NIA Raids in Punjab: ਐਨਆਈਏ ਨੇ ਪਹਿਲਾਂ ਹੀ ਇਸ ਮਾਮਲੇ ਵਿੱਚ ਹੈਪੀ ਨੂੰ ਭਗੌੜਾ ਅਪਰਾਧੀ ਐਲਾਨ ਕੀਤਾ ਹੈ ਅਤੇ ਉਸ ‘ਤੇ 5 ਲੱਖ ਰੁਪਏ ਦਾ ਇਨਾਮ ਵੀ ਐਲਾਨਿਆ ਜਾ ਚੁੱਕਿਆ ਹੈ।
NIA Action in Punjab: ਰਾਸ਼ਟਰੀ ਜਾਂਚ ਏਜੰਸੀ (NIA) ਨੇ ਪੰਜਾਬ ‘ਚ ਅੱਤਵਾਦ ਵਿਰੁੱਧ ਵੱਡੀ ਕਾਰਵਾਈ ਕੀਤੀ। ਖਾਲਿਸਤਾਨੀ ਅੱਤਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ ਦੇ ਸਾਥੀ ਹੈਪੀ ਪਾਸੀਅਨ ਨਾਲ ਜੁੜੇ 17 ਟਿਕਾਣਿਆਂ ‘ਤੇ ਛਾਪੇਮਾਰੀ। ਇਸ ਦੌਰਾਨ ਮੋਬਾਈਲ ਫੋਨ, ਡਿਜੀਟਲ ਡਿਵਾਈਸ ਅਤੇ ਕਈ ਇਤਰਾਜ਼ਯੋਗ ਦਸਤਾਵੇਜ਼ ਜ਼ਬਤ ਕੀਤੇ ਗਏ। ਹੈਪੀ ਪਾਸੀਅਨ ਨੂੰ ਪਿਛਲੇ ਮਹੀਨੇ ਅਮਰੀਕਾ ‘ਚ ਗ੍ਰਿਫਤਾਰ ਕੀਤਾ ਗਿਆ।
ਰਾਸ਼ਟਰੀ ਜਾਂਚ ਏਜੰਸੀ (NIA) ਨੇ ਅੱਤਵਾਦੀ ਸਾਜ਼ਿਸ਼ ਨਾਲ ਜੁੜੇ ਇੱਕ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ, ਪਾਕਿਸਤਾਨ ਸਥਿਤ ਖਾਲਿਸਤਾਨੀ ਅੱਤਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ ਦੇ ਸਾਥੀ ਹੈਪੀ ਪਾਸੀਅਨ ਨਾਲ ਜੁੜੇ ਕਈ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਇਹ ਕਾਰਵਾਈ ਪੰਜਾਬ ਦੇ ਸੱਤ ਜ਼ਿਲ੍ਹਿਆਂ, ਗੁਰਦਾਸਪੁਰ, ਬਟਾਲਾ, ਫਿਰੋਜ਼ਪੁਰ, ਫਾਜ਼ਿਲਕਾ, ਤਰਨਤਾਰਨ, ਅੰਮ੍ਰਿਤਸਰ ਅਤੇ ਫਰੀਦਕੋਟ ਵਿੱਚ ਸਥਿਤ 17 ਥਾਵਾਂ ‘ਤੇ ਕੀਤੀ ਗਈ।
ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ, ਐਨਆਈਏ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਕਿ, ਇਨ੍ਹਾਂ ਛਾਪਿਆਂ ਦੌਰਾਨ ਮੋਬਾਈਲ ਫੋਨ, ਡਿਜੀਟਲ ਡਿਵਾਈਸ ਅਤੇ ਕਈ ਇਤਰਾਜ਼ਯੋਗ ਦਸਤਾਵੇਜ਼ ਜ਼ਬਤ ਕੀਤੇ ਗਏ ਹਨ। ਇਹ ਛਾਪੇਮਾਰੀ ਹੈਪੀ ਪਾਸੀਅਨ ਅਤੇ ਉਸਦੇ ਵਿਦੇਸ਼ੀ ਨੈੱਟਵਰਕ ਨਾਲ ਜੁੜੇ ਸ਼ੱਕੀਆਂ ਦੇ ਟਿਕਾਣਿਆਂ ‘ਤੇ ਕੀਤੀ ਗਈ ਸੀ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਹੈਪੀ ਪਾਸੀਅਨ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਅੱਤਵਾਦੀ ਰਿੰਦਾ ਦਾ ਇੱਕ ਮੁੱਖ ਸਾਥੀ ਹੈ। ਹੈਪੀ ਨੂੰ ਪੰਜਾਬ ਅਤੇ ਹਰਿਆਣਾ ਦੇ ਕਈ ਪੁਲਿਸ ਥਾਣਿਆਂ ਅਤੇ ਚੌਕੀਆਂ ‘ਤੇ ਹਾਲ ਹੀ ਵਿੱਚ ਹੋਏ ਗ੍ਰਨੇਡ ਹਮਲਿਆਂ ਦਾ ਮਾਸਟਰਮਾਈਂਡ ਮੰਨਿਆ ਜਾਂਦਾ ਹੈ।
ਜਾਂਚ ਏਜੰਸੀ ਨੇ ਕਿਹਾ ਕਿ ਰਿੰਦਾ ਦਾ ਨੈੱਟਵਰਕ ਕਈ ਦੇਸ਼ਾਂ ਵਿੱਚ ਫੈਲਿਆ ਹੋਇਆ ਹੈ ਅਤੇ ਉਹ ਭਾਰਤ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਲੋਕਾਂ ਦੀ ਭਰਤੀ ਕਰ ਰਿਹਾ ਹੈ। ਹੈਪੀ ਪਾਸੀਅਨ ਨਾ ਸਿਰਫ ਅੱਤਵਾਦੀ ਸਾਥੀਆਂ ਦੀ ਭਰਤੀ ਵਿੱਚ ਸ਼ਾਮਲ ਰਿਹਾ ਹੈ, ਬਲਕਿ ਉਸਨੇ ਵਿਦੇਸ਼ਾਂ ਵਿੱਚ ਆਪਣੇ ਸੰਪਰਕਾਂ ਰਾਹੀਂ ਬੀਕੇਆਈ ਫੀਲਡ ਆਪਰੇਟਿਵਾਂ ਨੂੰ ਪੈਸਾ, ਹਥਿਆਰ ਅਤੇ ਵਿਸਫੋਟਕ ਵੀ ਪ੍ਰਦਾਨ ਕੀਤੇ।