Boeing 787 Crash: ਅਹਿਮਦਾਬਾਦ ਜਹਾਜ਼ ਹਾਦਸੇ ਵਿੱਚ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲੇ 60 ਪੀੜਤਾਂ ਦੇ ਪਰਿਵਾਰਾਂ ਨੇ ਹੁਣ ਅਮਰੀਕੀ ਅਦਾਲਤ ਵਿੱਚ ਨਿਆਂ ਲਈ ਲੰਬੀ ਲੜਾਈ ਲੜਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਪਰਿਵਾਰਾਂ ਨੇ ਜਹਾਜ਼ ਦੀ ਨਿਰਮਾਤਾ, ਬੋਇੰਗ ਕੰਪਨੀ ਵਿਰੁੱਧ ਕਾਨੂੰਨੀ ਕਾਰਵਾਈ ਦੀ ਤਿਆਰੀ ਕੀਤੀ ਹੈ ਅਤੇ ਇਸ ਲਈ ਉਨ੍ਹਾਂ ਨੇ ਪ੍ਰਸਿੱਧ ਅਮਰੀਕੀ ਹਵਾਬਾਜ਼ੀ ਕਾਨੂੰਨ ਵਿਦਵਾਨ ਮਾਈਕ ਐਂਡਰਿਊਜ਼ ਨੂੰ ਆਪਣੇ ਕਾਨੂੰਨੀ ਪ੍ਰਤੀਨਿਧੀ ਵਜੋਂ ਨਿਯੁਕਤ ਕੀਤਾ ਹੈ।
ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਕਾਕਪਿਟ ਵੌਇਸ ਰਿਕਾਰਡਰ (CVR) ਅਤੇ ਫਲਾਈਟ ਡੇਟਾ ਰਿਕਾਰਡਰ (FDR) ਦਾ ਅਸਲੀ ਅਤੇ ਅਣਸੰਪਾਦਿਤ ਡੇਟਾ ਮੰਗ ਰਹੇ ਹਨ, ਤਾਂ ਜੋ ਕਿਸੇ ਤੀਜੇ ਪੱਖ ਵੱਲੋਂ ਨਿਰਪੱਖ ਜਾਂਚ ਕਰਵਾਈ ਜਾ ਸਕੇ।
12 ਜੂਨ ਨੂੰ ਦੁਪਹਿਰ 1:38 ਵਜੇ ਅਹਿਮਦਾਬਾਦ ਤੋਂ ਲੰਡਨ ਲਈ ਉਡੀ ਏਅਰ ਇੰਡੀਆ ਦੀ ਉਡਾਣ AI-171 (ਬੋਇੰਗ 787 ਡ੍ਰੀਮਲਾਈਨਰ) ਮੇਘਨਗਰ ਦੇ ਆਈਜੀਪੀ ਕਾਲੋਨੀ ਨੇੜੇ ਕਰੈਸ਼ ਹੋ ਗਈ। ਇਸ ਭਿਆਨਕ ਹਾਦਸੇ ਵਿੱਚ ਕੁੱਲ 270 ਲੋਕਾਂ ਦੀ ਜਾਨ ਚਲੀ ਗਈ, ਜਿਨ੍ਹਾਂ ਵਿੱਚ ਚਾਲਕ ਦਲ ਦੇ 12 ਮੈਂਬਰ, 230 ਯਾਤਰੀ ਅਤੇ ਜਹਾਜ਼ ਦੇ ਤਬਾਹੀ ਦੇ ਖੇਤਰ ਵਿੱਚ ਮੌਜੂਦ ਹੋਰ ਲੋਕ ਸ਼ਾਮਲ ਸਨ।
ਯਾਤਰੀਆਂ ਵਿੱਚ 169 ਭਾਰਤੀ, 53 ਬ੍ਰਿਟਿਸ਼, 7 ਪੁਰਤਗਾਲੀ ਅਤੇ 1 ਕੈਨੇਡੀਅਨ ਨਾਗਰਿਕ ਸਵਾਰ ਸਨ। ਹਾਦਸੇ ਵਿੱਚ ਸਿਰਫ ਇੱਕ ਵਿਅਕਤੀ ਰਮੇਸ਼ ਵਿਸ਼ਵਾਸ ਹੀ ਚਮਤਕਾਰੀ ਢੰਗ ਨਾਲ ਬਚ ਸਕਿਆ। ਇਸ ਤੋਂ ਇਲਾਵਾ, ਆਸ-ਪਾਸ ਦੀ ਇਮਾਰਤਾਂ ਵਿੱਚ ਰਹਿਣ ਵਾਲੇ ਲੋਕਾਂ, ਡਾਕਟਰਜ਼ ਹੋਸਟਲ ਅਤੇ ਅਤੁਲਯਮ ਇੰਟਰਨ ਡਾਕਟਰਾਂ ਦੀ ਵੀ ਮੌਤ ਹੋਈ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਦੀ ਵੀ ਹਾਦਸੇ ਵਿੱਚ ਮੌਤ ਹੋ ਗਈ।
ਵਕੀਲ ਮਾਈਕ ਐਂਡਰਿਊਜ਼, ਜੋ ਕਿ ਪਹਿਲਾਂ ਫੋਰਡ, ਵੋਕਸਵੈਗਨ ਅਤੇ ਹੋਰ ਵੱਡੀਆਂ ਕੰਪਨੀਆਂ ਵਿਰੁੱਧ ਕੇਸ ਲੜ ਚੁੱਕੇ ਹਨ, ਹੁਣ ਅਹਿਮਦਾਬਾਦ ਹਾਦਸੇ ਦੇ ਪੀੜਤ ਪਰਿਵਾਰਾਂ ਲਈ ਨਿਆਂ ਦੀ ਲੜਾਈ ਲੜਣਗੇ। ਉਨ੍ਹਾਂ ਨੇ ਹਾਦਸੇ ਦੀ ਜਾਂਚ ਨੂੰ ਲੈ ਕੇ ਸ਼ੱਕ ਜਤਾਉਂਦੇ ਹੋਏ, ਬੋਇੰਗ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਗੱਲ ਕਹੀ ਹੈ।
ਇਹ ਮਾਮਲਾ ਹੁਣ ਅੰਤਰਰਾਸ਼ਟਰੀ ਪੱਧਰ ‘ਤੇ ਪਹੁੰਚ ਗਿਆ ਹੈ, ਜਿੱਥੇ ਬੋਇੰਗ ਵਰਗੀ ਵਿਸ਼ਵ ਪ੍ਰਸਿੱਧ ਕੰਪਨੀ ਤੋਂ ਨਿਆਂ ਲੈਣਾ ਅਸਾਨ ਨਹੀਂ, ਪਰ ਪੀੜਤ ਪਰਿਵਾਰਾਂ ਦੀ ਉਮੀਦ ਅਤੇ ਲੜਾਈ ਦਿਲੋਂ ਸਲਾਮ ਜੋਗ ਹੈ।