Bathinda News: ਘਟਨਾ ਤੋਂ ਬਾਅਦ ਦੋ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ਅਤੇ ਇੱਕ ਕਾਰ ‘ਚ ਸਵਾਰ ਸੀ ਜਿਸ ਨੂੰ ਪੀਸੀਆਰ ਨੇ ਕਾਬੂ ਕਰ ਲਿਆ।
Accident due to High Speed: ਬੀਤੀ ਰਾਤ ਬਠਿੰਡਾ ਦੇ ਸਾਹਿਬਜ਼ਾਦਾ ਅਜੀਤ ਸਿੰਘ ਚੌਂਕ ‘ਚ ਰਾਤ ਨੂੰ ਤੇਜ਼ ਰਫ਼ਤਾਰ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ। ਜਿੱਥੇ ਕਰੀਬ 2 ਵਜੇ ਤੇਜ਼ੀ ਨਾਲ ਆ ਰਹੀ ਇੱਕ ਬੇਕਾਬੂ ਗੱਡੀ ਨੇ ਵੱਡੀ ਘਟਨਾ ਨੂੰ ਅੰਜਾਮ ਦਿੱਤਾ। ਇਸ ਘਟਨਾ ਦੌਰਾਨ ‘ਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਟੱਕਰ ਮਾਰ ਕੇ ਕਾਰ 20 ਤੋਂ 25 ਫੁੱਟ ਦੂਰ ਘਸੀੜਦੀ ਹੋਈ ਲੈ ਗਈ। ਜਿਸ ਮਗਰੋਂ ਕਾਰ ਨੇ ਚਾਹ ਦੀ ਰੇਹੜੀ ਨੂੰ ਬੁਰੇ ਤਰੀਕੇ ਨਾਲ ਟੱਕਰ ਮਾਰੀ। ਟੱਕਰ ਮਗਰੋਂ ਚਾਹ ਦੀ ਰੇਹੜੀ ਬੁਰੀ ਢੰਗ ਨਾਲ ਖਿਲਰ ਗਈ।
ਇਸ ਘਟਨਾ ਤੋਂ ਬਾਅਦ ਗੱਡੀ ਇੱਥੇ ਹੀ ਨਹੀਂ ਰੁਕੀ ਸਗੋਂ ਗੱਡੀ ਨੇ ਸੜਕ ‘ਤੇ ਲੱਗੇ ਟ੍ਰੀਗਾਰਡ ਅਤੇ ਬਿਜਲੀ ਦੇ ਖੰਭੇ ਨੂੰ ਵੀ ਜ਼ਬਰਦਸਤ ਟੱਕਰ ਮਾਰੀ। ਕਾਰਨ ਨੇ ਇਸ ਦੌਰਾਨ ਕਾਫੀ ਸਰਕਾਰੀ ਪ੍ਰਾਪਰਟੀ ਨੂੰ ਵੀ ਨੁਕਸਾਨ ਪਹੁੰਚਾਇਆ।
ਮਿਲੀ ਜਾਣਕਾਰੀ ਮੁਤਾਬਕ ਕਾਰ ਵਿੱਚ ਤਿੰਨ ਨੌਜਵਾਨ ਸੀ ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ। ਘਟਨਾ ਤੋਂ ਬਾਅਦ ਦੋ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ਅਤੇ ਇੱਕ ਕਾਰ ‘ਚ ਸਵਾਰ ਸੀ ਜਿਸ ਨੂੰ ਪੀਸੀਆਰ ਨੇ ਕਾਬੂ ਕਰ ਲਿਆ।
ਪੁਲਿਸ ਨੇ ਕਿਹਾ ਕੋਈ ਸ਼ਿਕਾਇਤ ਹੀ ਨਹੀਂ ਮਿਲੀ
ਇਸ ਬਾਰੇ ਜਦੋਂ ਸੰਬੰਧਿਤ ਥਾਣਾ ਐਸਐਚਓ ਹਰਜੋਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਮਾਮਲੇ ‘ਚ ਉਨ੍ਹਾਂ ਨੂੰ ਹਲੇ ਤੱਕ ਕੋਈ ਸ਼ਿਕਾਇਤ ਹੀ ਨਹੀਂ ਮਿਲੀ। ਜਦੋਂ ਤੱਕ ਸ਼ਿਕਾਇਤ ਨਹੀਂ ਮਿਲੇਗੀ ਉਦੋਂ ਤੱਕ ਅਸੀਂ ਗ੍ਰਿਫਤਾਰੀ ਨਹੀਂ ਕਰ ਸਕਦੇ।
ਪੀੜਤਾਂ ਨੇ ਪੁਲਿਸ ਦੀ ਕਾਰਗੁਜ਼ਰੀ ‘ਤੇ ਲਗਾਏ ਗੰਭੀਰ ਇਲਜ਼ਾਮ
ਦੂਜੇ ਪਾਸੇ ਜ਼ਖਮੀ ਨੌਜਵਾਨ ਦਾ ਪਰਿਵਾਰ ਕਹਿ ਰਿਹਾ ਹੈ ਕਿ ਇੰਨੇ ਘੰਟੇ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਵੱਲੋਂ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਇਥੋਂ ਤੱਕ ਕਿ ਜ਼ਖਮੀਆਂ ਨਾਲ ਗੱਲ ਕਰਨ ਲਈ ਅਜੇ ਤੱਕ ਪੁਲਿਸ ਨਹੀਂ ਪਹੁੰਚੀ ਤੇ ਨਾ ਹੀ ਜਿੰਨ੍ਹਾਂ ਕਰਕੇ ਹਾਦਸਾ ਹੋਇਆ ਚੋਂ ਕੋਈ ਸਾਰ ਲੈਣ ਲਈ ਪਹੁੰਚਿਆ।
ਇਸ ਦੇ ਨਾਲ ਹੀ ਨੁਕਸਾਨੇ ਗਏ ਚਾਹ ਦੀ ਰੇਹੜੀ ਦੇ ਮਾਲਕ ਵਿਜੈ ਠਾਕੁਰ ਦਾ ਹਾਲ ਬੇਹਾਲ ਹੈ। ਜਿਸ ਦੀ ਨਾ ਤਾਂ ਪੁਲਿਸ ਕੋਈ ਸੁਣਵਾਈ ਕਰ ਰਹੀ ਹੈ ਅਤੇ ਨਾ ਹੀ ਉਸ ਕੋਲ ਪਰਿਵਾਰ ਦਾ ਗੁਜ਼ਾਰਾ ਕਰਨ ਦਾ ਕੋਈ ਸਾਧਨ ਨਜ਼ਰ ਆ ਰਿਹਾ ਹੈ। ਵਿਜੈ ਠਾਕੁਰ ਨੇ ਆਪਣਾ ਦਰਦ ਬਿਆਨ ਕਰਦਿਆਂ ਹੋਇਆ ਦੱਸਿਆ ਕਿ ਉਸ ਦੇ ਦੋ ਬੱਚੇ ਹਨ ਅਤੇ ਉਹ ਚਾਹ ਵੇਚ ਕੇ ਹੀ ਆਪਣੇ ਗੁਜ਼ਾਰਾ ਕਰਦਾ ਹੈ। ਨਾਲ ਹੀ ਉਸ ਨੇ ਕਿਹਾ ਕਿ ਘਟਨਾ ‘ਚ ਪੁਲਿਸ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ।