Grenade attack on BJP leader house case:ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ‘ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਵਿਚ ਵੱਡੀ ਅਪਡੇਟ ਸਾਹਮਣੇ ਆਈ ਹੈ। ਮਨੋਰੰਜਨ ਕਾਲੀਆ ਦੇ ਘਰ ਦੇ ਬਲਾਸਟ ਕੇਸ ਵਿੱਚ ਜਲੰਧਰ ਪੁਲਸ ਅਤੇ ਸੁਰੱਖਿਆ ਏਜੰਸੀਆਂ ਨੇ ਦਿੱਲੀ ਤੋਂ ਦੋ ਹੋਰ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ ਦੋਵਾਂ ਮੁਲਜ਼ਮਾਂ ਦੀ ਭੂਮਿਕਾ ਬਾਰੇ ਜਲੰਧਰ ਪੁਲਸ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ। ਜਲੰਧਰ ਪੁਲਸ ਦੀ ਇਕ ਹੋਰ ਟੀਮ ਦਿੱਲੀ ਭੇਜ ਦਿੱਤੀ ਗਈ ਹੈ।
ਉਥੇ ਹੀ ਮਨੋਰੰਜਨ ਕਾਲੀਆ ਦੇ ਘਰ ‘ਤੇ ਹੋਏ ਹੈਂਡ ਗ੍ਰਨੇਡ ਹਮਲੇ ਦੀ ਜਾਂਚ ਲਈ ਐੱਨ.ਆਈ. ਏ. ਜਲੰਧਰ ਆਵੇਗੀ। ਜਲੰਧਰ ਪੁਲਸ ਮੁਲਜ਼ਮਾਂ ਦੇ ਨੈੱਟਵਰਕ ਨੂੰ ਤੋੜਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਖਾਲਿਸਤਾਨ ਆਰਮਡ ਫੋਰਸ ਵੱਲੋਂ ਇਸ ਧਮਾਕੇ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਨਾ ਸਿਰਫ਼ ਜਲੰਧਰ ਪੁਲਸ ਸਗੋਂ ਕੇਂਦਰੀ ਏਜੰਸੀਆਂ ਵੀ ਜਾਂਚ ਵਿੱਚ ਸ਼ਾਮਲ ਹਨ। ਦੂਜੇ ਪਾਸੇ ਗ੍ਰਿਫ਼ਤਾਰ ਕੀਤੇ ਗਏ ਈ-ਰਿਕਸ਼ਾ ਚਾਲਕ ਸਤੀਸ਼, ਵਾਸੀ ਭਾਰਗਵ ਕੈਂਪ ਅਤੇ ਉਸ ਦੇ ਮਾਮੇ ਦੇ ਪੁੱਤਰ ਹੈਰੀ ਵਾਸੀ ਗੜਾ ਤੋਂ ਪੁੱਛਗਿੱਛ ਜਾਰੀ ਹੈ। ਕੁਝ ਦਿਨ ਪਹਿਲਾਂ ਦੋਵੇਂ ਜਲੰਧਰ ਵਿੱਚ ਰਹੇ ਸਨ ਅਤੇ ਕਾਲੀਆ ਦੇ ਘਰ ਦੀ ਰੇਕੀ ਕੀਤੀ ਸੀ।
ਜੇਕਰ ਸੂਤਰਾਂ ਦੀ ਮੰਨੀਏ ਤਾਂ ਜਿਸ UPI ਨੰਬਰ ਤੋਂ ਸਤੀਸ਼ ਨੂੰ ਪੈਸੇ ਭੇਜੇ ਗਏ ਸਨ, ਉਹ ਗਾਜ਼ੀਆਬਾਦ ਦਾ ਹੈ। ਕੁਝ ਇਨਪੁਟ ਵੀ ਮਿਲੇ ਹਨ, ਜਿਸ ਤੋਂ ਬਾਅਦ ਇਕ ਹੋਰ ਟੀਮ ਯੂ. ਪੀ. ਦੇ ਗਾਜ਼ੀਆਬਾਦ ਲਈ ਰਵਾਨਾ ਹੋ ਗਈ ਹੈ। ਪੰਜਾਬ ਪੁਲਸ ਦੇ ਡੀ. ਜੀ. ਪੀ. ਨੇ ਯੂ. ਪੀ. ਦੇ ਡੀ. ਜੀ. ਪੀ. ਅਤੇ ਸਰਕਾਰ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਚੌਕਸ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ ਤੋਂ ਤੇਜ਼ਤਰਾਰ ਅਧਿਕਾਰੀਆਂ ਦੀਆਂ ਟੀਮਾਂ ਗਾਜ਼ੀਆਬਾਦ ਭੇਜੀਆਂ ਗਈਆਂ ਹਨ।
ਇਹ ਵੀ ਚਰਚਾ ਹੈ ਕਿ ਸਾਰੀ ਯੋਜਨਾ ਯੂ. ਪੀ. ਵਿੱਚ ਬੈਠ ਕੇ ਕੀਤੀ ਗਈ ਸੀ। ਇਸ ਤੋਂ ਪਹਿਲਾਂ ਇਕ ਹੈਂਡ ਗ੍ਰਨੇਡ ਹਮਲੇ ਦੇ ਮਾਮਲੇ ਵਿੱਚ ਪੰਜਾਬ ਪੁਲਸ ਨੇ ਯੂ. ਪੀ. ਦੇ ਪੀਲੀਭੀਤ ਵਿੱਚ ਇਕ ਮੁਕਾਬਲਾ ਕੀਤਾ ਸੀ। ਧਮਾਕੇ ਦੇ ਪੰਜਾਬੀ ਦੋਸ਼ੀ ਉਥੇ ਜਾ ਕੇ ਰੁਕੇ ਹੋਏ ਸਨ। ਉਥੇ ਹੀ ਇਕ ਨਵੀਂ ਸੀ. ਸੀ. ਟੀ. ਵੀ. ਵੀ ਸਾਹਮਣੇ ਆਈ ਹੈ। ਜਿਸ ਵਿਚ ਇਹ ਪਤਾ ਲੱਗਾ ਹੈ ਕਿ ਹਮਲਾਵਰ ਨੇ ਹਮਲੇ ਤੋਂ ਬਾਅਦ ਦੋਮੋਰੀਆ ਪੁਲ ਦੇ ਕੋਲ ਰਾਤ 1.32 ਵਜੇ ਕੱਪੜੇ ਬਦਲੇ ਸਨ। ਕੱਪੜੇ ਬਦਲਣ ਮਗਰੋਂ ਉਹ ਜਲੰਧਰ ਰੇਲਵੇ ਸਟੇਸ਼ਨ ਵੱਲ ਗਿਆ ਸੀ। ਸੀ. ਸੀ. ਟੀ. ਵੀ. ਵਿਚ ਵਿਖਾਈ ਦਿੰਦਾ ਹੈ ਕਿ ਕੱਪੜੇ ਬਦਲਣ ਮਗਰੋਂ ਹਮਲਾਵਰ ਬੈਗ ਲੈ ਕੇ ਪੈਦਲ ਹੀ ਰੇਲਵੇ ਸਟੇਸ਼ਨ ਵੱਲ ਜਾਂਦਾ ਹੈ।