Bikram Singh Majithia: ਭੈਣ ਭਰਾ ਦੇ ਮੋਹ ਦਾ ਪ੍ਰਤੀਕ ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਸੰਸਦ ਮੈਂਬਰ ਹਰਸਿਮਰਤ ਕੋਰ ਬਾਦਲ ਅੱਜ ਦੁਪਹਿਰ ਕਰੀਬ ਸਵਾ ਦੋ ਵਜੇ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ’ਚ ਨਜ਼ਰਬੰਦ ਆਪਣੇ ਭਰਾ ਬਿਕਰਮ ਸਿੰਘ ਮਜੀਠੀਆ ਨੂੰ ਰੱਖੜੀ ਬੰਨਣ ਦੇ ਲਈ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਪਹੁੰਚੇ। ਇਸ ਮੌਕੇ ’ਤੇ ਜੇਲ੍ਹ ਦੇ ਗੇਟ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵਲੋਂ ਪੰਜਾਬ ਸਰਕਾਰ ’ਤੇ ਸ਼ਬਦੀ ਹਮਲੇ ਕੀਤੇ ਗਏ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰੱਖੜੀ ਵਾਲੇ ਦਿਨ ਵੀ ਮੈਨੂੰ ਮਿਲਣ ਨਹੀਂ ਦੇ ਰਹੀ, ਜੋ ਕੋਈ ਬਹੁਤ ਹੀ ਮਾੜੀ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ, ਜੋ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਹੀ ਹੈ, ਬਹੁਤ ਹੀ ਸ਼ਰਮਨਾਕ ਗੱਲ ਹੈ, ਕਿਉਂਕਿ ਮੈਨੂੰ ਜੇਲ੍ਹ ਦੇ ਬਾਹਰ ਕਾਫ਼ੀ ਸਮਾਂ ਰੋਕੀ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ਼ਾਰੇ ’ਤੇ ਹੋ ਰਿਹਾ ਹੈ।
ਬਾਦਲ ਨੇ ਕਿਹਾ ਕਿ ਉਹ ਪਿਛਲੇ ਮਹੀਨਿਆਂ ਤੋਂ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨ ਲਈ ਆਗਿਆ ਮੰਗ ਰਹੇ ਸਨ ਅਤੇ ਹੁਣ ਪਿਛਲੇ ਕਰੀਬ ਚਾਰ ਦਿਨਾਂ ਤੋਂ ਰੱਖੜੀ ਬੰਨਣ ਦੀ ਆਗਿਆ ਮੰਗ ਰਹੇ ਹਨ, ਜੋ ਪੰਜਾਬ ਸਰਕਾਰ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਜੋ ਆਮਦਨ ਤੋਂ ਵੱਧ ਜਾਇਦਾਦ ਮਾਮਲਾ ਮੇਰੇ ਭਰਾ ਬਿਕਰਮ ਸਿੰਘ ਮਜੀਠੀਆ ’ਤੇ ਕੀਤਾ ਗਿਆ ਹੈ, ਉਹ ਬਿਲਕੁਲ ਝੂਠਾ ਹੈ।