Kotkapura News: ਇਸ ਮਾਮਲੇ ਵਿੱਚ ਥਾਣਾ ਸਦਰ ਕੋਟਕਪੂਰਾ ਪੁਲਿਸ ਨੇ ਉਸਦੇ ਭਰਾ ਦੇ ਬਿਆਨ ਦੇ ਆਧਾਰ ‘ਤੇ ਮੁਕੱਦਮਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Man Murdered With Sharp Weapons: ਕੋਟਕਪੂਰਾ ਦੇ ਪਿੰਡ ਸੰਧਵਾਂ ਵਿਖੇ ਖੇਤਾਂ ਨੂੰ ਪਾਣੀ ਲਾਉਣ ਗਏ ਇੱਕ ਵਿਅਕਤੀ ਦਾ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਪਿੰਡ ਸੰਧਵਾਂ ਦੇ ਹੀ ਰਹਿਣ ਵਾਲੇ 47 ਸਾਲਾ ਜਗਮੋਹਨ ਸਿੰਘ ਵੱਜੋਂ ਹੋਈ ਹੈ। ਇਸ ਮਾਮਲੇ ਵਿੱਚ ਥਾਣਾ ਸਦਰ ਕੋਟਕਪੂਰਾ ਪੁਲਿਸ ਨੇ ਉਸਦੇ ਭਰਾ ਦੇ ਬਿਆਨ ਦੇ ਆਧਾਰ ‘ਤੇ ਮੁਕੱਦਮਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਅਣਪਛਾਤਿਆਂ ਨੇ ਸਿਰ ‘ਤੇ ਕੀਤਾ ਵਾਰ
ਜਾਣਕਾਰੀ ਮੁਤਾਬਕ ਜਗਮੋਹਨ ਸਿੰਘ, ਮੰਡੀਕਰਨ ਬੋਰਡ ਵਿੱਚ ਬਤੌਰ ਇਲੈਕਟ੍ਰੀਸ਼ੀਅਨ ਕੰਮ ਕਰਦਾ ਸੀ ਅਤੇ ਨਾਲ ਹੀ ਉਹ ਖੇਤੀਬਾੜੀ ਵੀ ਕਰ ਰਿਹਾ ਸੀ। ਲੰਘੀ ਦੇਰ ਰਾਤ ਤਕਰੀਬਨ 2 ਵਜੇ ਉਹ ਆਪਣੇ ਘਰ ਤੋਂ ਖੇਤ ਨੂੰ ਪਾਣੀ ਲਾਉਣ ਲਈ ਜਾ ਰਿਹਾ ਸੀ ਤਾਂ ਅਣਪਛਾਤਿਆਂ ਨੇ ਉਸਦੇ ਸਿਰ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਦਿੱਤਾ।

ਕਾਫੀ ਸਮਾਂ ਤੱਕ ਜਦੋਂ ਉਹ ਘਰ ਵਾਪਸ ਨਹੀਂ ਪਰਤਿਆ ਤਾਂ ਪਰਿਵਾਰ ਵਾਲਿਆਂ ਨੇ ਉਸਦੀ ਭਾਲ ਕੀਤੀ ਤਾਂ ਉਹ ਖੇਤਾਂ ਵਿੱਚ ਲਹੁਲੁਹਾਨ ਮਿਲਿਆ। ਜਿਸ ਮਗਰੋਂ ਉਸ ਨੂੰ ਤੁਰੰਤ ਕੋਟਕਪੂਰਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਇਸ ਮਾਮਲੇ ਵਿੱਚ ਮ੍ਰਿਤਕ ਦੇ ਚਾਚਾ ਬਲਦੇਵ ਸਿੰਘ ਨੇ ਕਾਤਲਾਂ ਖਿਲਾਫ ਸਖ਼ਤ ਕਾਰਵਾਈ ਕਰਦੇ ਹੋਏ ਪਰਿਵਾਰ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਤਿੰਨ ਬੱਚਿਆਂ ਦਾ ਪਿਓ ਸੀ।
ਉਧਰ ਇਸ ਮਾਮਲੇ ਵਿੱਚ ਡੀਐਸਪੀ ਜਤਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ‘ਤੇ ਕੇਸ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਮੁਲਜਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।