Oil and Natural Gas Corporation: ਅਮਰੀਕਾ ਨੇ ਭਾਰਤ ‘ਤੇ ਪਹਿਲਾਂ ਲਗਾਏ ਗਏ 25% ਦੇ ਬੇਸਲਾਈਨ ਟੈਰਿਫ ਨੂੰ ਵਧਾ ਕੇ 50% ਕਰ ਦਿੱਤਾ ਹੈ। ਇਹ ਵਾਧੂ 25% ਰੂਸ ਤੋਂ ਤੇਲ ਖਰੀਦਣ ‘ਤੇ ਜੁਰਮਾਨੇ ਵਜੋਂ ਲਗਾਇਆ ਗਿਆ ਹੈ। ਹਾਲਾਂਕਿ, ਇਸ ਸਭ ਦੇ ਵਿਚਕਾਰ, ਸਰਕਾਰੀ ਕੰਪਨੀ ਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ (ONGC) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਰੂਸ ਤੋਂ ਤੇਲ ਖਰੀਦਣਾ ਜਾਰੀ ਰੱਖੇਗੀ ਜਦੋਂ ਤੱਕ ਉਹ ਵਪਾਰਕ ਤੌਰ ‘ਤੇ ਅਜਿਹਾ ਕਰਨਾ ਸਹੀ ਸਮਝਦੀ ਹੈ।
ONGC ਦੇ ਚੇਅਰਮੈਨ ਅਰੁਣ ਕੁਮਾਰ ਸਿੰਘ ਦਾ ਕਹਿਣਾ ਹੈ ਕਿ, ਫਿਲਹਾਲ ਰੂਸੀ ਤੇਲ ‘ਤੇ ਕੋਈ ਪਾਬੰਦੀ ਨਹੀਂ ਹੈ। ਅਸੀਂ ਉਦੋਂ ਤੱਕ ਖਰੀਦਦਾਰੀ ਜਾਰੀ ਰੱਖਾਂਗੇ, ਜਦੋਂ ਤੱਕ ਸਰਕਾਰ ਕੋਈ ਹੋਰ ਫੈਸਲਾ ਨਹੀਂ ਲੈਂਦੀ। ਕੰਪਨੀ ਨੇ ਇਹ ਵੀ ਕਿਹਾ ਕਿ ਜੇਕਰ ONGC ਨੂੰ ਸਹੀ ਕੀਮਤ ‘ਤੇ ਊਰਜਾ ਸੰਪਤੀਆਂ ਮਿਲਦੀਆਂ ਹਨ, ਤਾਂ ਉਹ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਵੀ ਪ੍ਰਾਪਤ ਕਰਨ ‘ਤੇ ਵਿਚਾਰ ਕਰੇਗੀ।
ONGC ਦੇ 21 ਚੱਲ ਰਹੇ ਪ੍ਰੋਜੈਕਟ
ਕੰਪਨੀ ਦੀਆਂ ਦੋ ਇਕਾਈਆਂ – ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ (HPCL) ਅਤੇ ਮੈਂਗਲੋਰ ਰਿਫਾਇਨਰੀ ਐਂਡ ਪੈਟਰੋਕੈਮੀਕਲਜ਼ – ਆਪਣੀਆਂ ਰਿਫਾਇਨਰੀਆਂ ਲਈ ਨਿਯਮਿਤ ਤੌਰ ‘ਤੇ ਰੂਸ ਤੋਂ ਤੇਲ ਖਰੀਦਦੀਆਂ ਹਨ। ਇਸ ਦੌਰਾਨ, ਕੰਪਨੀ ਮੌਜੂਦਾ ਵਿੱਤੀ ਸਾਲ ਵਿੱਚ ਆਪਣੇ ਘਰੇਲੂ ਉਤਪਾਦਨ ਨੂੰ ਵਧਾਉਣ ਦੀ ਵੀ ਯੋਜਨਾ ਬਣਾ ਰਹੀ ਹੈ। ਇਸ ਵੇਲੇ ਇਸ ਕੋਲ 21 ਪ੍ਰੋਜੈਕਟ ਚੱਲ ਰਹੇ ਹਨ, ਜਿਨ੍ਹਾਂ ਦੀ ਅਨੁਮਾਨਤ ਲਾਗਤ ਲਗਭਗ 66,000 ਕਰੋੜ ਰੁਪਏ ਹੈ। ਇਨ੍ਹਾਂ ਵਿੱਚੋਂ ਨੌਂ ਵਿਕਾਸ ਪ੍ਰੋਜੈਕਟ ਹਨ ਅਤੇ ਬਾਕੀ ਬੁਨਿਆਦੀ ਢਾਂਚੇ ਨਾਲ ਸਬੰਧਤ ਪ੍ਰੋਜੈਕਟ ਹਨ।
ਕੰਪਨੀ ਨੂੰ ਹੈ ਨਿਵੇਸ਼ ਦੇ ਮੌਕ ਦੀ ਤਲਾਸ਼
ONGC ਵਿਦੇਸ਼ ਦੇ ਪ੍ਰਬੰਧ ਨਿਰਦੇਸ਼ਕ ਰਾਜਰਸ਼ੀ ਗੁਪਤਾ ਨੇ ਪਹਿਲਾਂ ਕਿਹਾ ਸੀ ਕਿ ਕੰਪਨੀ ਅਮਰੀਕਾ ਵਿੱਚ LNG ਅਤੇ ਅਪਸਟ੍ਰੀਮ ਸੰਪਤੀਆਂ ਵਿੱਚ ਨਿਵੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਕੰਪਨੀ ਲਾਤੀਨੀ ਅਮਰੀਕਾ, ਅਫਰੀਕਾ ਅਤੇ ਪੱਛਮੀ ਏਸ਼ੀਆ ਸਮੇਤ ਕਈ ਹੋਰ ਦੇਸ਼ਾਂ ਵਿੱਚ ਹੋਰ ਗ੍ਰੀਨਫੀਲਡ ਅਤੇ ਬ੍ਰਾਊਨਫੀਲਡ ਸੰਪਤੀਆਂ ਦੀ ਭਾਲ ਕਰ ਰਹੀ ਹੈ।
“ਅਸੀਂ ਅਮਰੀਕਾ ਵਿੱਚ ਢੁਕਵੀਆਂ ਸੰਪਤੀਆਂ ਦੀ ਭਾਲ ਕਰ ਰਹੇ ਹਾਂ। ਸਾਡੇ ਕੋਲ ਰੂਸ ਵਿੱਚ ਤਿੰਨ ਪ੍ਰੋਜੈਕਟ ਹਨ, ਪਰ ਅਸੀਂ ਹੋਰ ਭੂਗੋਲਿਕ ਖੇਤਰਾਂ ਨੂੰ ਵੀ ਦੇਖ ਰਹੇ ਹਾਂ,” ਉਨ੍ਹਾਂ ਨੇ ਲਾਤੀਨੀ ਅਮਰੀਕਾ ਅਤੇ ਅਫਰੀਕਾ ਦਾ ਨਾਮ ਲੈਂਦੇ ਹੋਏ ਕਿਹਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇਸ਼ਾਂ ਵਿੱਚ ਖਣਿਜਾਂ ਦੀ ਅਮੀਰੀ ਦੇ ਕਾਰਨ ਬਹੁਤ ਸੰਭਾਵਨਾਵਾਂ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਨੇੜਲੇ ਭਵਿੱਖ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਲਗਭਗ $60 ਪ੍ਰਤੀ ਬੈਰਲ ਦੇ ਦਾਇਰੇ ਵਿੱਚ ਰਹਿਣਗੀਆਂ।
ਤੁਹਾਨੂੰ ਦੱਸ ਦਈਏ ਕਿ ਭਾਰਤ ਅਤੇ ਚੀਨ ਦੋਵੇਂ ਹੀ ਰੂਸ ਤੋਂ ਤੇਲ ਦੇ ਸਭ ਤੋਂ ਵੱਡੇ ਖਰੀਦਦਾਰ ਹਨ। ਰੂਸ ਅਤੇ ਯੂਕਰੇਨ ਵਿਚਕਾਰ ਯੁੱਧ ਸ਼ੁਰੂ ਹੋਣ ਤੋਂ ਬਾਅਦ, ਭਾਰਤ ਨੇ ਰੂਸ ਤੋਂ ਕੱਚੇ ਤੇਲ ਦੀ ਦਰਾਮਦ ਵਿੱਚ ਹੋਰ ਵਾਧਾ ਕੀਤਾ ਹੈ। ਵਣਜ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਸਾਲ 2018 ਵਿੱਚ, ਭਾਰਤ ਦੇ ਕੁੱਲ ਤੇਲ ਆਯਾਤ ਦਾ ਲਗਭਗ 1.3 ਪ੍ਰਤੀਸ਼ਤ ਰੂਸ ਤੋਂ ਆਇਆ ਸੀ। ਇਸ ਦੇ ਨਾਲ ਹੀ, ਵਿੱਤੀ ਸਾਲ 2024-25 ਵਿੱਚ, ਇਹ ਵਧ ਕੇ ਲਗਭਗ 35 ਪ੍ਰਤੀਸ਼ਤ ਹੋ ਗਿਆ।