Chief Khalsa Diwan: ਜਥੇਦਾਰ ਗੜਗੱਜ ਨੇ ਚੀਫ਼ ਖ਼ਾਲਸਾ ਦੀਵਾਨ ਦੇ ਵਿਰੁੱਧ ਪੁੱਜੀਆਂ ਸ਼ਿਕਾਇਤਾਂ ਬਾਰੇ ਸਮੂਹ ਮੈਂਬਰਾਂ ਨਾਲ ਵਿਚਾਰ ਕਰਦਿਆਂ ਕੁਝ ਸਵਾਲ ਕੀਤੇ ਅਤੇ ਉਨ੍ਹਾਂ ਦਾ ਪੱਖ ਸੁਣਿਆ।
Jathedar Giani Kuldeep Singh Gargaj: ਬੀਤੇ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਬੰਧ, ਮੈਂਬਰਾਂ ਅਤੇ ਅਹੁਦੇਦਾਰਾਂ ਦੇ ਵਿਰੁੱਧ ਕੁਝ ਸ਼ਿਕਾਇਤਾਂ ਪੁੱਜੀਆਂ ਸਨ, ਜਿਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਸੰਸਥਾ ਦੇ ਪ੍ਰਧਾਨ ਸਮੇਤ ਸਮੁੱਚੀ ਕਾਰਜਕਾਰੀ ਨੂੰ ਆਪਣਾ ਪੱਖ ਰੱਖਣ ਲਈ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੱਦਿਆ ਸੀ।
ਇਸੇ ਤਹਿਤ ਅੱਜ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਇੰਦਰਬੀਰ ਸਿੰਘ ਸਮੇਤ ਕਾਰਜਕਾਰਨੀ ਕਮੇਟੀ ਦੇ ਕੁੱਲ 20 ਮੈਂਬਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ, ਜਿੱਥੇ ਉਨ੍ਹਾਂ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਜਥੇਦਾਰ ਗੜਗੱਜ ਨੇ ਚੀਫ਼ ਖ਼ਾਲਸਾ ਦੀਵਾਨ ਦੇ ਵਿਰੁੱਧ ਪੁੱਜੀਆਂ ਸ਼ਿਕਾਇਤਾਂ ਬਾਰੇ ਸਮੂਹ ਮੈਂਬਰਾਂ ਨਾਲ ਵਿਚਾਰ ਕਰਦਿਆਂ ਕੁਝ ਸਵਾਲ ਕੀਤੇ ਅਤੇ ਉਨ੍ਹਾਂ ਦਾ ਪੱਖ ਸੁਣਿਆ।
ਇਸ ਉਪਰੰਤ ਜਥੇਦਾਰ ਗੜਗੱਜ ਨੇ ਚੀਫ਼ ਖ਼ਾਲਸਾ ਦੀਵਾਨ ਦੇ ਵਿਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਦੀ ਰੋਸ਼ਨੀ ਵਿੱਚ ਮੌਕੇ ਉੱਤੇ ਹੀ ਕੁਝ ਅਹਿਮ ਫ਼ੈਸਲੇ ਕਰਦਿਆਂ ਸੰਸਥਾ ਦੇ ਨੁਮਾਇੰਦਿਆਂ ਨੂੰ ਹਦਾਇਤਾਂ ਜਾਰੀ ਕੀਤੀਆਂ।
ਇਕੱਤਰਤਾ ਤੋਂ ਬਾਅਦ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਚੀਫ਼ ਖ਼ਾਲਸਾ ਦੀਵਾਨ ਨਾਲ ਸਬੰਧਤ ਕੀਤੇ ਗਏ ਫ਼ੈਸਲਿਆਂ ਬਾਰੇ ਕਿਹਾ ਕਿ ਜੇਕਰ ਸੰਸਥਾ ਦਾ ਕੋਈ ਮੈਂਬਰ ਅੰਮ੍ਰਿਤਧਾਰੀ ਨਹੀਂ ਹੈ ਜਾਂ ਕਿਸੇ ਤੋਂ ਕੋਈ ਕੁਤਾਹੀ ਹੋਈ ਹੈ ਤਾਂ ਇਸ ਦੀ ਸੁਧਾਈ ਕਰਨ ਲਈ ਚੀਫ਼ ਖ਼ਾਲਸਾ ਦੀਵਾਨ ਨੂੰ 41 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਮੂਹ ਮੈਂਬਰ 41 ਦਿਨਾਂ ਦੇ ਅੰਦਰ 1 ਸਤੰਬਰ ਤੱਕ ਅੰਮ੍ਰਿਤਧਾਰੀ ਹੋ ਕੇ ਗੁਰਮਤਿ ਅਨੁਸਾਰ ਕੰਮ ਕਰਨਗੇ। ਚੀਫ਼ ਖ਼ਾਲਸਾ ਦੀਵਾਨ ਦਾ ਕੋਈ ਵੀ ਮੈਂਬਰ ਦਾੜ੍ਹੀ ਨਾ ਰੰਗਦਾ ਹੋਵੇ ਅਤੇ ਨਾ ਹੀ ਦਾੜ੍ਹੀ ਵਿੱਚ ਕੁੰਡਲ ਪਾਉਂਦਾ ਹੋਵੇ, ਕਿਉਂਕਿ ਇਹ ਗੁਰਮਤਿ ਅਤੇ ਸਿੱਖ ਰਹਿਤ ਮਰਯਾਦਾ ਦੀ ਉਲੰਘਣਾ ਹੈ।
ਅੰਮ੍ਰਿਤ ਛਕਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭੇਜੇ ਜਾਣਗੇ ਪੰਜ ਪਿਆਰੇ ਸਾਹਿਬਾਨ
ਨਾਲ ਹੀ ਚੀਫ਼ ਖ਼ਾਲਸਾ ਦੀਵਾਨ ਦੇ ਜਿਹੜੇ ਕਾਰਜਕਾਰੀ ਮੈਂਬਰ ਅੱਜ ਇਕੱਤਰਤਾ ਵਿੱਚ ਨਹੀਂ ਪਹੁੰਚੇ ਉਨ੍ਹਾਂ ਨੂੰ 1 ਅਗਸਤ ਨੂੰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜ ਕੇ ਆਪਣਾ ਪੱਖ ਰੱਖਣ ਲਈ ਆਦੇਸ਼ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਚੀਫ਼ ਖ਼ਾਲਸਾ ਦੀਵਾਨ ਦਾ ਕੋਈ ਮੈਂਬਰ 1 ਸਤੰਬਰ ਤੱਕ ਅੰਮ੍ਰਿਤਧਾਰੀ ਨਹੀਂ ਹੁੰਦਾ ਤਾਂ ਸੰਸਥਾ ਉਸਦੀ ਮੈਂਬਰਸ਼ਿਪ ਖਤਮ ਕਰੇਗੀ। ਉਨ੍ਹਾਂ ਕਿਹਾ ਕਿ ਸੰਸਥਾ ਦੇ ਮੈਂਬਰਾਂ ਦੀ ਸੁਧਾਈ ਕਰਨ ਅਤੇ ਉਨ੍ਹਾਂ ਨੂੰ ਅੰਮ੍ਰਿਤ ਛਕਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਪਿਆਰੇ ਸਾਹਿਬਾਨ ਭੇਜੇ ਜਾਣਗੇ।
ਉਨ੍ਹਾਂ ਕਿਹਾ ਕਿ ਸਮੂਹ ਮੈਂਬਰਾਂ ਨੂੰ ਇਹ ਆਦੇਸ਼ ਕੀਤਾ ਗਿਆ ਹੈ ਕਿ ਚੀਫ਼ ਖ਼ਾਲਸਾ ਦੀਵਾਨ ਦੇ ਵਿਧਾਨ ਅਤੇ ਸਿੱਖ ਰਹਿਤ ਮਰਯਾਦਾ ਦੀ ਰੋਸ਼ਨੀ ਵਿੱਚ ਕੋਈ ਵੀ ਗੁਰਮਤਿ ਦੇ ਉਲਟ ਕਾਰਜ ਨਹੀਂ ਕਰਨਗੇ ਅਤੇ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਸੇਵਾ ਕਰਨ ਦਾ ਉਦਮ ਕਰਨਗੇ। ਉਨ੍ਹਾਂ ਚੀਫ਼ ਖ਼ਾਲਸਾ ਦੀਵਾਨ ਨੂੰ ਆਦੇਸ਼ ਕੀਤਾ ਕਿ ਜੋ ਮਦ ਸੰਸਥਾ ਦੇ ਵਿਧਾਨ ਵਿੱਚ ਅੰਮ੍ਰਿਤਧਾਰੀ ਮੈਂਬਰ ਹੋਣ ਦੀ ਸੁਹਿਰਦ ਸਿੱਖਾਂ ਵੱਲੋਂ ਨਿਯਮ ਬਣਾਉਣ ਸਮੇਂ ਦਰਜ ਕੀਤੀ ਗਈ ਹੈ, ਉਹ ਕਦੇ ਵੀ ਖਤਮ ਨਹੀਂ ਕੀਤੀ ਜਾ ਸਕਦੀ।
ਜਥੇਦਾਰ ਗੜਗੱਜ ਨੇ ਕਿਹਾ ਕਿ ਚੀਫ਼ ਖ਼ਾਲਸਾ ਦੀਵਾਨ ਨੂੰ ਇਹ ਹਦਾਇਤ ਵੀ ਕੀਤੀ ਗਈ ਹੈ ਕਿ ਧਰਮ ਪਰਿਵਰਤਨ, ਸਿੱਖੀ ਪ੍ਰਚਾਰ ਪ੍ਰਸਾਰ ਨੂੰ ਮੁੱਖ ਰੱਖਦਿਆਂ ਪੰਜਾਬ ਦੀ ਬਾਰਡਰ ਬੈਲਟ ਵਿੱਚ ਸਕੂਲ ਖੋਲ੍ਹੇ ਜਾਣ, ਜਿਨ੍ਹਾਂ ਵਿੱਚ ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਰਿਆਇਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਚੀਫ਼ ਖ਼ਾਲਸਾ ਦੀਵਾਨ ਵੱਲੋਂ ਲੰਮੇ ਸਮੇਂ ਤੋਂ ਖ਼ਾਲਸਾ ਐਡਵੋਕੇਟ ਨਾਮ ਦਾ ਰਸਾਲਾ ਜਾਰੀ ਕੀਤਾ ਜਾਂਦਾ ਹੈ, ਜਿਸ ਦਾ ਸਿੱਖੀ ਪ੍ਰਚਾਰ ਪ੍ਰਸਾਰ ਅਤੇ ਸਿੱਖ ਬਿਰਤਾਂਤ ਨੂੰ ਤਕੜੇ ਕਰਨ ਵਿੱਚ ਵੱਡਾ ਯੋਗਦਾਨ ਹੈ, ਇਸ ਸਬੰਧੀ ਹਦਾਇਤ ਕੀਤੀ ਗਈ ਹੈ ਕਿ ਸੰਸਥਾ ਇਸ ਰਸਾਲੇ ਨੂੰ ਮੌਜੂਦਾ ਦੌਰ ਦੀ ਸੂਚਨਾ ਤਕਨਾਲੋਜੀ ਨਾਲ ਜੋੜੇ ਅਤੇ ਇਸ ਨੂੰ ਹੋਰ ਪ੍ਰਫੁੱਲਤ ਕਰਨ ਦੇ ਉਪਰਾਲੇ ਕਰੇ।
ਲਿੰਕ ‘ਤੇ ਕਲਿੱਕ ਕਰਕੇ ਦੇਖੋ ਵੀਡੀਓ
ਸ਼ਤਾਬਦੀਆਂ ਮਨਾਉਣਾ ਖ਼ਾਲਸਾ ਪੰਥ ਦਾ ਕਾਰਜ
ਇਸ ਮੌਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਸਬੰਧੀ ਪੰਜਾਬ ਸਰਕਾਰ ਵੱਲੋਂ ਐਲਾਨੇ ਗਏ ਸਮਾਗਮਾਂ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ਼ਤਾਬਦੀਆਂ ਮਨਾਉਣਾ ਖ਼ਾਲਸਾ ਪੰਥ ਦਾ ਕਾਰਜ ਹੈ ਅਤੇ ਸਰਕਾਰਾਂ ਨੂੰ ਆਪਣੀ ਬਣਦੀ ਜਿੰਮੇਵਾਰੀ ਨਿਭਾਉਂਦਿਆਂ ਸੰਗਤ ਲਈ ਸਹੂਲਤਾਂ ਅਤੇ ਲੋੜੀਂਦੇ ਪ੍ਰਬੰਧ ਕਰਨ ਵਿੱਚ ਸਹਿਯੋਗੀ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਵੱਲੋਂ ਉਲੀਕੇ ਗਏ ਸਮਾਗਮਾਂ ਉੱਤੇ ਵਾਜਬ ਇਤਰਾਜ਼ ਪ੍ਰਗਟ ਕੀਤਾ ਹੈ। ਇਨ੍ਹਾਂ ਸਮਾਗਮਾਂ ਲਈ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਦੇ ਨਾਲ ਸਹਿਯੋਗ ਕਾਰਜ ਕਰਨਾ ਚਾਹੀਦਾ ਹੈ ਅਤੇ ਜਿਹੜੀਆਂ ਤਰੀਕਾਂ ਵਿੱਚ ਸਿੱਖ ਸੰਸਥਾ ਵੱਲੋਂ ਸਮਾਗਮ ਉਲੀਕੇ ਜਾ ਚੁੱਕੇ ਹਨ, ਉਨ੍ਹਾਂ ਤਰੀਕਾਂ ‘ਤੇ ਬਰਾਬਰ ਵੱਖਰੇ ਸਮਾਗਮ ਅਤੇ ਨਗਰ ਕੀਰਤਨ ਨਹੀਂ ਰੱਖਣੇ ਚਾਹੀਦੇ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵੀ ਸ਼ਤਾਬਦੀਆਂ ਸਿੱਖ ਸੰਸਥਾਵਾਂ ਤੇ ਖ਼ਾਲਸਾ ਪੰਥ ਵੱਲੋਂ ਮਨਾਈਆਂ ਜਾਂਦੀਆਂ ਰਹੀਆਂ ਹਨ ਅਤੇ ਸਰਕਾਰਾਂ ਨੇ ਹਮੇਸ਼ਾ ਸਹਿਯੋਗ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਸਿੱਖ ਇਸ ਗੱਲ ਦਾ ਸਵਾਗਤ ਕਰਨਗੇ ਜੇਕਰ ਸਰਕਾਰ ਸਹਿਯੋਗੀ ਬਣਕੇ ਕਾਰਜ ਕਰੇ ਅਤੇ ਸਰਕਾਰ ਦੇ ਆਗੂਆਂ ਨੂੰ ਵੀ ਸਮਾਗਮਾਂ ਲਈ ਸੱਦਿਆ ਗਿਆ ਹੈ, ਉਨ੍ਹਾਂ ਦਾ ਵੀ ਸੁਆਗਤ ਹੈ।