Operation Sindoor: ਰਾਜਨਾਥ ਸਿੰਘ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਸਿਰਫ਼ ਇੱਕ ਫੌਜੀ ਕਾਰਵਾਈ ਨਹੀਂ, ਸਗੋਂ ਭਾਰਤ ਦੀ ਰਾਜਨੀਤਿਕ, ਸਮਾਜਿਕ ਅਤੇ ਰਣਨੀਤਕ ਇੱਛਾ ਸ਼ਕਤੀ ਦਾ ਪ੍ਰਤੀਕ ਹੈ।
Rajnath Singh on Operation Sindoor: ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਭਾਰਤ ਨੇ 6-7 ਮਈ ਦੀ ਰਾਤ ਨੂੰ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ, ਜਿਸ ਦੇ ਤਹਿਤ ਪਾਕਿਸਤਾਨ ਵਿੱਚ ਦਾਖਲ ਹੋ ਕੇ ਨੌਂ ਅੱਤਵਾਦੀ ਟਿਕਾਣਿਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ। ਇਸ ਹਮਲੇ ਵਿੱਚ 100 ਤੋਂ ਵੱਧ ਅੱਤਵਾਦੀ ਮਾਰੇ ਗਏ। ਹੁਣ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪ੍ਰੇਸ਼ਨ ਸਿੰਦੂਰ ‘ਤੇ ਵੱਡਾ ਬਿਆਨ ਦਿੱਤਾ ਹੈ।
ਲਖਨਊ ਵਿੱਚ ਬ੍ਰਹਮੋਸ ਏਅਰੋਸਪੇਸ ਏਕੀਕਰਣ ਅਤੇ ਟੈਸਟਿੰਗ ਸਹੂਲਤ ਦੇ ਉਦਘਾਟਨ ਦੌਰਾਨ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ, “ਭਾਰਤੀ ਫੌਜ ਨੇ ਆਪ੍ਰੇਸ਼ਨ ਸਿੰਦੂਰ ਰਾਹੀਂ ਅੱਤਵਾਦੀਆਂ ਨੂੰ ਜਵਾਬ ਦਿੱਤਾ। ਇਸ ਕਾਰਵਾਈ ਨੂੰ ਅੰਜਾਮ ਦੇ ਕੇ, ਅਸੀਂ ਦਿਖਾਇਆ ਕਿ ਭਾਰਤ ਅੱਤਵਾਦ ਵਿਰੁੱਧ ਕਾਰਵਾਈ ਕਰ ਰਿਹਾ ਹੈ।”
ਪਾਕਿਸਤਾਨੀ ਫੌਜ ਨੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ
ਰੱਖਿਆ ਮੰਤਰੀ ਨੇ ਅੱਗੇ ਕਿਹਾ, “ਪਾਕਿਸਤਾਨ ਵਿੱਚ ਅੱਤਵਾਦ ਨੂੰ ਖਤਮ ਕਰਨ ਲਈ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ ਗਿਆ ਸੀ। ਭਾਰਤੀ ਫੌਜ ਨੇ ਸਿਰਫ਼ ਪਾਕਿਸਤਾਨ ਵਿੱਚ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਇਆ, ਪਰ ਪਾਕਿਸਤਾਨੀ ਫੌਜ ਨੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ। ਇਸ ਤੋਂ ਇਲਾਵਾ, ਪਾਕਿ ਫੌਜ ਨੇ ਮੰਦਰਾਂ, ਮਸਜਿਦਾਂ, ਗੁਰਦੁਆਰਿਆਂ ਅਤੇ ਗਿਰਜਾਘਰਾਂ ਨੂੰ ਨਿਸ਼ਾਨਾ ਬਣਾਇਆ।”
ਰਾਜਨਾਥ ਸਿੰਘ ਨੇ ਅੱਗੇ ਕਿਹਾ, “ਭਾਰਤੀ ਫੌਜ ਨੇ ਹਿੰਮਤ ਅਤੇ ਬਹਾਦਰੀ ਦੇ ਨਾਲ-ਨਾਲ ਸਬਰ ਵੀ ਦਿਖਾਇਆ ਹੈ ਤੇ ਪਾਕਿਸਤਾਨ ਦੇ ਕਈ ਫੌਜੀ ਠਿਕਾਣਿਆਂ ‘ਤੇ ਹਮਲਾ ਕਰਕੇ ਢੁਕਵਾਂ ਜਵਾਬ ਦਿੱਤਾ ਹੈ। ਅਸੀਂ ਨਾ ਸਿਰਫ਼ ਸਰਹੱਦ ਨਾਲ ਲੱਗਦੇ ਫੌਜੀ ਠਿਕਾਣਿਆਂ ‘ਤੇ ਕਾਰਵਾਈ ਕੀਤੀ, ਸਗੋਂ ਭਾਰਤੀ ਫੌਜਾਂ ਦਾ ਖ਼ਤਰਾ ਰਾਵਲਪਿੰਡੀ ਤੱਕ ਮਹਿਸੂਸ ਕੀਤਾ ਗਿਆ ਜਿੱਥੇ ਪਾਕਿਸਤਾਨੀ ਫੌਜ ਦਾ ਮੁੱਖ ਦਫਤਰ ਸਥਿਤ ਹੈ।”
ਭਾਰਤ ਨੇ ਪਾਕਿਸਤਾਨ ‘ਚ ਦਾਖਲ ਹੋ ਕੇ ਕੀਤੇ ਹਮਲੇ
ਰੱਖਿਆ ਮੰਤਰੀ ਨੇ ਕਿਹਾ, “ਭਾਰਤ ਵਿੱਚ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਅਤੇ ਕਰਵਾਉਣ ਦਾ ਕੀ ਨਤੀਜਾ ਹੁੰਦਾ ਹੈ, ਇਹ ਪੂਰੀ ਦੁਨੀਆ ਨੇ ਉੜੀ ਘਟਨਾ ਤੋਂ ਬਾਅਦ ਦੇਖਿਆ ਜਦੋਂ ਸਾਡੀ ਫੌਜ ਨੇ ਪਾਕਿਸਤਾਨ ਵਿੱਚ ਦਾਖਲ ਹੋ ਕੇ ਸਰਜੀਕਲ ਸਟ੍ਰਾਈਕ ਕੀਤੀ, ਇਹ ਪੁਲਵਾਮਾ ਤੋਂ ਬਾਅਦ ਦੇਖਿਆ ਜਦੋਂ ਬਾਲਾਕੋਟ ‘ਤੇ ਹਵਾਈ ਹਮਲੇ ਕੀਤੇ ਗਏ ਅਤੇ ਹੁਣ ਪਹਿਲਗਾਮ ਘਟਨਾ ਤੋਂ ਬਾਅਦ ਦੁਨੀਆ ਦੇਖ ਰਹੀ ਹੈ ਜਦੋਂ ਭਾਰਤ ਨੇ ਪਾਕਿਸਤਾਨ ਵਿੱਚ ਦਾਖਲ ਹੋ ਕੇ ਕਈ ਹਮਲੇ ਕੀਤੇ ਹਨ।”
ਉਨ੍ਹਾਂ ਅੱਗੇ ਕਿਹਾ, “ਅੱਤਵਾਦ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਦੀ ਪਾਲਣਾ ਕਰਦੇ ਹੋਏ, ਸਾਡੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਇੱਕ ਨਵਾਂ ਭਾਰਤ ਹੈ ਜੋ ਸਰਹੱਦ ਦੇ ਦੋਵੇਂ ਪਾਸੇ ਅੱਤਵਾਦ ਵਿਰੁੱਧ ਪ੍ਰਭਾਵਸ਼ਾਲੀ ਕਾਰਵਾਈ ਕਰੇਗਾ।”