Moga sculptor Manjit Singh Gill: ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦਾ ਸ਼ਨੀਵਾਰ ਨੂੰ ਨਵੀਂ ਦਿੱਲੀ ਦੇ ਨਿਗਮ ਬੋਧ ਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਉਨ੍ਹਾਂ ਨੇ ਵੀਰਵਾਰ ਨੂੰ ਦਿੱਲੀ ਦੇ ਏਮਜ਼ ਹਸਪਤਾਲ ‘ਚ ਆਖਰੀ ਸਾਹ ਲਏ। ਦੁਨੀਆ ਭਰ ਤੋਂ ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਹਨ।
ਜਿੱਥੇ ਦੇਸ਼ ਅਤੇ ਦੁਨੀਆ ਭਰ ਦੇ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ, ਉੱਥੇ ਹੀ ਪੰਜਾਬ ਦੇ ਮੋਗਾ ਦੇ ਇੱਕ ਸ਼ਿਲਪਕਾਰ ਨੇ ਡਾ: ਮਨਮੋਹਨ ਸਿੰਘ ਨੂੰ ਆਪਣੀ ਕਲਾ ਰਾਹੀਂ ਨਿਵੇਕਲੇ ਢੰਗ ਨਾਲ ਸ਼ਰਧਾਂਜਲੀ ਭੇਟ ਕੀਤੀ। ਮੋਗਾ ਜ਼ਿਲ੍ਹੇ ਦੇ ਪਿੰਡ ਘੱਲ ਕਲਾਂ ਮੂਰਤੀਕਾਰ ਮਨਜੀਤ ਸਿੰਘ ਗਿੱਲ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਆਪਣੀ ਕਲਾ ਰਾਹੀਂ ਸ਼ਰਧਾਂਜਲੀ ਭੇਟ ਕੀਤੀ। ਮੂਰਤੀਕਾਰ ਮਨਜੀਤ ਸਿੰਘ ਨੇ ਆਪਣੇ ਹੱਥਾਂ ਨਾਲ ਡਾ: ਮਨਮੋਹਨ ਸਿੰਘ ਦਾ ਸਟੀਕ ਬੁੱਤ ਬਣਾਇਆ ਹੈ।
ਮਨਜੀਤ ਸਿੰਘ ਡਾ: ਮਨਮੋਹਨ ਸਿੰਘ ਦਾ ਇਹ ਬੁੱਤ ਤਿਆਰ ਕਰਨ ਤੋਂ ਬਾਅਦ ਆਪਣੇ ਪਿੰਡ ‘ਚ ਬਣੇ ਮਹਾਨ ਦੇਸ਼ ਭਗਤ ਪਾਰਕ ‘ਚ ਸਥਾਪਿਤ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ। ਮੂਰਤੀਕਾਰ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੇ ਦੇਹਾਂਤ ਦੀ ਜਾਣਕਾਰੀ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਰਾਹੀਂ ਮਿਲੀ। ਫਿਰ ਮੇਰੇ ਮਨ ਵਿਚ ਖਿਆਲ ਆਇਆ ਕਿ ਮੈਂ ਮਰਹੂਮ ਡਾ: ਮਨਮੋਹਨ ਸਿੰਘ ਨੂੰ ਆਪਣੀ ਕਲਾ ਰਾਹੀਂ ਸ਼ਰਧਾਂਜਲੀ ਭੇਟ ਕਰਾਂ।
ਮਨਜੀਤ ਸਿੰਘ ਨੇ ਸਾਬਕਾ ਪੀਐੱਮ ਦੀ ਫੋਟੋ ਦੇਖ ਕੇ ਸ਼ੁੱਕਰਵਾਰ ਤੋਂ ਹੀ ਬੁੱਤ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਹਾਲਾਂਕਿ ਇਸ ਮੂਰਤੀ ਨੂੰ ਪੂਰੀ ਤਰ੍ਹਾਂ ਤਿਆਰ ਕਰਨ ‘ਚ 10 ਤੋਂ 15 ਦਿਨ ਦਾ ਸਮਾਂ ਲੱਗੇਗਾ। ਜਦੋਂ ਇਹ ਬੁੱਤ ਪੂਰੀ ਤਰ੍ਹਾਂ ਤਿਆਰ ਹੋ ਜਾਵੇਗਾ ਤਾਂ ਇਸ ਨੂੰ ਮਹਾਨ ਦੇਸ਼ ਭਗਤ ਪਾਰਕ ਵਿੱਚ ਸਥਾਪਿਤ ਕਰ ਦਿੱਤਾ ਜਾਵੇਗਾ। ਮਹਾਨ ਦੇਸ਼ ਭਗਤ ਪਾਰਕ ਵਿੱਚ ਉਨ੍ਹਾਂ ਦੇ ਹੱਥਾਂ ਨਾਲ ਬਣਾਏ ਦੇਸ਼ ਦੀਆਂ ਵੱਖ-ਵੱਖ ਮਹਾਨ ਸ਼ਖ਼ਸੀਅਤਾਂ ਦੇ ਬੁੱਤ ਸਥਾਪਤ ਕੀਤੇ ਗਏ ਹਨ।
ਫੋਟੋ ਦੇਖ ਕੇ ਮੂਰਤੀ ਬਣਾਉਂਦੇ ਹੋਏ ਮਨਜੀਤ ਸਿੰਘ ਦੀ ਵੀਡੀਓ
https://www.facebook.com/watch/?v=1336067880859225
ਮਨਜੀਤ ਸਿੰਘ ਨੇ ਦੱਸਿਆ ਕਿ ਸਾਲ 2010 ਵਿੱਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਡਾ: ਮਨਮੋਹਨ ਸਿੰਘ ਕੋਲ ਭੇਜਿਆ ਸੀ। ਇਸ ਤੋਂ ਬਾਅਦ ਮਨਜੀਤ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਆਪਣੇ ਹੱਥਾਂ ਨਾਲ ਬੁੱਤ ਬਣਾ ਕੇ ਉਨ੍ਹਾਂ ਦੇ ਘਰ ਭੇਟ ਕੀਤਾ ਤੇ ਕੁਝ ਸਮਾਂ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ। ਮਨਜੀਤ ਨੇ ਦੱਸਿਆ ਕਿ ਡਾ: ਮਨਮੋਹਨ ਸਿੰਘ ਉਨ੍ਹਾਂ ਨੂੰ ਆਮ ਆਦਮੀ ਵਾਂਗ ਮਿਲੇ ਸੀ। ਅੱਜ ਉਹ ਸਾਡੇ ਵਿਚਕਾਰ ਨਹੀਂ ਰਹੇ ਪਰ ਉਨ੍ਹਾਂ ਦੀਆਂ ਯਾਦਾਂ ਹਮੇਸ਼ਾ ਸਾਡੇ ਨਾਲ ਰਹਿਣਗੀਆਂ।