Iran Israel Conflict: ਈਰਾਨ ਮੁਤਾਬਕ, ਪਿਛਲੇ ਤਿੰਨ ਦਿਨਾਂ ਵਿੱਚ ਇਜ਼ਰਾਈਲੀ ਹਮਲਿਆਂ ‘ਚ 224 ਲੋਕ ਮਾਰੇ ਗਏ ਤੇ 1,200 ਤੋਂ ਵੱਧ ਜ਼ਖਮੀ ਹੋਏ ਹਨ, ਜਿਨ੍ਹਾਂ ਚੋਂ 90% ਆਮ ਨਾਗਰਿਕ ਹਨ।
Iran Israel War: ਇਜ਼ਰਾਈਲ ਨਾਲ ਤਣਾਅ ਦੇ ਵਿਚਕਾਰ, ਈਰਾਨ ਦੇ ਸਿਹਤ ਮੰਤਰਾਲੇ ਨੇ ਐਤਵਾਰ ਨੂੰ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਵਿੱਚ ਇਜ਼ਰਾਈਲੀ ਹਮਲਿਆਂ ਵਿੱਚ 224 ਲੋਕ ਮਾਰੇ ਗਏ ਹਨ ਅਤੇ 1,200 ਤੋਂ ਵੱਧ ਜ਼ਖਮੀ ਹੋਏ ਹਨ। ਮੰਤਰਾਲੇ ਦੇ ਬੁਲਾਰੇ ਹੁਸੈਨ ਕਰਮਨਪੁਰ ਨੇ ਕਿਹਾ ਕਿ 65 ਘੰਟਿਆਂ ਦੀ ਇਜ਼ਰਾਈਲੀ ਬੰਬਾਰੀ ਤੋਂ ਬਾਅਦ ਕੁੱਲ 1,277 ਲੋਕ ਜ਼ਖਮੀ ਹੋਏ ਹਨ ਅਤੇ ਮਾਰੇ ਗਏ 224 ਲੋਕਾਂ ਵਿੱਚ ਔਰਤਾਂ, ਮਰਦ ਅਤੇ ਬੱਚੇ ਸ਼ਾਮਲ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮਾਰੇ ਗਏ ਲੋਕਾਂ ਚੋਂ 90% ਆਮ ਨਾਗਰਿਕ ਸੀ।
ਇਰਾਨ ਦੇ ਰੈਵੋਲਿਊਸ਼ਨਰੀ ਗਾਰਡ ਨੇ ਕਿਹਾ ਕਿ ਇਸ ਹਮਲੇ ਵਿੱਚ ਈਰਾਨ ਦੇ ਖੁਫੀਆ ਮੁਖੀ ਮੁਹੰਮਦ ਕਾਜ਼ਮੀ ਅਤੇ ਦੋ ਹੋਰ ਜਨਰਲ ਵੀ ਮਾਰਿਆ ਗਿਆ। ਇਨ੍ਹਾਂ ਤੋਂ ਇਲਾਵਾ, ਇਸ ਹਮਲੇ ਵਿੱਚ ਕਈ ਉੱਚ ਪੱਧਰੀ ਫੌਜੀ ਅਧਿਕਾਰੀ ਅਤੇ ਪ੍ਰਮਾਣੂ ਵਿਗਿਆਨੀ ਵੀ ਆਪਣੀਆਂ ਜਾਨਾਂ ਗੁਆ ਚੁੱਕੇ ਹਨ।
ਇਜ਼ਰਾਈਲ ਨੇ ਈਰਾਨ ਨਾਲ ਤਣਾਅ ‘ਤੇ ਕੀ ਕਿਹਾ?
ਇਸ ਦੇ ਨਾਲ ਹੀ, ਇਜ਼ਰਾਈਲ ਦਾ ਕਹਿਣਾ ਹੈ ਕਿ ਸ਼ੁੱਕਰਵਾਰ (12 ਜੂਨ, 2025) ਤੋਂ ਦੇਸ਼ ‘ਚ 14 ਲੋਕਾਂ ਦੀ ਮੌਤ ਹੋਈ ਤੇ 390 ਲੋਕ ਜ਼ਖਮੀ ਹੋਏ। ਏਐਫਪੀ ਮੁਤਾਬਕ, ਇੱਕ ਸੀਨੀਅਰ ਈਰਾਨੀ ਫੌਜੀ ਅਧਿਕਾਰੀ ਨੇ ਐਤਵਾਰ ਨੂੰ ਚੇਤਾਵਨੀ ਦਿੱਤੀ ਕਿ ਇਜ਼ਰਾਈਲ ਦੇ ਹਮਲਿਆਂ ਦਾ ਬਦਲਾ ਲਿਆ ਜਾਵੇਗਾ।
ਕਰਨਲ ਰੇਜ਼ਾ ਸਯਦ ਨੇ ਕਿਹਾ ਕਿ ਈਰਾਨ ਦੇ ਬਹਾਦਰ ਲੜਾਕਿਆਂ ਦਾ ਬਦਲਾ ਪੂਰੇ ਇਜ਼ਰਾਈਲ (ਕਬਜ਼ੇ ਵਾਲੇ ਖੇਤਰ) ਨੂੰ ਆਪਣੀ ਲਪੇਟ ਵਿੱਚ ਲੈ ਲਵੇਗਾ। ਉਨ੍ਹਾਂ ਕਿਹਾ, “ਇਜ਼ਰਾਈਲ ਦੇ ਕਬਜ਼ੇ ਵਾਲੇ ਖੇਤਰਾਂ ਨੂੰ ਛੱਡ ਦਿਓ, ਕਿਉਂਕਿ ਉਹ ਭਵਿੱਖ ਵਿੱਚ ਰਹਿਣ ਯੋਗ ਨਹੀਂ ਰਹਿਣਗੇ। ਇੱਥੋਂ ਤੱਕ ਕਿ ਆਸਰਾ ਵੀ ਤੁਹਾਡੀ ਰੱਖਿਆ ਨਹੀਂ ਕਰ ਸਕਣਗੇ।”
ਇਰਾਨ ‘ਤੇ ਫੌਜੀ ਕਾਰਵਾਈ ਜਾਰੀ ਰਹੇਗੀ: ਨੇਤਨਯਾਹੂ
ਐਤਵਾਰ ਨੂੰ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਫੌਕਸ ਨਿਊਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਉਨ੍ਹਾਂ ਦਾ ਦੇਸ਼ ਈਰਾਨ ‘ਤੇ ਫੌਜੀ ਕਾਰਵਾਈ ਜਾਰੀ ਰੱਖੇਗਾ। ਉਨ੍ਹਾਂ ਕਿਹਾ ਕਿ ਈਰਾਨ ਦੇ ਪ੍ਰਮਾਣੂ ਅੱਡੇ ਇਜ਼ਰਾਈਲ ਅਤੇ ਉਸਦੇ ਸਹਿਯੋਗੀਆਂ ਲਈ ਖ਼ਤਰਾ ਹਨ, ਇਸ ਲਈ ਉਨ੍ਹਾਂ ਨੂੰ ਖ਼ਤਮ ਕਰਨਾ ਜ਼ਰੂਰੀ ਹੈ।
ਨੇਤਨਯਾਹੂ ਨੇ ਕਿਹਾ, “ਅਸੀਂ ਆਪਣੇ ਦੋ ਮੁੱਖ ਉਦੇਸ਼ਾਂ ਨੂੰ ਪੂਰਾ ਕਰਨ ਲਈ ਜੋ ਵੀ ਜ਼ਰੂਰੀ ਹੋਵੇਗਾ ਉਹ ਕਰਾਂਗੇ। ਪਹਿਲਾ ਪ੍ਰਮਾਣੂ ਹਥਿਆਰਾਂ ਦਾ ਖ਼ਤਰਾ ਹੈ ਅਤੇ ਦੂਜਾ ਮਿਜ਼ਾਈਲ ਹਮਲਿਆਂ ਦਾ ਖ਼ਤਰਾ ਹੈ।”
ਉਨ੍ਹਾਂ ਇਹ ਵੀ ਕਿਹਾ, “ਅਸੀਂ ਇਹ ਕਦਮ ਆਪਣੀ ਸੁਰੱਖਿਆ ਲਈ ਚੁੱਕਿਆ ਹੈ, ਪਰ ਸਾਡਾ ਉਦੇਸ਼ ਸਿਰਫ਼ ਆਪਣੀ ਰੱਖਿਆ ਕਰਨਾ ਹੀ ਨਹੀਂ ਹੈ, ਸਗੋਂ ਦੁਨੀਆ ਨੂੰ ਇਸ ਖ਼ਤਰਨਾਕ ਸਰਕਾਰ ਤੋਂ ਬਚਾਉਣਾ ਵੀ ਹੈ। ਦੁਨੀਆ ਦੀ ਸਭ ਤੋਂ ਖ਼ਤਰਨਾਕ ਸਰਕਾਰ ਕੋਲ ਸਭ ਤੋਂ ਖ਼ਤਰਨਾਕ ਹਥਿਆਰ ਨਹੀਂ ਹੋਣੇ ਚਾਹੀਦੇ।”