ਅੰਮ੍ਰਿਤਸਰ: ਹੜ੍ਹ ਪੀੜਤਾਂ ਲਈ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਕਈ ਮੋਟਰਬੋਟ, ਡਾਕਟਰੀ ਸਹਾਇਤਾ ਲਈ ਐਂਬੂਲੈਂਸ, ਰਾਸ਼ਨ ਅਤੇ ਸਫਾਈ ਕਿੱਟਾਂ, ਸੈਨੇਟਰੀ ਪੈਡ ਅਤੇ ਪਸ਼ੂਆਂ ਲਈ ਚਾਰਾ ਦਾਨ ਕੀਤਾ। ਵੱਖ-ਵੱਖ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਅਸਮਾਨ ਤੋਂ ਰਾਹਤ ਸਮੱਗਰੀ ਸੁੱਟਣ ਲਈ ਇੱਕ ਹੈਲੀਕਾਪਟਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਡਾ. ਸਾਹਨੀ, ਡੀ ਸੀ ਅੰਮ੍ਰਿਤਸਰ, ਸਾਕਸ਼ੀ ਸਾਹਨੀ ਅਤੇ ਪੁਲਿਸ ਕਮਿਸ਼ਨਰ ਜੀ ਐਸ ਭੁੱਲਰ ਅਤੇ ਮੋਤੀ ਭਾਟੀਆ ਮੇਅਰ ਨੇ ਮਿਲ ਕੇ ਰਾਹਤ ਸਮੱਗਰੀ ਲੈ ਕੇ ਜਾ ਰਹੇ ਦਰਜਨਾਂ ਟਰੱਕਾਂ ਨੂੰ ਅੰਮ੍ਰਿਤਸਰ ਤੋਂ ਹਰੀ ਝੰਡੀ ਦਿਖਾਈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮੋਟਰ ਬੋਟ ਪਿੰਡ ਚੱਕਫੂਲ ਵਿਖੇ ਪਹੁੰਚਾਏ ਜਾਣਗੇ ਅਤੇ ਉਸ ਤੋਂ ਬਾਅਦ ਅਜਨਾਲਾ ਕੇਂਦਰ ਅਤੇ ਸਕੀਨਾਲਾ, ਚਮਿਆਰੀ ਅਤੇ ਰਾਮਦਾਸ ਪਿੰਡਾਂ ਵਿੱਚ ਰਾਹਤ ਸਮੱਗਰੀ ਪਹੁੰਚਾਈ ਜਾਵੇਗੀ। ਡਾ. ਸਾਹਨੀ ਨੇ ਕਿਹਾ ਕਿ ਇਹ ਇੱਕ ਵੱਡੀ ਬਦਕਿਸਮਤੀ ਵਾਲੀ ਗੱਲ ਹੈ ਕਿ ਗਰੀਬ ਕਿਸਾਨਾਂ ਦੀ ਰੋਜ਼ੀ-ਰੋਟੀ ਖਤਮ ਹੋ ਗਈ ਹੈ ਅਤੇ ਉਨ੍ਹਾਂ ਦੇ ਘਰ ਅਤੇ ਖੇਤ ਪਾਣੀ ਵਿੱਚ ਡੁੱਬਣ ਨਾਲ ਤਬਾਹੀ ਮਚੀ ਹੋਈ ਹੈ। ਡਾ. ਸਾਹਨੀ ਨੇ ਫਸਲਾਂ ਅਤੇ ਜਾਇਦਾਦ ਦੇ ਨੁਕਸਾਨ ਦੇ ਮੁਲਾਂਕਣ ਅਤੇ ਮੁਆਵਜ਼ੇ ਲਈ ਵਿਸ਼ੇਸ਼ ਗਿਰਦਾਵਰੀ ਦਾ ਹੁਕਮ ਦੇਣ ਲਈ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ।