Amritsar Rural Police: ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਡਾਕਟਰ ਤੋਂ 30 ਲੱਖ ਰੁਪਏ ਦੀ ਫਿਰੌਤੀ ਮੰਗਣ ਅਤੇ ਉਸਦੇ ਘਰ ‘ਤੇ ਗੋਲੀਬਾਰੀ ਕਰਨ ਦੇ ਦੋਸ਼ ਵਿੱਚ ਕਬੱਡੀ ਖਿਡਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ।
International Kabaddi Player Arrested: ਪੰਜਾਬ ‘ਚ ਅਪਰਾਧ ਦੀ ਦੁਨੀਆ ਅਤੇ ਖੇਡਾਂ ਦੇ ਖ਼ਤਰਨਾਕ ਗਠਜੋੜ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਡਾਕਟਰ ਤੋਂ 30 ਲੱਖ ਰੁਪਏ ਦੀ ਫਿਰੌਤੀ ਮੰਗਣ ਅਤੇ ਉਸਦੇ ਘਰ ‘ਤੇ ਗੋਲੀਬਾਰੀ ਕਰਨ ਦੇ ਦੋਸ਼ ਵਿੱਚ ਇੰਟਰਨੈਸ਼ਨਲ ਕਬੱਡੀ ਖਿਡਾਰੀ ਗੁਰਲਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਪੰਜ ਹੋਰ ਸਾਥੀ ਅਜੇ ਵੀ ਫਰਾਰ ਹਨ, ਜਿਨ੍ਹਾਂ ਚੋਂ ਤਿੰਨ ਕਬੱਡੀ ਖਿਡਾਰੀ ਦੱਸੇ ਜਾ ਰਹੇ ਹਨ।
ਪੁਲਿਸ ਮੁਤਾਬਕ ਇਹ ਮਾਮਲਾ ਅੰਮ੍ਰਿਤਸਰ ਦਿਹਾਤੀ ਖੇਤਰ ਦੇ ਲੋਪੋਕੇ ਥਾਣੇ ਅਧੀਨ ਪੈਂਦੇ ਪਿੰਡ ਭੀਲੋਵਾਲ ਦਾ ਹੈ। ਇੱਥੇ ਇੱਕ ਪ੍ਰਾਈਵੇਟ ਡਾਕਟਰ ਯੁਵਰਾਜ ਨੰਦਾ ਨੂੰ ਬੁਲਾਇਆ ਗਿਆ ਅਤੇ 30 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ। ਜਦੋਂ ਡਾਕਟਰ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ 4 ਜੂਨ ਨੂੰ ਮੁਲਜ਼ਮ ਡਾਕਟਰ ਦੇ ਘਰ ਦੇ ਬਾਹਰ ਪਹੁੰਚਿਆ ਤੇ ਉਸਨੂੰ ਮਾਰਨ ਦੇ ਇਰਾਦੇ ਨਾਲ ਗੋਲੀਬਾਰੀ ਕੀਤੀ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਫੈਲ ਗਈ।
ਮੁਲਜ਼ਮ ਤਰਨਤਾਰਨ ਦਾ ਰਹਿਣ ਵਾਲਾ
ਜਾਂਚ ਦੌਰਾਨ, ਪੁਲਿਸ ਨੇ ਤਕਨੀਕੀ ਅਤੇ ਮਨੁੱਖੀ ਜਾਣਕਾਰੀ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸੋਹਲ ਦੇ ਵਸਨੀਕ ਗੁਰਲਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਡੀਐਸਪੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਕੋਲੋਂ 30 ਬੋਰ ਦਾ ਇੱਕ ਗ਼ੈਰ-ਕਾਨੂੰਨੀ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ, ਜਿਸਦੀ ਵਰਤੋਂ ਗੋਲੀਬਾਰੀ ਵਿੱਚ ਕੀਤੀ ਗਈ ਸੀ।
ਡੀਐਸਪੀ ਨੇ ਦੱਸਿਆ ਕਿ ਗੁਰਲਾਲ ਸਿੰਘ ਇੱਕ ਅੰਤਰਰਾਸ਼ਟਰੀ ਪੱਧਰ ਦਾ ਕਬੱਡੀ ਖਿਡਾਰੀ ਹੈ ਅਤੇ ਉਸ ਦੇ ਕਿਸੇ ਅਪਰਾਧੀ ਗਿਰੋਹ ਨਾਲ ਸਬੰਧ ਹੋਣ ਦਾ ਸ਼ੱਕ ਹੈ।
ਫਰਾਰ ਹੋਏ ਮੁਲਜ਼ਮਾਂ ‘ਚ ਤਿੰਨ ਕਬੱਡੀ ਖਿਡਾਰੀ
ਪੁਲਿਸ ਵੱਲੋਂ ਜਿਨ੍ਹਾਂ ਪੰਜ ਹੋਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ, ਉਨ੍ਹਾਂ ਚੋਂ ਤਿੰਨ ਵੀ ਕਬੱਡੀ ਖਿਡਾਰੀ ਦੱਸੇ ਜਾ ਰਹੇ ਹਨ। ਫ਼ਰਾਰ ਹੋਏ ਮੁਲਜ਼ਮਾਂ ਦੀ ਪਛਾਣ ਗੁਪਤ ਰੱਖੀ ਗਈ ਹੈ ਤਾਂ ਜੋ ਉਨ੍ਹਾਂ ਦੀ ਗ੍ਰਿਫ਼ਤਾਰੀ ਵਿੱਚ ਕੋਈ ਰੁਕਾਵਟ ਨਾ ਆਵੇ। ਇੰਦਰਜੀਤ ਸਿੰਘ ਨੇ ਕਿਹਾ, “ਗੁਰਲਾਲ ਸਿੰਘ ਅਤੇ ਉਸਦੇ ਸਾਥੀਆਂ ਨੇ ਡਰ ਦਾ ਮਾਹੌਲ ਪੈਦਾ ਕਰਨ ਲਈ ਡਾਕਟਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਅਸੀਂ ਬਾਕੀ ਮੁਲਜ਼ਮਾਂ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੇ ਹਾਂ ਅਤੇ ਜਲਦੀ ਹੀ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।”
ਪੁਲਿਸ ਨੇ ਇਸ ਮਾਮਲੇ ਵਿੱਚ ਫਿਰੌਤੀ ਮੰਗਣ, ਜਾਨੋਂ ਮਾਰਨ ਦੀ ਧਮਕੀ ਦੇਣ ਅਤੇ ਗ਼ੈਰ-ਕਾਨੂੰਨੀ ਹਥਿਆਰ ਰੱਖਣ ਵਰਗੀਆਂ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।