Pakistan: ਲੰਬੇ ਸਮੇਂ ਤੋਂ ਜੋੜਾ-ਘਰ ‘ਚ ਸੇਵਾਵਾਂ ਦੇ ਰਹੇ ਗੁਲਾਬ ਸਿੰਘ ਦੇ ਭਰਾ ਦੀ ਕੁਝ ਵਿਅਕਤੀਆਂ ਵਲੋਂ ਬੇਰਹਿਮੀ ਨਾਲ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
Gurdwara Sri Nankana Sahib: ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਵਿਖੇ ਗੁਰਦੁਆਰਾ ਜਨਮ ਅਸਥਾਨ ਵਿਖੇ ਪਿਛਲੇ ਲੰਬੇ ਸਮੇਂ ਤੋਂ ਜੋੜਾ-ਘਰ ‘ਚ ਸੇਵਾਵਾਂ ਦੇ ਰਹੇ ਗੁਲਾਬ ਸਿੰਘ ਦੇ ਭਰਾ ਦੀ ਕੁਝ ਵਿਅਕਤੀਆਂ ਵਲੋਂ ਬੇਰਹਿਮੀ ਨਾਲ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਪਾਕਿਸਤਾਨੀ ਪੁਲਿਸ ਵਲੋਂ ਇਸ ਮਾਮਲੇ ਨੂੰ ਜਨਤਕ ਨਾ ਕਰਨ ਦੇ ਇਰਾਦੇ ਨਾਲ ਹੱਤਿਆ ਦੀ ਮੀਡੀਆ ਨਾਲ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ। ਜਿਸ ‘ਤੇ ਰੋਸ ਪ੍ਰਗਟ ਕਰਦਿਆਂ ਸ੍ਰੀ ਨਨਕਾਣਾ ਸਾਹਿਬ ਦੇ ਇਕ ਸਿੱਖ ਆਗੂ ਨੇ ਦੱਸਿਆ ਕਿ ਗੁਲਾਬ ਸਿੰਘ ਦਾ ਵੱਡਾ ਭਰਾ ਜ਼ਿਲ੍ਹਾ ਰਹੀਮ ਯਾਰ ਖ਼ਾਨ ‘ਚ ਰਹਿ ਰਿਹਾ ਸੀ, ਜਿੱਥੇ ਕੁਝ ਵਿਅਕਤੀਆਂ ਨੇ ਉਸ ਦੇ ਸਿਰ ’ਚ ਇੱਟਾਂ ਮਾਰ-ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ।
ਉਕਤ ਸਿੱਖ ਆਗੂ ਨੇ ਦੱਸਿਆ ਕਿ ਇਸ ਹੱਤਿਆ ਦੇ ਮਾਮਲੇ ‘ਚ ਪੁਲਿਸ ਵਲੋਂ ਰਿਪੋਰਟ ਦਰਜ ਕਰਕੇ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਗਈ ਹੈ ਜਾਂ ਨਹੀਂ, ਇਸ ਬਾਰੇ ‘ਚ ਸਿੱਖ ਭਾਈਚਾਰੇ ‘ਚੋਂ ਕਿਸੇ ਨਾਲ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਗੁਲਾਬ ਸਿੰਘ ਤੋਂ ਪਹਿਲਾਂ ਉਸ ਦੇ ਪਿਤਾ ਹਸ਼ਮਤ ਸਿੰਘ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਜੋੜਾ-ਘਰ ‘ਚ ਸੇਵਾ ਕਰਦੇ ਸੀ।