Namdhari sect chief Uday Singh visited Punjab flood; ਨਾਮਧਾਰੀ ਸੰਪਰਦਾ ਦੇ ਮੁੱਖੀ ਉਦੈ ਸਿੰਘ ਨੇ ਅੱਜ ਹਲਕਾ ਸੁਲਤਾਨਪੁਰ ਲੋਧੀ ਦੇ ਹੜ ਪ੍ਰਭਾਵਿਤ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦਿਆਂ ਪੀੜਿਤ ਲੋਕਾਂ ਨਾਲ ਹਮਦਰਦੀ ਪ੍ਰਗਟਾਈ। ਇਸ ਮੌਕੇ ਉਹਨਾਂ ਨਾਲ ਹਲਕਾ ਸੁਲਤਾਨਪੁਰ ਲੋਧੀ ਦੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ, ਜਿਨਾਂ ਨੇ ਕਿ ਵੱਖ-ਵੱਖ ਪਿੰਡਾਂ ਵਿੱਚ ਉਦੇ ਸਿੰਘ ਨੂੰ ਪੀੜਤ ਲੋਕਾਂ ਦੇ ਰੂਬਰੂ ਕਰਵਾਇਆ।
ਪਿੰਡ ਆਹਲੀ ਕਲਾਂ ਪੁੱਜਣ ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਉਹਨਾਂ ਦਾ ਸਵਾਗਤ ਕਰਦਿਆਂ ਉਦੈ ਸਿੰਘ ਨੂੰ ਆਪਣੀਆਂ ਮੁਸ਼ਕਿਲਾਂ ਦੱਸੀਆਂ। ਪਿੰਡ ਆਹਲੀ ਕਲਾਂ ਦੇ ਪੀੜਤ ਕਿਸਾਨਾਂ ਜਿਨ੍ਹਾਂ ਵਿੱਚ ਸ਼ਮਿੰਦਰ ਸਿੰਘ ,ਰਸ਼ਪਾਲ ਸਿੰਘ, ਜਥੇਦਾਰ ਗੁਰਜੰਟ ਸਿੰਘ ਤਰਲੋਚਨ ਸਿੰਘ,ਡਾਕਟਰ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਹਰ ਸਾਲ ਹੀ ਬਿਆਸ ਦਰਿਆ ਵਿਚ ਆਉਣ ਵਾਲੇ ਹੜ ਦੀ ਮਾਰ ਝੱਲਦੇ ਹਨ ਅਤੇ ਹਰ ਸਾਲ ਹੀ ਉਹਨਾਂ ਦੀਆਂ ਫਸਲਾਂ ਬਰਬਾਦ ਹੁੰਦੀਆਂ ਹਨ।
ਉਹਨਾਂ ਨੇ ਮੰਗ ਰੱਖੀ ਕਿ ਜੇ ਬਿਆਸ ਦਰਿਆ ਦੀ ਖੁਦਾਈ ਕਰਵਾ ਦਿੱਤੀ ਜਾਵੇ ਤਾਂ ਉਹ ਹੜਾਂ ਦੀ ਮਾਰ ਤੋਂ ਬਚ ਸਕਦੇ ਹਨ ।ਜਥੇਦਾਰ ਗੁਰਜੰਟ ਸਿੰਘ ਨੇ ਕਿਹਾ ਕਿ ਜੇ ਦਰਿਆ ਨੂੰ ਖੁਦਾਈ ਕਰਕੇ ਨਹਿਰ ਦਾ ਰੂਪ ਦਿੱਤਾ ਜਾਵੇ ਤਾਂ ਇਹ 2 ਲੱਖ ਕਿਊਸਕ ਦੇ ਕਰੀਬ ਪਾਣੀ ਖਿੱਚ ਸਕਦਾ ਹੈ। ਉਹਨਾਂ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਕੇਂਦਰ ਸਰਕਾਰ ਵੱਲੋਂ ਤਾਂ ਦੇ ਦਿੱਤਾ ਗਿਆ ਸੀ ਪਰ ਪੰਜਾਬ ਸਰਕਾਰ ਨੇ ਆਪਣਾ ਵਿੱਚ ਹਿੱਸਾ ਨਹੀਂ ਪਾਇਆ। ਇਸ ਮੌਕੇ ਉਦੈ ਸਿੰਘ ਨੇ ਕਿਸਾਨਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਉਹਨਾਂ ਨੂੰ ਹਰ ਸਾਲ ਕਰੋਪੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਨੇ ਕਿਹਾ ਕਿ ਉਹ ਮੁੱਖ ਮੰਤਰੀ ਨਾਲ ਪਿਛਲੇ ਸਾਲ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਅਤੇ ਦਰਿਆ ਦੀ ਖੁਦਾਈ ਕਰਨ ਸਬੰਧੀ ਗੱਲਬਾਤ ਕਰਨਗੇ ।
ਇਸ ਮੌਕੇ ਪਿੰਡ ਆਹਲੀ ਕਲਾਂ ਦੀ ਸੰਗਤ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੰਡ ਬਾਊਪੁਰ ਵਿਖੇ ਪੀੜਤ ਕਿਸਾਨਾਂ ਨਾਲ਼ ਵੀ ਉਦੈ ਸਿੰਘ ਨੇ ਗੱਲਬਾਤ ਕੀਤੀ ਅਤੇ ਉਨ੍ਹਾਂ ਨਾਲ਼ ਹਮਦਰਦੀ ਪ੍ਰਗਟਾਈ।ਇਸ ਮੌਕੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਜਲਦ ਮੁੱਖ ਮੰਤਰੀ ਨਾਲ ਗੱਲਬਾਤ ਕਰਨਗੇ ਤਾਂ ਜ਼ੋ ਉਨ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਹੋ ਸਕੇ। ਇਸ ਮੌਕੇ ਉਦੇ ਸਿੰਘ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਵੀ ਮੁਲਾਕਾਤ ਕੀਤੀ ਅਤੇ ਉਹਨਾਂ ਵੱਲੋਂ ਹੜਾਂ ਦੌਰਾਨ ਨਿਭਾਈ ਗਈ ਸੇਵਾ ਦੀ ਸ਼ਲਾਘਾ ਕੀਤੀ। ਉਹਨਾਂ ਨੇ ਕਿਹਾ ਕਿ ਸੰਤ ਸੀਚੇਵਾਲ ਵੱਲੋਂ ਪਿਛਲੇ 15 ਤੋਂ 16 ਦਿਨਾਂ ਦੌਰਾਨ ਪਾਣੀ ਵਿੱਚ ਘਿਰੇ ਲੋਕਾਂ ਤੱਕ ਪਹੁੰਚ ਕਰਕੇ ਉਹਨਾਂ ਦੀ ਹਰ ਤਰ੍ਹਾਂ ਸਹਾਇਤਾ ਕੀਤੀ ਹੈ ।ਸੰਤ ਸੀਚੇਵਾਲ ਦੀ ਇਸ ਸੇਵਾ ਨੂੰ ਉਹ ਨਤਮਸਤਕ ਹੁੰਦੇ ਹਨ। ਇਸ ਮੌਕੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਦੱਸਿਆ ਕਿ ਇਸ ਇਲਾਕੇ ਦੀ ਮੁੱਖ ਮੰਗ ਨੂੰ ਰੱਖਦਿਆਂ ਪਿਛਲੇ ਸਮੇਂ ਦੌਰਾਨ ਪੁਲ ਦਾ ਨਿਰਮਾਣ ਕਰਵਾਇਆ ਗਿਆ ਸੀ ਜਿਸ ਦਾ 16 ਪਿੰਡਾਂ ਦੇ ਕਿਸਾਨਾਂ ਨੂੰ ਬਹੁਤ ਵੱਡਾ ਫਾਇਦਾ ਹੋ ਰਿਹਾ ਹੈ। ਇਸ ਤੋਂ ਉਪਰੰਤ ਉਦੈ ਸਿੰਘ ਖੈੜਾ ਬੇਟ ਵਿਖੇ ਮਹਾਤਮਾ ਮੁਨੀ ਅਤੇ ਸੰਤ ਅਮਰੀਕ ਸਿੰਘ ਖੁਖਰੈਣ ਵਾਲਿਆਂ ਨਾਲ ਵੀ ਮੁਲਾਕਾਤ ਕੀਤੀ।