16 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾਇਆ ਗਿਆ, 8 ਜ਼ਿਲ੍ਹਿਆਂ ‘ਚ ਹਾਲਾਤ ਗੰਭੀਰ
Floods In Punjab: ਪੰਜਾਬ ਵਿੱਚ ਪਿਛਲੇ ਇੱਕ ਹਫ਼ਤੇ ਵਿੱਚ ਆਏ ਭਿਆਨਕ ਹੜ੍ਹਾਂ ਨੇ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਸਰਕਾਰੀ ਅੰਕੜਿਆਂ ਅਨੁਸਾਰ, ਹੜ੍ਹ ਨਾਲ ਸਬੰਧਤ ਘਟਨਾਵਾਂ ਵਿੱਚ ਹੁਣ ਤੱਕ 24 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਗੈਰ-ਸਰਕਾਰੀ ਸੂਤਰਾਂ ਅਨੁਸਾਰ, ਇਹ ਗਿਣਤੀ 40 ਦੇ ਕਰੀਬ ਹੋ ਸਕਦੀ ਹੈ।
ਹੜ੍ਹਾਂ ਦੇ ਵਧਦੇ ਖ਼ਤਰੇ ਦੇ ਮੱਦੇਨਜ਼ਰ ਮੋਹਾਲੀ, ਪਟਿਆਲਾ, ਸੰਗਰੂਰ ਅਤੇ ਮਾਨਸਾ ਜ਼ਿਲ੍ਹਿਆਂ ਵਿੱਚ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਹਾਈ ਅਲਰਟ ‘ਤੇ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।
ਜ਼ਿਲ੍ਹਾ-ਵਾਰ ਸਥਿਤੀ
- ਪਠਾਨਕੋਟ: 8 ਮੌਤਾਂ
- ਹੁਸ਼ਿਆਰਪੁਰ: 7 ਮੌਤਾਂ
- ਬਰਨਾਲਾ: 3
- ਗੁਰਦਾਸਪੁਰ: 2
- ਰੂਪਨਗਰ (ਰੋਪੜ): 3
ਅੱਜ ਸਵੇਰੇ ਬਰਨਾਲਾ ’ਚ ਇੱਕ ਵਿਅਕਤੀ ਦੀ ਮੀਂਹ ਕਾਰਨ ਘਰ ਦੀ ਛੱਤ ਡਿੱਗਣ ਨਾਲ ਮੌਤ ਹੋ ਗਈ, ਜਦਕਿ ਡੇਰਾ ਬਾਬਾ ਨਾਨਕ ਦੇ ਪਿੰਡ ਰਹੀਮਾਬਾਦ ਵਿੱਚ ਦੋ ਨੌਜਵਾਨ ਪਾਣੀ ‘ਚ ਰੁੜ੍ਹ ਗਏ, ਜਿਨ੍ਹਾਂ ‘ਚੋਂ ਇੱਕ ਵਿਅਕਤੀ ਨੂੰ ਬਚਾ ਲਿਆ ਗਿਆ ਅਤੇ ਦੂਜਾ ਵਿਨੈ ਕੁਮਾਰ ਹਾਲੇ ਤੱਕ ਲਾਪਤਾ ਹੈ।
16 ਹਜ਼ਾਰ ਤੋਂ ਵੱਧ ਲੋਕਾਂ ਨੂੰ ਕੀਤਾ ਗਿਆ ਰੈਸਕਿਊ
ਹੜ੍ਹਾਂ ਦੀ ਲਪੇਟ ’ਚ ਆਏ ਪਿੰਡਾਂ ਵਿੱਚੋਂ ਲਗਭਗ 16 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪੁਚਾਇਆ ਗਿਆ ਹੈ। ਰਾਹਤ ਅਤੇ ਬਚਾਅ ਕਾਰਜ ‘ਚ ਸਰਕਾਰ, ਸੈਨਾ, ਐਨਡੀਆਰਐਫ, ਅਤੇ ਸਮਾਜਿਕ ਸੰਸਥਾਵਾਂ ਮਿਲ ਕੇ ਕੰਮ ਕਰ ਰਹੀਆਂ ਹਨ।
ਡੈਮਾਂ ਤੇ ਨਦੀਆਂ ਦੀ ਹਾਲਤ
- ਭਾਖੜਾ ਡੈਮ: 72,868 ਕਿਊਸਿਕ
- ਪੌਂਗ ਡੈਮ: 72,214 ਕਿਊਸਿਕ
- ਰਣਜੀਤ ਸਾਗਰ ਡੈਮ: 89,207 ਕਿਊਸਿਕ
ਘੱਗਰ ਨਦੀ ’ਚ ਅੱਜ ਸਵੇਰੇ ਪਾਣੀ ਦਾ ਵਹਾਅ 70,706 ਕਿਊਸਿਕ ਸੀ, ਜੋ ਸ਼ਾਮ ਤੱਕ ਘਟ ਕੇ 22,000 ਤੇ ਆ ਗਿਆ, ਪਰ ਹਾਲਾਤ ਹਾਲੇ ਵੀ ਨਾਜ਼ੁਕ ਹਨ। ਪਿਛਲੇ 24 ਘੰਟਿਆਂ ਦੌਰਾਨ ਰਾਤ 12 ਵਜੇ ਇਹ ਪੱਧਰ ਸਿਰਫ਼ 1350 ਕਿਊਸਿਕ ਸੀ, ਜੋ ਇਕਦਮ ਵਧਿਆ।
350 ਪਿੰਡ ਰਾਵੀ ਦੀ ਮਾਰ ਹੇਠ
ਰਾਵੀ ਦਰਿਆ ਵਿੱਚ ਆਏ ਭਾਰੀ ਵਹਾਅ ਕਾਰਨ 350 ਪਿੰਡ ਪ੍ਰਭਾਵਿਤ ਹੋ ਚੁੱਕੇ ਹਨ। ਸਿਰਫ਼ ਰਾਵੀ ਹੀ ਨਹੀਂ, ਸਤਲੁਜ ਦਰਿਆ ਦੇ ਵਾਧੇ ਨਾਲ ਫ਼ਿਰੋਜ਼ਪੁਰ ਤੇ ਫ਼ਾਜ਼ਿਲਕਾ ’ਚ ਹਸੈਨੀਵਾਲਾ ਚੈੱਕ ਪੋਸਟ ਵੀ ਪ੍ਰਭਾਵਿਤ ਹੋਈ ਹੈ।
ਟਰੇਨਾਂ ਤੇ ਆਵਾਜਾਈ ‘ਤੇ ਅਸਰ
- 32 ਟਰੇਨਾਂ ਰੱਦ
- ਪੰਜਾਬ-ਜੰਮੂ ਸੜਕ ਮਾਰਗ ਪ੍ਰਭਾਵਿਤ
ਅਗਲੇ ਦਿਨਾਂ ਲਈ ਚਿਤਾਵਨੀ
ਮੌਸਮ ਵਿਭਾਗ ਅਨੁਸਾਰ ਅਗਲੇ ਤਿੰਨ ਦਿਨਾਂ ਤੱਕ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਕਾਰਨ ਡੈਮਾਂ ’ਚੋਂ ਪਾਣੀ ਛੱਡਣਾ ਘਟਾਇਆ ਨਹੀਂ ਗਿਆ, ਤਾਂ ਜੋ ਹੋਰ ਪਾਣੀ ਦੀ ਆਮਦ ਲਈ ਥਾਂ ਬਣ ਸਕੇ।
ਪ੍ਰਸ਼ਾਸਨ ਅਲਰਟ ‘ਤੇ
ਪੰਜਾਬ ਸਰਕਾਰ ਨੇ 165 ਕਿਲੋਮੀਟਰ ਲੰਮੀ ਘੱਗਰ ਨਦੀ ‘ਤੇ 16 ਅਜਿਹੇ ਪੁਆਇੰਟ ਸਨਾਖਤ ਕੀਤੇ ਹਨ ਜਿੱਥੋਂ ਹੜ੍ਹ ਪਾਣੀ ਦੇ ਵਧਣ ਨਾਲ ਖ਼ਤਰਾ ਵਧ ਸਕਦਾ ਹੈ। ਮੁਹਾਲੀ ਦੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਟਿਵਾਣਾ ਪਿੰਡ ਦਾ ਦੌਰਾ ਕਰਕੇ ਹਾਲਾਤ ਦਾ ਜਾਇਜ਼ਾ ਲਿਆ।