Vietnam boat accident;ਵੀਅਤਨਾਮ ਦੇ ਹਾਲੋਂਗ ਖਾੜੀ ਵਿੱਚ ਸ਼ਨੀਵਾਰ ਨੂੰ ਤੂਫਾਨੀ ਮੌਸਮ ਕਾਰਨ ਇੱਕ ਸੈਲਾਨੀ ਕਿਸ਼ਤੀ ਪਲਟਣ ਨਾਲ ਘੱਟੋ-ਘੱਟ 27 ਲੋਕਾਂ ਦੀ ਮੌਤ ਹੋ ਗਈ ਹੈ। ਸਰਕਾਰੀ ਮੀਡੀਆ ਰਿਪੋਰਟਾਂ ਅਨੁਸਾਰ, ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਦੁਪਹਿਰ 2 ਵਜੇ ਦੇ ਕਰੀਬ ਵਾਪਰਿਆ, ਜਦੋਂ ਕਿਸ਼ਤੀ ਵਿੱਚ ਕੁੱਲ 53 ਲੋਕ ਸਵਾਰ ਸਨ।
ਹਾਦਸੇ ਸਮੇਂ ਸਮੁੰਦਰ ਵਿੱਚ ਤੇਜ਼ ਹਵਾਵਾਂ, ਭਾਰੀ ਮੀਂਹ ਅਤੇ ਬਿਜਲੀ ਡਿੱਗ ਰਹੀ ਸੀ, ਕਿਉਂਕਿ ‘ਸਟੋਰਮ ਵਿਫਾ’ ਨਾਮਕ ਤੂਫਾਨ ਦੱਖਣੀ ਚੀਨ ਸਾਗਰ ਤੋਂ ਵੀਅਤਨਾਮ ਵੱਲ ਵਧ ਰਿਹਾ ਹੈ। ਕਿਸ਼ਤੀ ‘ਤੇ ਸਵਾਰ ਜ਼ਿਆਦਾਤਰ ਲੋਕ ਰਾਜਧਾਨੀ ਹਨੋਈ ਤੋਂ ਆਏ ਸਨ।
ਵੀਅਤਨਾਮ ਦੀ ਨਿਊਜ਼ ਏਜੰਸੀ ਦੇ ਅਨੁਸਾਰ, ਰਾਹਤ ਅਤੇ ਬਚਾਅ ਟੀਮਾਂ ਨੇ ਹੁਣ ਤੱਕ 11 ਲੋਕਾਂ ਨੂੰ ਜ਼ਿੰਦਾ ਬਚਾਇਆ ਹੈ ਜਦੋਂ ਕਿ 27 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਅੱਠ ਬੱਚੇ ਵੀ ਸ਼ਾਮਲ ਹਨ। ਇਸ ਸਮੇਂ ਬਚਾਅ ਕਾਰਜ ਜਾਰੀ ਹਨ ਅਤੇ ਹੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਮ੍ਰਿਤਕਾਂ ਦੀ ਕੌਮੀਅਤ ਬਾਰੇ ਅਜੇ ਤੱਕ ਅਧਿਕਾਰਤ ਤੌਰ ‘ਤੇ ਕੁਝ ਨਹੀਂ ਕਿਹਾ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਹਨੋਈ ਤੋਂ ਲਗਭਗ 200 ਕਿਲੋਮੀਟਰ ਉੱਤਰ-ਪੂਰਬ ਵਿੱਚ ਸਥਿਤ ਹਾਲੋਂਗ ਖਾੜੀ ਵੀਅਤਨਾਮ ਦਾ ਇੱਕ ਪ੍ਰਮੁੱਖ ਸੈਰ-ਸਪਾਟਾ ਸਥਾਨ ਹੈ ਅਤੇ ਇੱਥੇ ਕਿਸ਼ਤੀ ਯਾਤਰਾ ਸੈਲਾਨੀਆਂ ਵਿੱਚ ਬਹੁਤ ਮਸ਼ਹੂਰ ਹੈ। ਟਾਈਫੂਨ ਵਿਫਾ ਇਸ ਸਾਲ ਦੱਖਣੀ ਚੀਨ ਸਾਗਰ ਨਾਲ ਟਕਰਾਉਣ ਵਾਲਾ ਤੀਜਾ ਵੱਡਾ ਟਾਈਫੂਨ ਹੈ ਅਤੇ ਅਗਲੇ ਹਫ਼ਤੇ ਦੇ ਸ਼ੁਰੂ ਵਿੱਚ ਵੀਅਤਨਾਮ ਦੇ ਉੱਤਰੀ ਤੱਟ ਨਾਲ ਟਕਰਾਉਣ ਦੀ ਉਮੀਦ ਹੈ।
ਤੂਫਾਨ ਨਾਲ ਹਵਾਈ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਹਨੋਈ ਦੇ ਨੋਈ ਬਾਈ ਹਵਾਈ ਅੱਡੇ ਨੇ ਕਿਹਾ ਕਿ ਨੌਂ ਜਹਾਜ਼ਾਂ ਨੂੰ ਦੂਜੇ ਹਵਾਈ ਅੱਡਿਆਂ ਵੱਲ ਮੋੜ ਦਿੱਤਾ ਗਿਆ ਹੈ ਜਦੋਂ ਕਿ ਤਿੰਨ ਉਡਾਣਾਂ ਨੂੰ ਅਸਥਾਈ ਤੌਰ ‘ਤੇ ਰੋਕ ਦਿੱਤਾ ਗਿਆ ਹੈ।