Jagdeep Dhankhar Resigned: ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਤੁਰੰਤ ਪ੍ਰਭਾਵ ਨਾਲ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਲਿਖੇ ਇੱਕ ਪੱਤਰ ਵਿੱਚ, ਉਨ੍ਹਾਂ ਨੇ ਸਿਹਤ ਕਾਰਨਾਂ ਅਤੇ ਡਾਕਟਰੀ ਸਲਾਹ ਦਾ ਹਵਾਲਾ ਦਿੰਦੇ ਹੋਏ ਸੰਵਿਧਾਨ ਦੀ ਧਾਰਾ 67 (ਏ) ਦੇ ਤਹਿਤ ਆਪਣੇ ਅਸਤੀਫੇ ਦਾ ਐਲਾਨ ਕੀਤਾ। ਰਾਸ਼ਟਰਪਤੀ ਮੁਰਮੂ ਨੂੰ ਲਿਖੇ ਆਪਣੇ ਅਸਤੀਫੇ ਵਿੱਚ, ਜਗਦੀਪ ਧਨਖੜ ਨੇ ਲਿਖਿਆ, ‘ਸਿਹਤ ਨੂੰ ਪਹਿਲ ਦਿੰਦੇ ਹੋਏ ਅਤੇ ਡਾਕਟਰੀ ਸਲਾਹ ਦੀ ਪਾਲਣਾ ਕਰਦੇ ਹੋਏ, ਮੈਂ ਤੁਰੰਤ ਪ੍ਰਭਾਵ ਨਾਲ ਭਾਰਤ ਦੇ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ।’ ਉਨ੍ਹਾਂ ਰਾਸ਼ਟਰਪਤੀ ਦਾ ਉਨ੍ਹਾਂ ਦੇ ਸਹਿਯੋਗ ਅਤੇ ਸੁਹਿਰਦ ਸਬੰਧਾਂ ਲਈ ਧੰਨਵਾਦ ਕੀਤਾ। ਉਨ੍ਹਾਂ ਪ੍ਰਧਾਨ ਮੰਤਰੀ ਅਤੇ ਮੰਤਰੀ ਪ੍ਰੀਸ਼ਦ ਦਾ ਵੀ ਉਨ੍ਹਾਂ ਦੇ ਸਹਿਯੋਗ ਅਤੇ ਮਾਰਗਦਰਸ਼ਨ ਲਈ ਧੰਨਵਾਦ ਕੀਤਾ।
ਜਗਦੀਪ ਧਨਖੜ ਨੇ ਆਪਣੇ ਅਸਤੀਫ਼ੇ ਪੱਤਰ ਵਿੱਚ ਲਿਖਿਆ, ‘ਸਾਰੇ ਸਤਿਕਾਰਯੋਗ ਸੰਸਦ ਮੈਂਬਰਾਂ ਤੋਂ ਮੈਨੂੰ ਮਿਲਿਆ ਪਿਆਰ, ਵਿਸ਼ਵਾਸ ਅਤੇ ਸਤਿਕਾਰ ਜ਼ਿੰਦਗੀ ਭਰ ਮੇਰੇ ਦਿਲ ਵਿੱਚ ਰਹੇਗਾ।’ ਉਪ ਰਾਸ਼ਟਰਪਤੀ ਵਜੋਂ ਆਪਣੇ ਕਾਰਜਕਾਲ ਨੂੰ ਯਾਦ ਕਰਦਿਆਂ, ਉਨ੍ਹਾਂ ਕਿਹਾ, ‘ਇਸ ਮਹਾਨ ਲੋਕਤੰਤਰ ਵਿੱਚ ਉਪ ਰਾਸ਼ਟਰਪਤੀ ਵਜੋਂ ਮੈਨੂੰ ਮਿਲੇ ਅਨੁਭਵ ਅਤੇ ਦ੍ਰਿਸ਼ਟੀਕੋਣਾਂ ਲਈ ਮੈਂ ਤਹਿ ਦਿਲੋਂ ਧੰਨਵਾਦੀ ਹਾਂ। ਭਾਰਤ ਦੇ ਆਰਥਿਕ ਵਿਕਾਸ ਅਤੇ ਬੇਮਿਸਾਲ ਪਰਿਵਰਤਨ ਦੇ ਪੜਾਅ ਨੂੰ ਦੇਖਣਾ ਮੇਰੇ ਲਈ ਖੁਸ਼ਕਿਸਮਤੀ ਅਤੇ ਸੰਤੁਸ਼ਟੀ ਦੀ ਗੱਲ ਰਹੀ ਹੈ।’ ਉਨ੍ਹਾਂ ਨੇ ਭਾਰਤ ਦੇ ਵਿਸ਼ਵਵਿਆਪੀ ਉਭਾਰ ਅਤੇ ਉੱਜਵਲ ਭਵਿੱਖ ਵਿੱਚ ਅਟੁੱਟ ਵਿਸ਼ਵਾਸ ਪ੍ਰਗਟ ਕਰਦੇ ਹੋਏ ਆਪਣਾ ਅਸਤੀਫ਼ਾ ਦਿੱਤਾ।