Operation Sindoor: ਭਾਰਤ ਨੇ ਆਪ੍ਰੇਸ਼ਨ ਸਿੰਦੂਰ ‘ਚ ਪਾਕਿਸਤਾਨੀ ਅੱਤਵਾਦੀ ਅਬਦੁਲ ਰਊਫ ਅਜ਼ਹਰ ਨੂੰ ਮਾਰ ਦਿੱਤਾ। ਅਜ਼ਹਰ ਕਈ ਅੱਤਵਾਦੀ ਘਟਨਾਵਾਂ ਲਈ ਜ਼ਿੰਮੇਵਾਰ ਸੀ।
Kandahar hijack mastermind Abdul Rauf Azhar: ਭਾਰਤੀ ਫੌਜ ਦਾ ਅੱਤਵਾਦ ਨੂੰ ਖ਼ਤਮ ਕਰਨ ਲਈ ਆਪ੍ਰੇਸ਼ਨ ਸਿੰਦੂਰ ਅਜੇ ਵੀ ਜਾਰੀ ਹੈ। ਇਸ ‘ਚ ਇੱਕ ਹੋਰ ਵੱਡਾ ਅੱਤਵਾਦੀ ਮਾਰਿਆ ਗਿਆ ਹੈ। ਜਾਣਕਾਰੀ ਮਿਲੀ ਹੈ ਕਿ ਕੰਧਾਰ ਹਾਈਜੈਕ ਵਿੱਚ ਸ਼ਾਮਲ ਅੱਤਵਾਦੀ ਅਬਦੁਲ ਰਊਫ ਅਜ਼ਹਰ ਮਾਰਿਆ ਗਿਆ ਹੈ।
ਇਹ ਉਹੀ ਅਬਦੁਲ ਰਊਫ ਅਜ਼ਹਰ ਹੈ ਜੋ ਪਾਕਿਸਤਾਨ ਦੇ ਸਮਰਥਨ ਨਾਲ ਉੱਥੇ ਲੁਕਿਆ ਹੋਇਆ ਸੀ ਅਤੇ ਹਰ ਰੋਜ਼ ਭਾਰਤ ਬਾਰੇ ਜ਼ਹਿਰ ਉਗਲਦਾ ਰਹਿੰਦਾ ਸੀ। ਪਰ ਭਾਰਤੀ ਫੌਜ ਨੇ ਉਸਨੂੰ ਖ਼ਤਮ ਕਰ ਦਿੱਤਾ।
ਕੌਣ ਹੈ ਰਊਫ ਅਜ਼ਹਰ ?
ਰਊਫ ਅਜ਼ਹਰ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦਾ ਛੋਟਾ ਭਰਾ ਹੈ। ਉਹ ਭਾਰਤੀ ਸੁਰੱਖਿਆ ਏਜੰਸੀਆਂ ਦਾ ਸਭ ਤੋਂ ਵੱਧ ਲੋੜੀਂਦਾ ਅੱਤਵਾਦੀ ਰਿਹਾ ਹੈ। ਉਹ 1999 ਵਿੱਚ ਇੰਡੀਅਨ ਏਅਰਲਾਈਨਜ਼ ਦੀ ਉਡਾਣ IC-814 ਦੇ ਕੰਧਾਰ ਹਾਈਜੈਕ ਦਾ ਮੁੱਖ ਸਾਜ਼ਿਸ਼ਕਰਤਾ ਸੀ। 24 ਦਸੰਬਰ 1999 ਨੂੰ, ਕਾਠਮੰਡੂ ਤੋਂ ਦਿੱਲੀ ਜਾ ਰਹੀ IC-814 ਨੂੰ ਪੰਜ ਅੱਤਵਾਦੀਆਂ ਨੇ ਹਾਈਜੈਕ ਕੀਤਾ ਤੇ ਪਾਕਿਸਤਾਨ, ਅੰਮ੍ਰਿਤਸਰ, ਦੁਬਈ ਰਾਹੀਂ ਅਫਗਾਨਿਸਤਾਨ ਦੇ ਕੰਧਾਰ ਵਿੱਚ ਤਾਲਿਬਾਨ-ਨਿਯੰਤਰਿਤ ਖੇਤਰ ਵਿੱਚ ਲੈ ਗਏ।
ਦੱਸ ਦਈਏ ਕਿ ਇਸ ਹਾਈਜੈਕ ਦਾ ਉਦੇਸ਼ ਜੈਸ਼-ਏ-ਮੁਹੰਮਦ ਦੇ ਨੇਤਾਵਾਂ ਮਸੂਦ ਅਜ਼ਹਰ, ਅਹਿਮਦ ਉਮਰ ਸਈਦ ਸ਼ੇਖ ਅਤੇ ਮੁਸ਼ਤਾਕ ਅਹਿਮਦ ਜ਼ਰਗਰ ਦੀ ਰਿਹਾਈ ਸੀ। ਇਸ ਹਾਈਜੈਕ ਦੀ ਪਲਾਨਿੰਗ ਰਾਊਫ ਅਜ਼ਹਰ ਵਲੋਂ ਬਣਾਈ ਗਈ ਸੀ ਅਤੇ ਉਹ ਇਸ ਸਾਜ਼ਿਸ਼ ਵਿੱਚ ਸਰਗਰਮੀ ਨਾਲ ਸ਼ਾਮਲ ਵੀ ਸੀ। ਇਸ ਸਮੇਂ, ਭਾਰਤ ਨੇ ਮੋਸਟ ਵਾਂਟੇਡ ਨੂੰ ਮਾਰ ਦਿੱਤਾ ਹੈ।
ਜੈਸ਼-ਏ-ਮੁਹੰਮਦ ਵਿੱਚ ਰਾਊਫ ਅਜ਼ਹਰ ਦੀ ਭੂਮਿਕਾ
ਰਾਊਫ ਅਜ਼ਹਰ ਦਾ ਜਨਮ 1975 ਵਿੱਚ ਹੋਇਆ ਸੀ। ਬਚਪਨ ਤੋਂ ਹੀ ਉਸਦੀ ਜ਼ਿੰਦਗੀ ਵਿੱਚ ਅਜਿਹਾ ਜ਼ਹਿਰ ਮਿਲਾਇਆ ਗਿਆ ਸੀ ਕਿ ਉਹ ਸਿਰਫ 24 ਸਾਲ ਦੀ ਉਮਰ ਵਿੱਚ IC-814 ਹਾਈਜੈਕ ਸਾਜ਼ਿਸ਼ ਦਾ ਮਾਸਟਰਮਾਈਂਡ ਬਣ ਗਿਆ। ਉਸਨੇ ਜੈਸ਼-ਏ-ਮੁਹੰਮਦ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ। ਜਦੋਂ ਮਸੂਦ ਅਜ਼ਹਰ ਆਪਣੀ ਖਰਾਬ ਸਿਹਤ ਕਾਰਨ ਲਾਪਤਾ ਸੀ, ਤਾਂ ਉਹ ਜੈਸ਼-ਏ-ਮੁਹੰਮਦ ਦੇ ਸਾਰੇ ਵੱਡੇ ਫੈਸਲੇ ਲੈਂਦਾ ਸੀ। ਇਸ ਸਥਿਤੀ ਵਿੱਚ, ਉਸਨੇ ਕਈ ਵੱਡੀਆਂ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਤੇ ਜਲਦੀ ਹੀ ਸਭ ਤੋਂ ਵੱਧ ਲੋੜੀਂਦਾ ਬਣ ਗਿਆ।