Punjab News: ਖੰਨਾ ਵਿੱਚ ਇੱਕ ਹੈਰਾਨ ਕਰਨ ਵਾਲਾ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਮਾਂ-ਧੀ ਨੇ ਕੈਨੇਡਾ ਵਿੱਚ ਵਿਆਹ ਕਰਵਾਉਣ ਅਤੇ ਸੈਟਲ ਹੋਣ ਦਾ ਝਾਂਸਾ ਦੇ ਕੇ 7 ਤੋਂ ਵੱਧ ਨੌਜਵਾਨਾਂ ਦੇ ਪਰਿਵਾਰਾਂ ਤੋਂ ਲੱਖਾਂ ਰੁਪਏ ਠੱਗੇ ਹਨ। ਦਿਲਚਸਪ ਗੱਲ ਇਹ ਹੈ ਕਿ ਲੜਕੀ ਕੈਨੇਡਾ ਵਿੱਚ ਬੈਠੇ -ਬੈਠੇ ਹੀ ਵੀਡੀਓ ਕਾਲਾਂ ਜਾਂ ਫੋਟੋਆਂ ਰਾਹੀਂ ਪੰਜਾਬ ਦੇ ਮੁੰਡਿਆਂ ਨਾਲ ਮੰਗਣੀ ਕਰਵਾਉਂਦੀ ਸੀ ਪਰ ਇੱਕ ਗਲਤ ਵਟਸਐਪ ਮੈਸੇਜ ਨੇ ਉਨ੍ਹਾਂ ਦੇ ਪੂਰੇ ਗਿਰੋਹ ਦਾ ਭਾਂਡਾਫੋੜ ਦਿੱਤਾ ਹੈ। ਪੁਲਿਸ ਨੇ ਆਰੋਪੀ ਮਾਂ, ਉਸਦੇ ਪੁੱਤਰ ਅਤੇ ਬੇਟੇ ਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕੈਨੇਡਾ ਵਿੱਚ ਰਹਿਣ ਵਾਲੀ ਬੇਟੀ ਵਿਰੁੱਧ ਲੁੱਕਆਊਟ ਸਰਕੂਲਰ ਜਾਰੀ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
ਇੰਝ ਕਰਦੇ ਸੀ ਠੱਗੀ
ਜਾਣਕਾਰੀ ਅਨੁਸਾਰ ਆਰੋਪੀ ਮਹਿਲਾ ਦਾ ਨਾਮ ਸੁਖਦਰਸ਼ਨ ਕੌਰ ਹੈ। ਉਹ ਪੰਜਾਬ ਦੇ ਲੁਧਿਆਣਾ ਦੀ ਰਹਿਣ ਵਾਲੀ ਹੈ। ਕੈਨੇਡਾ ਵਿੱਚ ਰਹਿਣ ਵਾਲੀ ਉਸਦੀ ਧੀ ਦਾ ਨਾਮ ਹਰਪ੍ਰੀਤ ਉਰਫ਼ ਹੈਰੀ ਹੈ। ਆਰੋਪ ਹੈ ਕਿ ਆਰੋਪੀ ਅਖ਼ਬਾਰਾਂ ਵਿੱਚ ਵਿਆਹ ਦੇ ਇਸ਼ਤਿਹਾਰਾਂ ਜਾਂ ਸਥਾਨਕ ਮੈਚਮੇਕਰਾਂ ਜ਼ਰੀਏ ਆਪਣਾ ਸ਼ਿਕਾਰ ਬਣਾਉਂਦੇ ਸਨ। ਹਰਪ੍ਰੀਤ ਦੀ ਮਾਂ ਸੁਖਦਰਸ਼ਨ, ਉਨ੍ਹਾਂ ਨੌਜਵਾਨਾਂ ਨਾਲ ਉਸਦਾ ਵਿਆਹ ਤੈਅ ਕਰਵਾਉਂਦੀ ਸੀ ,ਜੋ ਕੈਨੇਡਾ ਵਿੱਚ ਸੈਟਲ ਹੋਣਾ ਚਾਹੁੰਦੇ ਸਨ। ਫਿਰ ਉਹ ਆਪਣੀ ਧੀ ਦੀ ਜਾਅਲੀ ਮੰਗਣੀ ਕਰਵਾਉਂਦੀ ਸੀ।
ਪੁਲਿਸ ਅਨੁਸਾਰ ਇਸ ਤੋਂ ਬਾਅਦ ਮੰਗਣੀ ਦੀ ਰਸਮ ਜਾਂ ਤਾਂ ਵੀਡੀਓ ਕਾਲ ‘ਤੇ ਹੁੰਦੀ ਸੀ ਜਾਂ ਫ਼ਿਰ ਹਰਪ੍ਰੀਤ ਦੀ ਫੋਟੋ ਨਾਲ। ਰਸਮਾਂ ਤੋਂ ਬਾਅਦ ਸੁਖਦਰਸ਼ਨ ਆਪਣੇ ਆਪ ਨੂੰ ਬਹੁਤ ਗਰੀਬ ਦੱਸ ਕੇ ਮੁੰਡਿਆਂ ਦੇ ਪਰਿਵਾਰਾਂ ਤੋਂ ਪੈਸੇ ਮੰਗਦੀ ਸੀ ਅਤੇ ਹਰਪ੍ਰੀਤ ਨੂੰ ਵਿਦੇਸ਼ ਭੇਜਣ ਲਈ ਉਸਨੇ ਵੱਡਾ ਕਰਜ਼ਾ ਲਿਆ ਸੀ। ਮੁੰਡਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਦਾ ਵਿਆਹ ਤੈਅ ਹੋ ਗਿਆ ਹੈ, ਇਸ ਲਈ ਉਹ ਆਸਾਨੀ ਨਾਲ ਪੈਸੇ ਦੇ ਦਿੰਦੇ ਸੀ। ਕੈਨੇਡਾ ਵਿੱਚ ਬੈਠੀ ਹਰਪ੍ਰੀਤ ਕੌਰ ਦਵਾਈਆਂ, ਬਕਾਇਆ ਕਿਰਾਇਆ, ਕਾਲਜ ਫੀਸ ਆਦਿ ਦੇ ਬਹਾਨੇ ਮੁੰਡਿਆਂ ਤੋਂ ਪੈਸੇ ਮੰਗਦੇ ਸੀ। ਬਾਅਦ ਵਿੱਚ ਜਾਂ ਤਾਂ ਹਰਪ੍ਰੀਤ ਫ਼ੋਨ ਚੁੱਕਣਾ ਬੰਦ ਕਰ ਦਿੰਦੀ ਸੀ ਜਾਂ ਵਿਆਹ ਨੂੰ ਟਾਲਦੀ ਰਹਿੰਦੀ ਸੀ।
ਇਸ ਤਰ੍ਹਾਂ ਹੋਇਆ ਮਾਮਲਾ ਦਾ ਖੁਲਾਸਾ
ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ 27 ਸਾਲਾ ਜਸਦੀਪ ਸਿੰਘ ਦੀ 10 ਜੁਲਾਈ ਨੂੰ ਹਰਪ੍ਰੀਤ ਕੌਰ ਨਾਮ ਦੀ ਇੱਕ ਕੁੜੀ ਨਾਲ ਮੰਗਣੀ ਹੋਣ ਜਾ ਰਹੀ ਸੀ ਪਰ ਇਹ ਮੰਗਣੀ ਕਿਸੇ ਅਸਲੀ ਕੁੜੀ ਨਾਲ ਨਹੀਂ ਸੀ, ਸਗੋਂ ਉਸਦੀ ਫਰੇਮ ਕੀਤੀ ਗਈ ਫੋਟੋ ਨਾਲ ਹੋਣੀ ਸੀ। ਰਸਮ ਪੂਰੀ ਹੋਣ ਤੋਂ ਪਹਿਲਾਂ ਹੀ ਖੰਨਾ ਪੁਲਿਸ ਨੇ 10 ਜੁਲਾਈ ਨੂੰ ਦੋਰਾਹਾ ਦੇ ਇੱਕ ਹੋਟਲ ਵਿੱਚ ਛਾਪਾ ਮਾਰ ਕੇ ਇਸ ਧੋਖਾਧੜੀ ਰੈਕੇਟ ਦਾ ਪਰਦਾਫਾਸ਼ ਕੀਤਾ, ਜਿੱਥੇ ਇੱਕ ਹੋਰ ਜਾਅਲੀ ਮੰਗਣੀ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਪੁਲਿਸ ਨੇ ਸੁਖਦਰਸ਼ਨ ਕੌਰ, ਉਸਦੇ ਪੁੱਤਰ ਮਨਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਅਸ਼ੋਕ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਹਰਪ੍ਰੀਤ ਇਸ ਸਮੇਂ ਕੈਨੇਡਾ ਵਿੱਚ ਹੈ ਅਤੇ ਜਾਂਚ ਏਜੰਸੀਆਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਵਿੱਚ ਰੁੱਝੀਆਂ ਹੋਈਆਂ ਹਨ।
ਦਰਅਸਲ, ਮਾਂ-ਧੀ ਦੀ ਜੋੜੀ ਦੇ ਚੁੰਗਲ ਵਿੱਚ ਜਸਦੀਪ ਤੋਂ ਪਹਿਲਾਂ 28 ਸਾਲਾ ਰਾਜਵਿੰਦਰ ਸਿੰਘ ਵੀ ਸੀ। ਜਿਸ ਨਾਲ ਜੁਲਾਈ 2024 ਵਿੱਚ ਇੱਕ ਫਰਜ਼ੀ ਮੰਗਣੀ ਹੋਈ ਸੀ ਪਰ ਅਚਾਨਕ ਉਸਨੂੰ ਇੱਕ ਵਟਸਐਪ ਮੈਸੇਜ ਵਿੱਚ ਇੱਕ ਵੌਇਸ ਨੋਟ ਤੋਂ ਸੱਚਾਈ ਦਾ ਪਤਾ ਲੱਗਿਆ। ਇਹ ਮੈਸੇਜ ਹਰਪ੍ਰੀਤ ਦੀ ਮਾਂ ਨੇ ਗਲਤੀ ਨਾਲ ਉਸਨੂੰ ਭੇਜ ਦਿੱਤਾ ਸੀ। ਜਿਸ ‘ਚ ਪੈਸਿਆਂ ਦੇ ਲੈਣ-ਦੇਣ ਦੀ ਗੱਲ ਸੀ। ਜਦੋਂ ਉਸਨੇ ਆਪਣੇ ਪੱਧਰ ‘ਤੇ ਜਾਣਕਾਰੀ ਇਕੱਠੀ ਕੀਤੀ ਤਾਂ ਉਸਨੂੰ ਪਤਾ ਲੱਗਾ ਕਿ ਹੁਣ ਹੈਰੀ ਦੀ ਜਸਦੀਪ ਨਾਲ ਮੰਗਣੀ ਹੋਣ ਵਾਲੀ ਹੈ। ਇਸ ਤੋਂ ਬਾਅਦ ਉਸਨੇ ਸਾਰੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲਿਸ ਦੇ ਅਨੁਸਾਰ ਪਿਛਲੇ ਦੋ ਸਾਲਾਂ ਵਿੱਚ ਮਾਂ-ਪੁੱਤ ਦੇ ਬੈਂਕ ਖਾਤਿਆਂ ਵਿੱਚ ਘੱਟੋ-ਘੱਟ 1.60 ਕਰੋੜ ਰੁਪਏ ਦੇ ਲੈਣ-ਦੇਣ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਨੇ ਹਰਪ੍ਰੀਤ ਦੀ ਮਾਂ ਸੁਖਦਰਸ਼ਨ ਕੌਰ, ਉਸਦੇ ਭਰਾ ਮਨਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਅਸ਼ੋਕ ਕੁਮਾਰ ਨੂੰ ਧੋਖਾਧੜੀ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਹਰਪ੍ਰੀਤ, ਜੋ ਇਸ ਸਮੇਂ ਕੈਨੇਡਾ ਵਿੱਚ ਵਰਕ ਪਰਮਿਟ ‘ਤੇ ਹੈ, ਵਿਰੁੱਧ ਜਲਦੀ ਹੀ ਇੱਕ ਲੁੱਕਆਊਟ ਸਰਕੂਲਰ ਜਾਰੀ ਕੀਤਾ ਜਾਵੇਗਾ। ਇਸ ਦੌਰਾਨ ਆਪਣੀ ਅਦਾਲਤ ਵਿੱਚ ਪੇਸ਼ੀ ਦੌਰਾਨ ਸੁਖਦਰਸ਼ਨ ਨੇ ਦੱਸਿਆ ਕਿ ਉਸਨੇ ਕਈ ਪਰਿਵਾਰਾਂ ਨਾਲ ਧੋਖਾ ਕੀਤਾ ਹੈ। ਉਸਨੇ ਆਪਣੀ ਧੀ ਨੂੰ ਵਿਦੇਸ਼ ਭੇਜਣ ਲਈ ਬਹੁਤ ਸਾਰਾ ਪੈਸਾ ਖਰਚ ਕੀਤਾ ਸੀ ਅਤੇ ਬਹੁਤ ਸਾਰਾ ਕਰਜ਼ਾ ਸੀ। ਉਸਨੇ ਇਹ ਸਭ ਮਜਬੂਰੀ ਵਿੱਚ ਕੀਤਾ।