June 1984 Ghallughara: ਕੇਵਲ ਕੁਮਾਰ ਉਹ ਸਖ਼ਸ਼ ਹਨ, ਜਿਨ੍ਹਾਂ ਨੇ ‘ਆਪਰੇਸ਼ਨ ਬਲੂ ਸਟਾਰ’ ਮਗਰੋਂ ਹਰਮਿੰਦਰ ਸਾਹਿਬ ਕੰਪਲੈਕਸ ਦੇ ਅੰਦਰ ਤੇ ਆਸ-ਪਾਸ ਦੇ ਇਲਾਕੇ ਵਿੱਚ ਲਾਸ਼ਾਂ ਦਾ ਨਿਪਟਾਰਾ ਕਰਨ ਦੀ ਡਿਊਟੀ ਨਿਭਾਈ ਸੀ।
ਜੂਨ 1984 ਦੇ ਪਹਿਲੇ ਹਫ਼ਤੇ ਭਾਰਤੀ ਫੌਜ ਦੇ ਦਰਬਾਰ ਸਾਹਿਬ ਕੰਪਲੈਕਸ ਉੱਤੇ ਕੀਤੇ ਹਮਲੇ ਨੂੰ ‘ਆਪਰੇਸ਼ਨ ਬਲੂ ਸਟਾਰ’ ਵਜੋਂ ਜਾਣਿਆ ਜਾਂਦਾ ਹੈ।
ਭਾਰਤ ਸਰਕਾਰ ਦੇ ਦਾਅਵੇ ਮੁਤਾਬਕ ਇਹ ਫੌਜੀ ਕਾਰਵਾਈ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਨ੍ਹਾਂ ਦੇ ਹਥਿਆਰਬੰਦ ਸਾਥੀਆਂ ਨੂੰ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਬਾਹਰ ਕੱਢਣ ਲਈ ਕੀਤੀ ਗਈ ਸੀ।
ਜਰਨੈਲ ਸਿੰਘ ਭਿੰਡਰਾਵਾਲੇ ਸਿੱਖ ਧਰਮ ਦੀ ਪ੍ਰਚਾਰਕ ਸੰਸਥਾ ਦਮਦਮੀ ਟਕਸਾਲ ਦੇ ਤਤਕਾਲੀ ਮੁਖੀ ਸਨ। ਸਰਕਾਰ ਦਾ ਦਾਅਵਾ ਹੈ ਕਿ ਭਿੰਡਰਾਵਾਲੇ ਨੇ ਹਥਿਆਰਬੰਦ ਹੋ ਕੇ ਕੰਪਲੈਕਸ ਉੱਤੇ ਕਬਜ਼ਾ ਕਰ ਲਿਆ ਸੀ ਅਤੇ ਉਹ ਅਲੱਗ ਦੇਸ ਖ਼ਾਲਿਸਤਾਨ ਦਾ ਐਲਾਨ ਕਰਨ ਵਾਲੇ ਸਨ।
ਪਰ ਕਈ ਸਿੱਖ ਸਿਆਸਤ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਇਹ ਹਮਲਾ ਇੰਦਰਾ ਗਾਂਧੀ ਸਰਕਾਰ ਦੀ ਧੁਰਵੀਕਰਨ ਦੀ ਸਿਅਆਸਤ ਦਾ ਨਤੀਜਾ ਸੀ।
ਸਰਕਾਰੀ ਵਾਈਟ ਪੇਪਰ ਮੁਤਾਬਕ ‘ਆਪ੍ਰੇਸ਼ਨ ਬਲੂ ਸਟਾਰ’ ‘ਚ 493 ਆਮ ਲੋਕ ਤੇ 83 ਫੌਜੀ ਮਾਰੇ ਗਏ। ਕੇਂਦਰੀ ਸਿੱਖ ਅਜਾਇਬ ਘਰ ਵਿੱਚ ਹਮਲੇ ਦੇ ਮ੍ਰਿਤਕਾਂ ਦੀ ਸੂਚੀ ਵਿੱਚ 743 ਨਾਂ ਸ਼ਾਮਲ ਹਨ।
ਪੰਜਾਬ ਪੁਲਿਸ ਦੇ ਤਤਕਾਲੀ ਅਧਿਕਾਰੀ ਅਪਾਰ ਸਿੰਘ ਬਾਜਵਾ ਨੇ 2004 ਵਿੱਚ ਦੱਸਿਆ ਸੀ ਕਿ ਉਨ੍ਹਾਂ 800 ਲਾਸ਼ਾਂ ਆਪ ਗਿਣੀਆਂ ਸਨ। ਜਦਕਿ ਮਨੁੱਖੀ ਅਧਿਕਾਰ ਕਾਰਕੁਨ ਇੰਦਰਜੀਤ ਸਿੰਘ ਜੇਜੀ ਅਤੇ ਕਈ ਹੋਰ ਮੰਨੇ-ਪ੍ਰਮੰਨੇ ਪੱਤਰਕਾਰ ਤੇ ਵਿਦਵਾਨ ਮ੍ਰਿਤਕਾਂ ਦੀ ਗਿਣਤੀ 4,000 ਤੋਂ 5,000 ਦੱਸਦੇ ਹਨ।
ਕੇਵਲ ਕੁਮਾਰ ਦੱਸਦੇ ਹਨ ਕਿ ਜਦੋਂ ਸਾਕਾ ਨੀਲਾ ਤਾਰਾ ਵਾਪਰਿਆ, ਉਦੋਂ ਉਹ 32 ਸਾਲ ਦੇ ਸਨ।
ਸਬ- ਇੰਸਪੈਕਟਰ ਵਜੋਂ ਸੇਵਾਮੁਕਤ ਹੋਏ ਕੇਵਲ ਕੁਮਾਰ ਸਾਨੂੰ ਅੰਮ੍ਰਿਤਸਰ ਨਗਰ ਨਿਗਮ ਦੇ ਆਪਣੇ ਪੁਰਾਣੇ ਦਫ਼ਤਰ ਵਿੱਚ ਹੀ ਮਿਲੇ। ਜਦੋਂ ਉਹ ਆਪਣੀ ਹੱਡਬੀਤੀ ਸਾਡੇ ਨਾਲ ਸਾਂਝੀ ਕਰ ਰਹੇ ਸਨ ਤਾਂ ਉਨ੍ਹਾਂ ਦੇ ਚਿਹਰੇ ਉੱਤੋਂ ਦਰਦ ਸਾਫ਼ ਝਲਕਦਾ ਸੀ, ਇੰਝ ਲੱਗ ਰਿਹਾ ਸੀ ਜਿਵੇਂ ਉਹ ਅੱਜ ਵੀ ਹਾਲਾਤ ਬਾਰੇ ਦੱਸਣ ਤੋਂ ਹਿਚਕਚਾ ਰਹੇ ਹੋਣ।
ਕੇਵਲ ਕੁਮਾਰ ਕਹਿੰਦੇ ਹਨ, “ਕਿਤੇ ਚਾਰ ਲਾਸ਼ਾਂ ਪਈਆਂ ਸਨ, ਕਿਤੇ ਛੇ ਅਤੇ ਕਿਤੇ ਅੱਠ ਗਰਮੀ ਦਾ ਮੌਸਮ ਸੀ, ਮ੍ਰਿਤਕ ਦੇਹਾਂ ਗਲ਼ ਸੜ ਰਹੀਆਂ ਸਨ, ਬਹੁਤ ਬੁਰਾ ਹਾਲ ਸੀ। ਲਾਸ਼ਾਂ ਫੁੱਲ ਗਈਆਂ ਸਨ।”
ਉਹ ਅੱਗੇ ਦੱਸਦੇ ਹਨ, “ਜਦੋਂ ਅਸੀਂ ਬਾਹਵਾਂ ਜਾਂ ਲੱਤਾਂ ਤੋਂ ਲਾਸ਼ ਨੂੰ ਫੜ੍ਹਦੇ ਸੀ ਤਾਂ ਚਮੜੀ ਹੱਥ ਵਿੱਚ ਰਹਿ ਜਾਂਦੀ ਸੀ, ਆਸ-ਪਾਸ ਬਦਬੂ ਫੈਲੀ ਹੋਈ ਸੀ।”
ਪੁਲਿਸ ਨੇ ਗਲ਼ ਰਹੀਆਂ ਲਾਸ਼ਾਂ ਚੁੱਕਣ ਤੋਂ ਹੱਥ ਖੜ੍ਹੇ ਕਰ ਦਿੱਤੇ ਸਨ। ਅਜਿਹੇ ਮੁਸ਼ਕਲ ਹਾਲਾਤ ਵਿੱਚ ਲਾਸ਼ਾਂ ਦਾ ਨਿਪਟਾਰਾ ਕਰਨ ਲਈ ਫੌਜ ਤੇ ਪ੍ਰਸਾਸ਼ਨ ਨੇ ਨਿਗਮ ਦੇ ਸਫਾਈ ਮੁਲਾਜ਼ਮਾਂ ਦੀ ਡਿਊਟੀ ਲਾਈ।
ਕੇਵਲ ਕੁਮਾਰ ਦੱਸਦੇ ਹਨ 6 ਜੂਨ 1984 ਦੀ ਸਵੇਰ ਨੂੰ ਫੌਜ ਅਤੇ ਨਗਰ ਨਿਗਮ ਦੇ ਅਧਿਕਾਰੀ ਉਨ੍ਹਾਂ ਨੂੰ ਘਰੋਂ ਇਸ ਕੰਮ ਵਾਸਤੇ ਲੈਣ ਆਏ ਸਨ।
“ਮੈਂ ਆਪਣੇ ਘਰ ਵਿਹੜੇ ਵਿੱਚ ਬਾਹਰ ਸੁੱਤਾ ਹੋਇਆ ਸੀ। ਮੈਨੂੰ ਫੌਜ ਨੇ ਤੜਕੇ ਪੰਜ ਜਾਂ ਸਾਢੇ ਪੰਜ ਵਜੇ ਉਠਾਇਆ, ਨਾਲ ਡਾਕਟਰ ਰਾਜ ਪਾਲ ਭਾਟੀਆ ਵੀ ਸਨ। ਉੱਥੇ ਹੀ ਮੇਰਾ ਪਾਸ ਬਣਾਇਆ ਗਿਆ ਕਿਉਂਕਿ ਕਰਫਿਊ ਲੱਗਾ ਹੋਇਆ ਸੀ। ਕਿਸੇ ਨੂੰ ਆਉਣ ਜਾਣ ਦੀ ਇਜਾਜ਼ਤ ਨਹੀਂ ਸੀ। ਫਿਰ ਸਾਨੂੰ ਲਾਸ਼ਾਂ ਚੁਕਵਾਉਣ ਲਈ ਕੂੜੇ ਵਾਲੀਆਂ ਤਿੰਨ ਚਾਰ ਟਰਾਲੀਆਂ ਮਿਲ ਗਈਆਂ।”
“ਇੰਝ ਦੁਪਹਿਰ ਤੱਕ ਅਸੀਂ ਲਾਸ਼ਾਂ ਨੂੰ ਚੁੱਕਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ।”
ਅੰਮ੍ਰਿਤਸਰ ਦੇ ਤਤਕਾਲੀ ਡਿਪਟੀ ਕਮਿਸ਼ਨਰ ਰਮੇਸ਼ ਇੰਦਰ ਸਿੰਘ ਵੀ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਡਾਕਟਰ ਰਾਜ ਪਾਲ ਭਾਟੀਆ ਨਗਰ ਨਿਗਮ ਵਿਭਾਗ ਵਿੱਚ ਬਤੌਰ ਸਿਹਤ ਅਧਿਕਾਰੀ ਤੈਨਾਤ ਸਨ। ਉਨ੍ਹਾਂ ਦੀ ਨਿਗਰਾਨੀ ਹੇਠ ਹੀ ਨਿਗਮ ਕਰਮਚਾਰੀਆਂ ਨੂੰ ਲਾਸ਼ਾਂ ਚੁਕਵਾਉਣ ਲਈ ਸੱਦਿਆ ਗਿਆ ਸੀ।
ਰਮੇਸ਼ ਇੰਦਰ ਸਿੰਘ ਨੇ ਆਪ੍ਰੇਸ਼ਨ ਬਲੂ ਸਟਾਰ ਬਾਰੇ ‘ਟਰਮੋਇਲ ਇਨ ਪੰਜਾਬ ਬੀਫੋਰ ਐਂਡ ਆਫਟਰ ਬਲੂ ਸਟਾਰ- ਐਨ ਇਨਸਾਈਡਰਜ਼ ਸਟੋਰੀ’ ਨਾਂ ਦੀ ਕਿਤਾਬ ਲਿਖੀ ਹੈ, ਜਿਸ ਵਿੱਚ ਕੇਵਲ ਕੁਮਾਰ ਵਲੋਂ ਦੱਸੀ ਜਾਣਕਾਰੀ ਵਰਗੇ ਕਈ ਹੋਰ ਵੇਰਵੇ ਦਰਜ ਕੀਤੇ ਗਏ ਹਨ।
ਗੱਲਬਾਤ ਦੌਰਾਨ ਰਮੇਸ਼ ਇੰਦਰ ਸਿੰਘ ਨੇ ਦੱਸਿਆ ਕਿ 3 ਜੂਨ ਨੂੰ ਕਰਫਿਊ ਲੱਗਣ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਮੌਤਾਂ ਹੋਣੀਆਂ ਸ਼ੁਰੂ ਹੋ ਗਈਆਂ ਸਨ।
ਉਨ੍ਹਾਂ ਨੇ ਦੱਸਿਆ, “6 ਜੂਨ ਆਪ੍ਰੇਸ਼ਨ ਪੂਰਾ ਹੋਣ ਤੱਕ ਲਾਸ਼ਾਂ ਸੜਨ ਲੱਗ ਪਈਆਂ ਸਨ। ਫਿਰ ਪੰਜਾਬ ਸਰਕਾਰ ਨੇ ਲਾਸ਼ਾਂ ਨੂੰ ਹਟਾਉਣ ਦੀ ਜ਼ਿੰਮੇਵਾਰੀ ਨਗਰ ਨਿਗਮ ਦੇ ਕਾਮਿਆਂ ਨੂੰ ਸੌਂਪੀ। ਲਾਸ਼ਾਂ ਨੂੰ ਹਟਾਉਣ ਦਾ ਪ੍ਰਬੰਧ ਤਤਕਾਲੀ ਮਿਊਂਸਪਲ ਕਮਿਸ਼ਨਰ ਗੁਲਵੰਤ ਸਿੰਘ ਦੀ ਦੇਖ ਰੇਖ ਵਿੱਚ ਹੋਇਆ।”
ਲਾਸ਼ਾਂ ਚੁੱਕਣ ਵਾਲੇ ਦੱਸਦੇ ਹਨ ਕਿ ਮੰਜ਼ਰ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਨੀਂਦ ਆਉਣੀ ਬੰਦ ਹੋ ਗਈ ਗਈ ਸੀ।
ਉਨ੍ਹਾਂ ਨੂੰ ਵਾਰ-ਵਾਰ ਮੁਰਦਿਆਂ ਦੇ ਕੋਲ ਹੋਣ ਦੇ ਭੁਲੇਖੇ ਪੈਂਦੇ ਸੀ। ਕਈ ਵਾਰੀ ਆਵਾਜ਼ਾਂ ਵੀ ਸੁਣਦੀਆਂ ਸਨ ਅਤੇ ਕੁਝ ਵੀ ਖਾਣ-ਪੀਣ ਦਾ ਦਿਲ ਨਹੀਂ ਕਰਦਾ ਸੀ।
ਕੇਵਲ ਦੱਸਦੇ ਹਨ, “ਰਾਤ ਨੂੰ ਤਾਂ ਨੀਂਦ ਨਹੀਂ ਸੀ ਆਉਂਦੀ ਹੁੰਦੀ। ਚਾਰ ਪੰਜ ਦਿਨ ਤਾਂ ਏਦਾਂ ਲੱਗਦਾ ਸੀ ਕੋਲ ਕੋਈ (ਮੁਰਦਾ) ਖਲੋਤਾ ਹੈ, ਬੈਠਾ ਹੈ। ਕੋਈ ਪੁੱਛਦਾ ਸੀ ਮੇਰੇ ਵਾਲ ਕਿੱਥੇ ਹਨ।”
ਜਦੋਂ ਉਹ ਇਹ ਕੰਮ ਕਰਨ ਤੋਂ ਇਨਕਾਰ ਕਰਦੇ ਤਾਂ ਉਨ੍ਹਾਂ ਨੂੰ ਸ਼ਰਾਬ ਪਿਆਈ ਜਾਂਦੀ ਸੀ, ਪੁਲਿਸ ਥਾਣਿਆਂ ਵਿੱਚੋਂ ਸ਼ਰਾਬ ਦਿੱਤੀ ਜਾਂਦੀ ਅਤੇ ਸ਼ਰਾਬੀ ਕਰ ਕੇ ਲਾਸ਼ਾਂ ਚੁਕਵਾਈਆਂ ਜਾਂਦੀਆਂ ਸਨ।
ਕੇਵਲ ਕੁਮਾਰ ਕਹਿੰਦੇ ਹਨ, “ਵੈਸੇ ਵੀ ਕੋਈ ਬੰਦਾ ਆਮ ਹਾਲਤ ਵਿੱਚ ਅਜਿਹਾ ਕੰਮ ਕਰ ਹੀ ਨਹੀਂ ਸਕਦਾ, ਕੋਈ ਜਾਣ ਵਾਸਤੇ ਤਿਆਰ ਨਹੀਂ ਸੀ, ਅਸੀਂ ਸਫਾਈ ਵਾਲੇ ਮਜ਼ਦੂਰ ਸੀ, ਅਸੀਂ ਹੁਕਮ ਅਦੂਲੀ ਕਿਵੇ ਕਰਦੇ।”
ਕੈਮਰੇ ਉੱਤੇ ਨਾ ਆਉਣ ਦੀ ਸ਼ਰਤ ਉੱਤੇ ਇੱਕ ਹੋਰ ਸਫਾਈ ਸੇਵਕ ਨੇ ਦੱਸਿਆ ਕਿ ਉਹ ਦਰਬਾਰ ਸਾਹਿਬ ਦੇ ਨੇੜਲੇ ਅਖਾੜਿਆਂ ਵਿੱਚ ਕੁਸ਼ਤੀ ਸਿੱਖਦਾ ਸੀ।
ਉਨ੍ਹਾਂ ਨੂੰ ਫੌਜ ਨੇ ਜ਼ਬਰੀ ਇਸ ਕੰਮ ਉੱਤੇ ਲਗਾਇਆ, ਪਰ ਉਹ ਮੌਕਾ ਮਿਲਦਿਆਂ ਹੀ ਭੱਜ ਕੇ ਲੁਕ ਗਿਆ।
ਉਹ ਉਸ ਸਮੇਂ ਬੇਰੁਜ਼ਗਾਰ ਸੀ, ਉਸ ਨੂੰ ਲ਼ਾਸ਼ਾਂ ਚੁੱਕਣ ਬਦਲੇ ਨਗਰ ਨਿਗਮ ਵਿੱਚ ਪੱਕੀ ਨੌਕਰੀ ਦਾ ਲਾਲਚ ਦਿੱਤਾ ਗਿਆ ਸੀ। ਪਰ ਉਸ ਨੇ ਭੱਜਣਾ ਹੀ ਬਿਹਤਰ ਸਮਝਿਆ।
ਇਸ ਤਰ੍ਹਾਂ ਦੇ ਕਈ ਹੋਰ ਸਫਾਈ ਮੁਲਾਜ਼ਮਾਂ ਨਾਲ ਸਾਡੀ ਮੁਲਾਕਾਤ ਹੋਈ, ਪਰ ਉਨ੍ਹਾਂ ਇਸ ਮਸਲੇ ਉੱਤੇ ਕੈਮਰੇ ਅੱਗੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਇਨ੍ਹਾਂ ਵਿੱਚੋਂ ਕਈਆਂ ਨੇ ਆਫ਼ ਦਾ ਰਿਕਾਰਡ ਦੱਸਿਆ, “ਅਸੀਂ ਤਾਂ ਫਸੇ ਹੋਏ ਸੀ, ਪਰ ਸਾਡੇ ਉੱਤੇ ਲਾਸ਼ਾਂ ਨੂੰ ਲੁੱਟਣ ਅਤੇ ਸ਼ਰਾਬ ਪੀ ਕੇ ਦਰਬਾਰ ਸਾਹਿਬ ਅੰਦਰ ਦਾਖ਼ਲ ਹੋਣ ਜਿਹੇ ਇਲਜ਼ਾਮ ਲੱਗਦੇ ਹਨ।”
ਇਹੀ ਕਾਰਨ ਹੈ ਕਿ ਇਹ ਲੋਕ ਅੱਜ ਵੀ ਇਸ ਬਾਰੇ ਗੱਲ ਕਰਨ ਤੋਂ ਕੰਨੀ ਕਤਰਾਉਂਦੇ ਹਨ।
ਲਾਸ਼ਾਂ ਕਿੱਥੋਂ-ਕਿੱਥੋਂ ਮਿਲੀਆਂ
ਕੇਵਲ ਕੁਮਾਰ ਦੱਸਦੇ ਹਨ ਕਿ ਲਾਸ਼ਾਂ ਹਰਮਿੰਦਰ ਸਾਹਿਬ ਕੰਪਲੈਕਸ ਦੇ ਅੰਦਰੋਂ ਅਤੇ ਬਾਹਰ ਬਾਜ਼ਾਰਾਂ ਵਿੱਚੋਂ ਵੀ ਮਿਲੀਆਂ ਸਨ। ਦਰਬਾਰ ਸਾਹਿਬ ਵਿੱਚ ਲਾਸ਼ਾਂ ਹੀ ਲਾਸ਼ਾਂ ਸਨ। ਅੰਦਰ ਪਰਿਕਰਮਾ ਵਿੱਚ ਵੀ ਲਾਸ਼ਾਂ ਸਨ।
“ਦਰਬਾਰ ਸਾਹਿਬ ਦੇ ਲੰਗਰ ਹਾਲ ਵਿੱਚ ਵੀ ਲਾਸ਼ਾਂ ਸਨ। ਕਣਕ ਸਾਰੀ ਲਹੂ ਨਾਲ ਭਿੱਜੀ ਹੋਈ ਸੀ। ਸਰੋਵਰ ਵਿੱਚੋਂ ਵੀ ਲਾਸ਼ਾਂ ਮਿਲੀਆਂ ਸਨ। ਪਰ ਉਹ ਫੌਜੀਆਂ ਨੇ ਆਪ ਹੀ ਕਿਸੇ ਢੰਗ ਨਾਲ ਬਾਹਰ ਕੱਢ ਦਿੱਤੀਆਂ ਸਨ। ਕਿਉਂਕਿ ਅਸੀਂ ਕਹਿ ਦਿੱਤਾ ਸੀ ਕਿ ਅਸੀਂ ਅੰਦਰੋਂ ਲਾਸ਼ਾਂ ਨਹੀਂ ਕੱਢਾਂਗੇ। ਸਾਡੇ ਕਿਸੇ ਵੀ ਬੰਦੇ ਨੂੰ ਤੈਰਨਾ ਨਹੀਂ ਆਉਂਦਾ ਸੀ।”
ਕੇਵਲ ਕੁਮਾਰ ਮੁਤਾਬਕ, “ਉਨ੍ਹਾਂ ਨੇ ਮਾਈ ਸੇਵਾ ਬਾਜ਼ਾਰ, ਕਾਠੀਆਂ ਆਲੇ ਬਾਜ਼ਾਰ, ਆਟਾ ਮੰਡੀ ਅਤੇ ਘੰਟਾ ਘਰ ਚੌਕ ਵਿੱਚੋਂ ਵੀ ਲਾਸ਼ਾਂ ਚੁੱਕੀਆਂ ਸਨ। ਇਨ੍ਹਾਂ ਵਿੱਚ ਕਈ ਆਮ ਸ਼ਰਧਾਲੂ ਲੱਗ ਰਹੇ ਸਨ।”
ਕੇਵਲ ਨੇ ਅੱਗੇ ਦੱਸਿਆ ਕਿ ਉਨ੍ਹਾਂ ਕੋਲ ਮਨੁੱਖੀਂ ਦੇਹਾਂ ਨੂੰ ਕੂੜੇ ਵਾਲੀਆਂ ਟਰਾਲੀਆਂ ਵਿੱਚ ਪਸ਼ੂਆਂ ਵਾਂਗ ਸੁੱਟ ਕੇ ਲੈ ਕੇ ਜਾਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਸੀ, ਨਾ ਹੀ ਮਨੁੱਖੀ ਸਰੀਰਾਂ ਨੂੰ ਸਾਂਭਣ ਲਈ ਕੋਈ ਕੱਪੜਾ ਵਗੈਰਾ ਦਿੱਤਾ ਜਾਂਦਾ ਸੀ।
“ਸਾਨੂੰ ਹਰ ਰੋਜ਼ ਸਿਰਫ਼ ਦੋ ਮੀਟਰ ਕੱਪੜਾ ਮਿਲਦਾ ਸੀ, ਆਪਣੇ ਮੂੰਹ ਨਾਲ ਬੰਨ੍ਹਣ ਲਈ ਤਾਂ ਜੋ ਅਸੀਂ ਬਦਬੂ ਵਿੱਚ ਕੰਮ ਕਰ ਸਕੀਏ।”
ਲਾਸ਼ਾਂ ਕਿਵੇਂ ਚੁੱਕਦੇ ਸੀ
ਕੇਵਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਲਾਸ਼ਾਂ ਫੌਜ ਦੀ ਨਿਗਰਾਨੀ ਵਿੱਚ ਚੁੱਕੀਆਂ ਸਨ। ਫੌਜ ਦੇ ਦੋ-ਚਾਰ ਜਵਾਨ ਸਾਰਾ ਸਮਾਂ ਉਨ੍ਹਾਂ ਨਾਲ ਹੁੰਦੇ ਸੀ।
ਪੂਰੇ ਸ਼ਹਿਰ ਨੂੰ ਸੈਕਟਰਾਂ ਵਿੱਚ ਵੰਡ ਕੇ ਸਫਾਈ ਮੁਲਾਜ਼ਮਾਂ ਦੀਆਂ ਟੋਲੀਆਂ ਬਣਾ ਕੇ ਏਰੀਏ ਅਲਾਟ ਕਰ ਦਿੱਤੇ ਗਏ ਸਨ। ਫੌਜੀ ਉਨ੍ਹਾਂ ਨੂੰ ਲਾਸ਼ਾਂ ਕੋਲ ਲੈ ਕੇ ਜਾਂਦੇ ਅਤੇ ਉਹ ਚੁੱਕ ਕੇ ਟਰਾਲੀਆਂ ਵਿੱਚ ਭਰ ਲੈਂਦੇ।
ਕੇਵਲ ਦੱਸਦੇ ਹਨ ਕਿ ਲਾਸ਼ਾਂ ਚੁੱਕਣ ਵਾਸਤੇ ਤਿੰਨ ਤੋਂ ਚਾਰ ਦਿਨ ਲੱਗੇ। ਇੱਕ ਟਰਾਲੀ ਵਿੱਚ ਲਗਭਗ ਦਸ ਲਾਸ਼ਾਂ ਪੈ ਜਾਂਦੀਆਂ ਸਨ। ਇਹ ਲਾਸ਼ਾਂ ਭਰ ਕੇ ਪੋਸਟਮਾਰਟਮ ਵਾਸਤੇ ਸਰਕਾਰੀ ਮੈਡੀਕਲ ਕਾਲਜ ਵਿੱਚ ਭੇਜੀਆਂ ਜਾਂਦੀਆਂ ਸਨ।
ਕੇਵਲ ਦੱਸਦੇ ਹਨ “ਲਾਸ਼ਾਂ ਇੰਨੀ ਬਦਬੂ ਮਾਰਦੀਆਂ ਸਨ ਕਿ ਪਾਣੀ ਨਾਲ ਫਰਸ਼ ਧੋਣ ਉੱਤੇ ਵੀ ਬਦਬੂ ਨਹੀਂ ਜਾਂਦੀ ਸੀ। ਸਾਡੇ ਆਪਣੇ ਸਰੀਰ ਵਿੱਚੋਂ ਮੁਸ਼ਕ ਆਉਣ ਲੱਗ ਪਈ ਸੀ।”
ਕੇਵਲ ਮੁਤਾਬਕ ਲਾਸ਼ਾਂ ਵਿੱਚ ਬੱਚੇ, ਔਰਤਾਂ ਅਤੇ ਬਜ਼ੁਰਗ ਵੀ ਸ਼ਾਮਲ ਹਨ।
ਰਮੇਸ਼ ਇੰਦਰ ਸਿੰਘ ਮੁਤਾਬਕ ਮਰਨ ਵਾਲੇ ਬੱਚੇ, ਔਰਤਾਂ ਅਤੇ ਬਜ਼ੁਰਗਾਂ ਦੀ ਦਰੁਸਤ ਗਿਣਤੀ ਨਹੀਂ ਹੋ ਸਕੀ ਸੀ ਕਿਉਂਕਿ ਸਫਾਈ ਕਰਮਚਾਰੀ ਕਈ ਲਾਸ਼ਾਂ ਨੂੰ ਸਿੱਧੇ ਸ਼ਮਸ਼ਾਨਘਾਟਾਂ ਵਿੱਚ ਲੈ ਗਏ ਸਨ।
ਉਹ ਆਪਣੀ ਕਿਤਾਬ ਵਿੱਚ ਲਿਖਦੇ ਹਨ ਕਿ 7-18 ਜੂਨ ਤੱਕ ਸਿਰਫ਼ 536 ਲਾਸ਼ਾਂ ਦਾ ਪੋਸਟਮਾਰਟਮ ਕੀਤਾ ਗਿਆ ਸੀ, ਜਿਨ੍ਹਾਂ ਵਿਚੋਂ 495 ਮਰਦ, 33 ਔਰਤਾਂ 8 ਬੱਚੇ ਸਨ।
ਮੁਰਦਿਆਂ ਵਿੱਚੋਂ ਜ਼ਿੰਦਾ ਵੀ ਮਿਲੇ
ਲਾਸ਼ਾਂ ਚੁੱਕਣ ਦੀ ਕਾਰਵਾਈ ਤੋਂ ਪਹਿਲਾਂ ਜਿੰਨੇ ਜ਼ਖ਼ਮੀ ਵਿਅਕਤੀ ਮਿਲੇ ਸਨ, ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ। ਪਰ ਫਿਰ ਵੀ ਮੁਰਦਿਆਂ ਵਿੱਚੋਂ ਕਈ ਜ਼ਖ਼ਮੀ ਹਾਲਤ ਵਿੱਚ ਕੁਝ ਜ਼ਿੰਦਾ ਸਨ।
ਕੇਵਲ ਕੁਮਾਰ ਕਹਿੰਦੇ ਹਨ ਕਿ ਜਦੋਂ ਉਹ ਲਾਸ਼ਾਂ ਚੁੱਕ ਰਹੇ ਸੀ ਤਾਂ ਉਨ੍ਹਾਂ ਨੂੰ ਥੜਾ ਸਾਹਿਬ ਕੋਲ 1-2 ਵਿਅਕਤੀ ਜ਼ਖ਼ਮੀ ਹਾਲਤ ਵਿੱਚ ਮਿਲੇ ਸਨ। ਜੋ ਪਹਿਲੀ ਨਜ਼ਰੇ ਲਾਸ਼ਾਂ ਪ੍ਰਤੀਤ ਹੋ ਰਹੇ ਸਨ।
ਕੇਵਲ ਦੱਸਦੇ ਹਨ, “ਮਾਈ ਸੇਵਾ ਤੋਂ ਥੜਾ ਸਾਹਿਬ ਨੂੰ ਜਾਂਦੇ ਰਾਸਤੇ ਵਿੱਚ ਪੰਜ-ਛੇ ਵਿਅਕਤੀ ਮੁਰਦਾ ਪਏ ਸਨ। ਪਰ ਉਨ੍ਹਾਂ ਵਿੱਚ ਇੱਕ-ਦੋ ਵਿਅਕਤੀ ਅਜੇ ਜ਼ਿੰਦਾ ਸਨ। ਫੌਜ ਉਨ੍ਹਾਂ ਨੂੰ ਆਪਣੇ ਨਾਲ ਲੈ ਗਈ ਸੀ।”
ਰਮੇਸ਼ ਇੰਦਰ ਸਿੰਘ ਨੇ ਵੀ ਪੁਸ਼ਟੀ ਕੀਤੀ ਕਿ ਉਸ ਸਮੇਂ ਇੱਕ ਜ਼ਖ਼ਮੀ ਵਿਅਕਤੀ ਲਾਸ਼ਾਂ ਦੇ ਨਾਲ ਅੰਮ੍ਰਿਤਸਰ ਮੈਡੀਕਲ ਕਾਲਜ ਦੇ ਮੁਰਦਾਘਰ ਵਿੱਚ ਪਹੁੰਚ ਗਿਆ ਸੀ। ਉਹ ਮੁਰਦਾ ਲੱਗ ਰਿਹਾ ਸੀ।
“ਜਦੋਂ ਡਾਕਟਰਾਂ ਨੇ ਪੋਸਟਮਾਰਟਮ ਕਰਨ ਵਾਸਤੇ ਆਪਣੇ ਔਜ਼ਾਰ ਉਸ ਦੇ ਸਰੀਰ ਵਿੱਚ ਖਭੋਏ, ਉਹ ਚੀਕਿਆ। ਡਾਕਟਰਾਂ ਨੂੰ ਅਹਿਸਾਸ ਹੋਇਆ ਕਿ ਉਹ ਜ਼ਿੰਦਾ ਹੈ। ਫਿਰ ਉਸ ਨੂੰ ਇਲਾਜ ਕਰ ਕੇ ਘਰ ਭੇਜ ਦਿੱਤਾ ਗਿਆ ਸੀ।”