MP Harsimrat Badal condemned Rahul Gandhi: ਹਰਸਿਮਰਤ ਬਾਦਲ ਨੇ ਕਿਹਾ ਕਿ ਜਵਾਬ ਟਾਲਣ ਤੋਂ ਹੀ ਪਤਾ ਚਲਦਾ ਹੈ ਕਿ ਰਾਹੁਲ ਗਾਂਧੀ ਦੇ ਮਨ ਵਿਚ ਸਿੱਖ ਭਾਈਚਾਰੇ ਪ੍ਰਤੀ ਕਿੰਨੀ ’ਪੀੜਾ’ ਹੈ।
Op Bluestar and 1984 Sikh Genocide: ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮਪੀ ਹਰਸਿਮਰਤ ਕੌਰ ਬਾਦਲ ਨੇ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਹਮਲੇ ਅਤੇ ਕਾਂਗਰਸ ਵੱਲੋਂ ਕਰਵਾਏ 1984 ਦੇ ਸਿੱਖ ਕਤਲੇਆਮ ਦੀ ਮੁਆਫੀ ਨਾ ਮੰਗਣ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ।
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਜਾਣਦੇ ਹੋਏ ਵੀ ਕਿ ਉਨ੍ਹਾਂ ਦੀ ਦਾਦੀ ਨੇ 1984 ’ਚ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਦੇ ਹੁਕਮ ਦਿੱਤੇ ਅਤੇ ਉਨ੍ਹਾਂ ਦੇ ਪਿਤਾ ਦੇ ਚੇਲਿਆਂ ਨੇ ਦਿੱਲੀ ਦੀਆਂ ਸੜਕਾਂ ’ਤੇ ਸਿੱਖਾਂ ਦਾ ਕਤਲੇਆਮ ਕਰਨ ਤੇ ਉਨ੍ਹਾਂ ਨੂੰ ਜਿਉਂਦਿਆਂ ਸਾੜਨ ਵਰਗੇ ਕਤਲੇਆਮ ਦੀ ਅਗਵਾਈ ਕੀਤੀ, ਰਾਹੁਲ ਗਾਂਧੀ ਨੇ ਉਸ ਸਵਾਲ ਨੂੰ ਪਲਟਣ ਦੀ ਕੋਸ਼ਿਸ਼ ਕੀਤੀ ਸੀ ਜਿਸ ਵਿਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ 1 ਹਜ਼ਾਰ ਸਿੱਖਾਂ ਦਾ ਕਤਲੇਆਮ ਕਰਨ ਵਾਲੀ ਭੀੜ ਵਿਚ ਕਾਂਗਰਸ ਪਾਰਟੀ ਦੀ ਭੂਮਿਕਾ ’ਤੇ ਸਵਾਲ ਚੁੱਕੇ ਗਏ।
ਬਾਦਲ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਅਮਰੀਕਾ ਦੀ ਬਰਾਊਨ ਯੂਨੀਵਰਸਿਟੀ ਵਿਚ ਇਸ ਸਵਾਲ ਦਾ ਜਵਾਬ ਦੇਣ ਲਈ ਮਜਸ਼ੁਰ ਕੀਤਾ ਗਿਆ ਤਾਂ ਕਾਂਗਰਸੀ ਆਗੂ ਨੇ ਆਪਣੀ ਦਾਦੀ ਤੇ ਪਿਤਾ ਵੱਲੋਂ ਕੀਤੇ ਗੁਨਾਹਾਂ ਦੀ ਮੁਆਫੀ ਨਹੀਂ ਮੰਗੀ ਬਲਕਿ ਇਹ ਕਹਿ ਕੇ ਟਲਣ ਦੀ ਕੋਸ਼ਿਸ਼ ਕੀਤੀ ਕਿ ਇਹ ਦੋਵੇਂ ਮਾਮਲੇ ਕਈ ਸਾਲ ਪਹਿਲਾਂ ਵਾਪਰੇ ਸੀ।
ਹਰਸਿਮਰਤ ਬਾਦਲ ਨੇ ਕਿਹਾ ਕਿ ਜਵਾਬ ਟਾਲਣ ਤੋਂ ਹੀ ਪਤਾ ਚਲਦਾ ਹੈ ਕਿ ਰਾਹੁਲ ਗਾਂਧੀ ਦੇ ਮਨ ਵਿਚ ਸਿੱਖ ਭਾਈਚਾਰੇ ਪ੍ਰਤੀ ਕਿੰਨੀ ’ਪੀੜਾ’ ਹੈ। ਉਨ੍ਹਾਂ ਕਿਹਾ ਕਿ ਬਜਾਏ ਕਿ ਸਿੱਖਾਂ ਦੀ ਇਸ ਗੱਲ ਲਈ ਸ਼ਲਾਘਾ ਕਰਨ ਦੇ ਕਿ ਸਿੱਖਾਂ ਨੇ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਵਿਚ ਦਾਖਲ ਹੋਣ ਤੋਂ ਨਹੀਂ ਰੋਕਿਆ, ਰਾਹੁਲ ਗਾਂਧੀ ਨੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਸ੍ਰੀ ਦਰਬਾਰ ਸਾਹਿਬ ਵਿਚ ਉਨ੍ਹਾਂ ਦਾ ਆਉਣਾ ਉਨ੍ਹਾਂ ਅਤੇ ਕਾਂਗਰਸ ਪਰਿਵਾਰ ਲਈ ਕਲੀਨ ਚਿੱਟ ਹੈ ਜਦੋਂ ਕਿ ਇਹ ਤੱਥ ਸੱਚਾਈ ਤੋਂ ਕੋਹਾਂ ਦੂਰ ਹੈ।
ਰਾਹੁਲ ਗਾਂਧੀ ਨੂੰ ਮੁਆਫੀ ਮੰਗਣੀ ਚਾਹੀਦੀ
ਬਾਦਲ ਨੇ ਕਿਹਾ ਕਿ ਸਾਡੇ ਗੁਰੂ ਘਰ ਸਾਰਿਆਂ ਲਈ ਖੁੱਲ੍ਹੇ ਹਨ। ਰਾਹੁਲ ਗਾਂਧੀ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਅਤੇ ਰਾਹੁਲ ਗਾਂਧੀ ਨੂੰ ਇਹ ਸਮਝਣਾ ਚਾਹੀਦਾ ਹੈ ਅਤੇ ਗੁਰੂ ਘਰ ਆਉਣ ਸਮੇਂ ਆਪਣੇ ਪਰਿਵਾਰ ਦੇ ਕੀਤੇ ਕਾਰਿਆਂ ਲਈ ਮੁਆਫੀ ਮੰਗਣੀ ਚਾਹੀਦੀ ਹੈ ਨਾ ਕਿ ਆਪਣੇ ਆਪ ਨੂੰ ਪਾਕ ਸਾਫ ਦੱਸਣਾ ਚਾਹੀਦਾ ਹੈ।
ਨਾਲ ਹੀ ਐਮਪੀ ਬਾਦਲ ਨੇ ਕਿਹਾ ਕਿ ਇਹ ਵੀ ਬਹੁਤ ਸ਼ਰਮ ਵਾਲੀ ਗੱਲ ਹੈ ਕਿ ਬਜਾਏ ਆਪਣੇ ਗੁਨਾਹ ਮੰਨਣ ਦੇ ਗਾਂਧੀ ਪਰਿਵਾਰ ਨੇ ਇਕ ਸਿੱਖ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੋਂ 1984 ਦੀ ਮੁਆਫੀ ਮੰਗਵਾਈ। ਉਹਨਾਂ ਨੇ ਰਾਹੁਲ ਗਾਂਧੀ ਨੂੰ ਸਵਾਲ ਕੀਤਾ ਕਿ ਉਹ ਦੱਸਣ ਕਿ ਉਹਨਾਂ ਨੇ ਵਿਦੇਸ਼ ਵਿਚ ਦਿੱਤੇ ਆਪਣੇ ਬਿਆਨ ਵਿਚ ਕਿਸਨੂੰ ’ਮੰਦਭਾਗਾ’ ਕਰਾਰ ਦਿੱਤਾ। ਉਹਨਾਂ ਕਿਹਾ ਕਿ ਕੀ ਉਹ ਸਮਝਦੇ ਹਨ ਕਿ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਮੰਦਭਾਗਾ ਹੈ ਜਾਂ ਇਸ ਮਗਰੋਂ ਕਾਂਗਰਸ ਪਾਰਟੀ ਵੱਲੋਂ ਕੀਤਾ ਗਿਆ ਕਤਲੇਆਮ ਅਤੇ ਪੰਜਾਬ ਵਿਚ ਅਤਿਵਾਦ ਦੇ ਪਸਾਰ ਵਿਚ ਕਾਂਗਰਸ ਪਾਰਟੀ ਦੀ ਭੂਮਿਕਾ ਮੰਦਭਾਗੀ ਹੈ।
ਉਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ ਗਾਂਧੀ ਪਰਿਵਾਰ ਦੇ ਨਾਲ-ਨਾਲ ਕਾਂਗਰਸ ਪਾਰਟੀ ਨੂੰ ਸ੍ਰੀ ਦਰਬਾਰ ਸਾਹਿਬ ’ਤੇ ਕੀਤੇ ਹਮਲੇ ਅਤੇ 1984 ਵਿਚ ਹੋਏ ਸਿੱਖ ਕਤਲੇਆਮ ਦਾ ਕੋਈ ਅਫਸੋਸ ਨਹੀਂ ਹੈ। ਦੋਵੇਂ ਲਗਾਤਾਰ ਜਗਦੀਸ਼ ਟਾਈਟਲਰ, ਸੱਜਣ ਕੁਮਾਰ ਤੇ ਕਮਲਨਾਥ ਵਰਗੇ ਦੋਸ਼ੀਆਂ ਦੀ ਲਗਾਤਾਰ ਪੁਸ਼ਤਪਨਾਹੀ ਕਰਦੇ ਰਹੇ ਹਨ ਤੇ ਉਨ੍ਹਾਂ ਨੂੰ ਤਰੱਕੀਆਂ ਦਿੰਦੇ ਰਹੇ ਹਨ। ਬਾਦਲ ਕਿਹਾ ਕਿ ’ਮੁਆਫੀ’ ਸ਼ਬਦ ਤਾਂ ਹਾਲੇ ਤੱਕ ਰਾਹੁਲ ਗਾਂਧੀ ਦੇ ਮੂੰਹ ’ਤੇ ਨਹੀਂ ਆਇਆ। ਇਸ ਤੋਂ ਸਾਬਤ ਹੁੰਦਾ ਹੈ ਕਿ ਰਾਹੁਲ ਗਾਂਧੀ ਹਾਲੇ ਵੀ ਟਾਈਟਲਰ ਤੇ ਸੱਜਣ ਕੁਮਾਰ ਵਰਗਿਆਂ ਨੂੰ ਪਸੰਦ ਕਰਦੇ ਹਨ ਨਾ ਕਿ ਸਿੱਖ ਕੌਮ ਨੂੰ ਕਰਦੇ ਹਨ।