਵੀਸੀ ਡਾ. ਜਸਬੀਰ ਸਿੰਘ ਆਹਲੂਵਾਲੀਆ ਤੇ ਵਿਦਿਆਰਥਣ ਸਾਰੂ ਰਾਣਾ ਦੀ ਸ਼ਿਕਾਇਤ ਤੇ ਬਲਾਤਕਾਰ ਦੀ ਕੋਸ਼ਿਸ਼ ਦਾ ਪਰਚਾ ਦਰਜ ਹੋਇਆ ਸੀ। ਉਸ ਤੋਂ ਵੀ ਪਹਿਲਾਂ ਵੀਸੀ ਡਾ. ਜੋਗਿੰਦਰ ਸਿੰਘ ਪੁਆਰ ਤੇ ਵੀਸੀ ਦੇ ਅਹੁਦੇ ਤੋਂ ਮੁਕਤ ਹੋਣ ਉਪਰੰਤ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਪਰਚਾ ਦਰਜ ਕੀਤਾ ਸੀ।
ਮੌਜੂਦਾ ਮਾਮਲੇ ਵਿੱਚ ਪਟਿਆਲਾ ਦੇ ਥਾਣਾ ਅਰਬਨ ਅਸਟੇਟ ਵਿਖੇ ਦਰਜ ਐਫਆਈਆਰ ਨੰਬਰ 139 ਮਿਤੀ 28-8-2025 ਮੁਤਾਬਕ ਮਨਵਿੰਦਰ ਸਿੰਘ, ਨਿਰਮਲਜੀਤ ਸਿੰਘ, ਯਾਦਵਿੰਦਰ ਸਿੰਘ, ਮਨਦੀਪ ਸਿੰਘ, ਸਾਹਿਲਦੀਪ ਸਿੰਘ, ਕੁਲਦੀਪ ਸਿੰਘ ਅਤੇ ਬਲਵਿੰਦਰ ਸਿੰਘ ਵੱਲੋਂ ਸਾਂਝੇ ਤੌਰ ਕੇ ਬਿਆਨ ਦਰਜ ਕਰਵਾਇਆ ਹੈ।
ਬਿਆਨ ਵਿੱਚ ਕਿਹਾ ਗਿਆ ਹੈ ਉਕਤ ਸ਼ਿਕਾਇਤੀਆਂ ਦੇ ਧਿਆਨ ਵਿੱਚ ਆਇਆ ਕਿ ਪੰਜਾਬੀ ਯੂਨੀਵਰਸਿਟੀ ਵਿਖੇ ਭਾਈ ਕਾਨ ਸਿੰਘ ਨਾਭਾ ਜੀ ਦੀ ਲਿਖਤ ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਦੀਆਂ ਪੋਥੀਆ ਨੂੰ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਜਗਦੀਪ ਸਿੰਘ ਵੱਲੋਂ ਨਾਮਜਦ ਕਮੇਟੀ ਨੇ ਇੱਕ ਸਾਜ਼ਿਸ਼ ਤਹਿਤ ਉਕਤ ਪੋਥੀਆਂ ਨੂੰ ਬਿਨਾ ਮਰਿਆਦਾ ਅਤੇ ਸਤਿਕਾਰ ਦੇ ਯੂਨੀਵਰਸਿਟੀ ਦੇ ਕੈਂਪਸ ਅੰਦਰ ਬਾਗਬਾਨੀ ਵਿਭਾਗ ਦੇ ਅੰਦਰ ਟੋਏ ਪੁੱਟ ਕੇ ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਨੂੰ ਪੈਰਾਂ ਵਿੱਚ ਲੜਾਤਦੇ ਹੋਏ ਡੂੰਗੇ ਟੋਏ ਵਿੱਚ ਪਾਣੀ ਭਰ ਕੇ ਬੇਅਦਬੀ ਕੀਤੀ ਹੈ।
ਬਾਗਬਾਨੀ ਵਿਭਾਗ ਵਿਖੇ ਬੇਅਦਬੀ ਨੂੰ ਅੰਜਾਮ ਦਿੱਤਾ ਜਾ ਰਿਹਾ
ਇਸ ਬਾਰੇ ਪਤਾ ਲੱਗਣ ਤੇ ਅਸੀਂ ਸਮੂਹ ਵਿਦਿਆਰਥੀਆਂ ਨੇ ਬੇਅਦਬੀ ਦੀ ਘਟਣਾ ਵਾਲੀ ਥਾਂ ‘ਤੇ ਪਹੁੰਚਣ ਲਈ ਯੂਨੀਵਰਸਿਟੀ ਪ੍ਰਸ਼ਾਸ਼ਨ ਨੂੰ ਕਿਹਾ ਕਿ ਬਾਗਬਾਨੀ ਵਿਭਾਗ ਵਿਖੇ ਬੇਅਦਬੀ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਅਸੀਂ ਉਕਤ ਵਿਦਿਆਰਥੀਆਂ ਅਤੇ ਹੋਰ ਵਿਦਿਆਰਥੀਆਂ ਦੀ ਸਹਾਇਤਾ ਨਾਲ ਇਸ ਬੇਅਦਬੀ ਨੂੰ ਰੁਕਵਾਇਆ।
ਇਸ ਬੇਅਦਬੀ ਲਈ ਹਰਜਿੰਦਰਪਾਲ ਸਿੰਘ ਕਾਲੜਾ ਇੰਚਾਰਜ ਪਬਲੀਕੇਸ਼ਨ ਬਿਉਰੋ, ਡਾ. ਦਵਿੰਦਰਪਾਲ ਸਿੰਘ ਰਜਿਸਟਰਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਜਸਵਿੰਦਰ ਸਿੰਘ ਬਰਾੜ ਡੀਨ ਅਕਾਦਮਿਕ ਮਾਮਲੇ, ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਅਤੇ ਉਹਨਾਂ ਵੱਲੋ ਮਹਾਨ ਕੋਸ਼ ਨੂੰ ਨਸ਼ਟ ਕਰਨ ਲਈ ਬਣਾਈ ਕਮੇਟੀ ਦੇ ਮੈਂਬਰ ਜਿੰਮੇਵਾਰ ਹਨ, ਜਿਨ੍ਹਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਵਿਦਿਆਰਥੀਆਂ ਦੀ ਇਸ ਸ਼ਿਕਾਇਤ ਤੇ ਪੁਲਸ ਨੇ ਧਾਰਾ 298 ਤਹਿਤ ਪਰਚਾ ਦਰਜ ਕਰ ਲਿਆ ਹੈ। ਇਹ ਧਾਰਾ ਕਿਸੀ ਵਰਗ ਦੇ ਧਰਮ ਦੇ ਅਪਮਾਨ ਦੇ ਇਰਾਦੇ ਨਾਲ ਪੂਜਾ ਸਥਾਨ ਜਾਂ ਪਵਿੱਤਰ ਵਸਤੂ ਨੂੰ ਨੁਕਸਾਨ ਪਹੁੰਚਾਉਣ ਜਾਂ ਅਪਵਿੱਤਰ ਕਰਨ ਨਾਲ ਸਬੰਧਤ ਹੈ। ਇਸਦੇ ਤਹਿਤ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਜਾਂ ਵਿਅਕਤੀਆਂ ਨੂੰ ਦੋ ਸਾਲ ਦੀ ਕੈਦ, ਜਾਂ ਜੁਰਮਾਨਾ ਜਾਂ ਦੋਵਾਂ ਨਾਲ ਦੰਡਤ ਕੀਤਾ ਜਾ ਸਕਦਾ ਹੈ।