Gurdaspur News: ਪਰਿਵਾਰਿਕ ਮੈਂਬਰ ਦਿਲਬਾਗ ਨੇ ਦੱਸਿਆ ਕਿ ਐਨਆਈਏ ਦੀ ਟੀਮ ਸਵੇਰੇ ਕਰੀਬ 5:30 ਵਜੇ ਉਨ੍ਹਾਂ ਦੇ ਘਰ ਪਹੁੰਚੀ ਉਸ ਵਕਤ ਸਾਰੇ ਸੁੱਤੇ ਪਏ ਸੀ।
NIA raid in Gurdaspur: ਪੰਜਾਬ ‘ਚ ਅੱਜ ਫਿਰ ਤੋਂ ਐਨਆਈਏ ਦੀ ਰੇਡ ਪਈ। ਅੱਜ ਤੜਕਸਾਰ ਕਰੀਬ ਸਾਢੇ ਪੰਜ ਵਜੇ ਜਾਂਚ ਏਜੰਸੀ NIA ਦੀ ਟੀਮ ਗੁਰਦਾਸਪੁਰ ਦੇ ਸਰਹੱਦੀ ਪਿੰਡ ਚੌੜਾ ਕਲਾਂ ਪਹੁੰਚੀ। ਐਨਆਈਏ ਦੀ ਰੇਡ ਸਰਹੱਦੀ ਪਿੰਡ ਚੋੜਾ ਕਲਾਂ ‘ਚ ਲਗਾਤਾਰ ਚਾਰ ਘੰਟੇ ਤੱਕ ਚੱਲੀ।
ਹਾਸਲ ਜਾਣਕਾਰੀ ਮੁਤਾਬਕ ਚੌੜਾ ਕਲਾਂ ਦੇ ਰਹਿਣ ਵਾਲੇ ਦਿਲਬਾਗ ਸਿੰਘ ਦੇ ਘਰ ‘ਤੇ ਰੇਡ ਕੀਤੀ ਗਈ। ਦਿਲਬਾਗ ਸਿੰਘ ਪਿਛਲੇ ਲੰਬੇ ਸਮੇਂ ਤੋਂ ਵਿਦੇਸ਼ ‘ਚ ਰਹਿੰਦਾ ਹੈ ਤੇ ਕੁਝ ਸਮਾਂ ਪਹਿਲਾਂ ਹੀ ਪਿੰਡ ਵੀ ਆਇਆ ਸੀ। ਜਿਸ ਤੋਂ ਬਾਅਦ NIA ਨੇ ਤੜਕਸਾਰ ਰੇਡ ਕੀਤੀ।
17 ਸਾਲਾਂ ਤੋਂ ਵਿਦੇਸ਼ ਰਹਿ ਰਿਹਾ ਦਿਲਬਾਗ
ਐਨਆਈਏ ਦੀ ਇਸ ਛਾਪੇਮਾਰੀ ਬਾਰੇ ਜਾਣਕਾਰੀ ਦਿੰਦਿਆਂ ਪਰਿਵਾਰਿਕ ਮੈਂਬਰ ਦਿਲਬਾਗ ਦੇ ਭਰਾ ਦੀ ਪਤਨੀ ਨੇ ਦੱਸਿਆ ਕਿ ਐਨਆਈਏ ਦੀ ਟੀਮ ਸਵੇਰੇ ਕਰੀਬ 5:30 ਵਜੇ ਉਨ੍ਹਾਂ ਦੇ ਘਰ ਪਹੁੰਚੀ ਉਸ ਵਕਤ ਸਾਰੇ ਸੁੱਤੇ ਪਏ ਸੀ, ਜਿਸ ਤੋਂ ਬਾਅਦ ਲਗਾਤਾਰ ਉਨ੍ਹਾਂ ਦੇ ਫੋਨ ਅਤੇ ਘਰ ਦੀ ਤਲਾਸ਼ੀ ਲਈ ਗਈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ 17 ਸਾਲਾਂ ਤੋਂ ਉਸ ਦੇ ਜੇਠ ਅਤੇ ਜਠਾਣੀ ਜਰਮਨ ਦੇ ਵਿੱਚ ਰਹਿ ਰਹੇ ਹਨ।
ਪਰਿਵਾਰ ਨੂੰ ਚੰਡੀਗੜ੍ਹ ਦਫਤਰ ਆਉਣ ਦਾ ਨੋਟਿਸ
ਨਾਲ ਹੀ ਉਨ੍ਹਾਂ ਅੱਗੇ ਦੱਸਿਆ ਕਿ ਪਿਛਲੇ ਕੁਝ ਮਹੀਨੇ ਪਹਿਲੇ ਉਹ ਪਿੰਡ ਆਏ ਸੀ ਅਤੇ ਬਾਅਦ ਫਿਰ ਵਾਪਸ ਵਿਦੇਸ਼ ਪਰਤ ਗਏ ਸੀ। ਐਨਆਈਏ ਵਲੋਂ ਕੀਤੀ ਰੇਡ ਬਾਰੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਨਹੀਂ ਪਤਾ ਕਿ ਆਖਿਰ ਕੀ ਗੱਲਬਾਤ ਹੋਈ ਹੈ ਜਿਸ ਕਰਕੇ ਐਨਆਈਏ ਦੀ ਰੇਡ ਹੋਈ। ਐਨਆਈਏ ਦੀ ਟੀਮ ਉਨ੍ਹਾਂ ਨੂੰ ਇੱਕ ਲੈਟਰ ਦੇ ਕੇ ਗਈ ਹੈ ਅਤੇ ਉਨ੍ਹਾਂ ਨੂੰ ਕੱਲ੍ਹ ਚੰਡੀਗੜ੍ਹ ਦਫਤਰ ਆਉਣ ਲਈ ਕਿਹਾ ਗਿਆ ਹੈ।
ਫਿਲਹਾਲ ਕਿਸੇ ਵੀ ਅਧਿਕਾਰੀ ਵਲੋਂ ਇਸ ਸਬੰਧੀ ਕੋਈ ਵੀ ਜਾਣਕਾਰੀ ਸਾਂਝਾ ਨਹੀਂ ਕੀਤੀ ਗਈ।