Punjab News: ਜਿਥੇ ਆਮ ਤੌਰ ‘ਤੇ ਕਿਸਾਨੀ ਨਾਲ ਵਧ ਰਹੇ ਕਰਜ਼ੇ, ਆੜਤੀਆਂ ਦੀ ਲਤ ਅਤੇ ਨੌਜਵਾਨਾਂ ਦੀ ਵਦੇਸ਼ ਪਰਵਾਸੀ ਰੁਝਾਨ ਵਧਦਾ ਜਾ ਰਿਹਾ ਹੈ, ਉਥੇ ਬਾਜਾਖਾਨਾ ਦੇ ਇਕਬਾਲ ਸਿੰਘ ਨੇ ਇਕ ਨਵਾਂ ਮਿਸਾਲ ਕਾਇਮ ਕਰ ਦਿੱਤਾ ਹੈ। ਸਿਰਫ 6 ਏਕੜ ਜ਼ਮੀਨ ਵਾਲਾ ਇਹ ਕਿਸਾਨ ਨਾ ਸਿਰਫ ਖੇਤੀ ਨਾਲ ਜੁੜਿਆ ਹੋਇਆ ਹੈ, ਸਗੋਂ ਮੁਰਗੀ ਪਾਲਣ ਦੇ ਸਹਾਇਕ ਧੰਦੇ ਰਾਹੀਂ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਵਿੱਚ ਕਲਾਘਾ ਲਿਆਇਆ ਹੈ।
ਇਕਬਾਲ ਸਿੰਘ ਨੇ ਦੱਸਿਆ ਕਿ ਉਹ ਅੱਜ ਤੱਕ ਨਾ ਕਿਸੇ ਬੈਂਕ ਤੋਂ ਲੋਨ ਲਿਆ, ਨਾ ਕਿਸੇ ਆੜਤੀ ਤੋਂ ਇੱਕ ਰੁਪਇਆ। ਸਿਰਫ ਮਿਹਨਤ ਅਤੇ ਸੋਚ ਸਮਝ ਨਾਲ ਖੇਤੀ ਦੇ ਨਾਲ ਮੁਰਗੀ ਫਾਰਮਿੰਗ ਸ਼ੁਰੂ ਕੀਤੀ, ਜਿਸ ਨੇ ਉਸਦੇ ਘਰ ਦਾ ਚਾਰਾ ਚੰਗੀ ਤਰ੍ਹਾਂ ਚਲਾਇਆ।
ਜਿੱਥੇ ਅੱਜਕੱਲ੍ਹ ਨੌਜਵਾਨ ਵਦੇਸ਼ ਜਾਂ ਸਰਕਾਰੀ ਨੌਕਰੀ ਦੀ ਲਾਈਨ ਵਿੱਚ ਲੱਗੇ ਹੋਏ ਹਨ, ਉਥੇ ਇਕਬਾਲ ਸਿੰਘ ਦਾ ਪੁੱਤਰ ਨਵਦੀਪ ਸਿੰਘ ਇੱਕ ਵੱਖਰੀ ਸੋਚ ਦੇ ਨਾਲ ਪਿਤਾ ਦੇ ਨਾਲ ਘਰ ਵਿੱਚ ਹੀ ਕੰਮ ਕਰ ਰਿਹਾ ਹੈ ਅਤੇ ਬਹੁਤ ਖੁਸ਼ ਹੈ। ਨਵਦੀਪ ਸਿੰਘ ਕਹਿੰਦਾ ਹੈ, “ਮੇਰੇ ਸਾਰੇ ਦੋਸਤ ਕੈਨੇਡਾ ਤੇ ਆਸਟ੍ਰੇਲੀਆ ਪਹੁੰਚ ਗਏ, ਪਰ ਮੈਨੂੰ ਆਪਣੇ ਮਾਤਾ ਪਿਤਾ ਕੋਲ ਰਹਿ ਕੇ ਕੰਮ ਕਰਕੇ ਅਸਲ ਖੁਸ਼ੀ ਮਿਲੀ ਹੈ।”
ਉਸਦਾ ਮੰਨਣਾ ਹੈ ਕਿ ਖੇਤੀ ਦੇ ਨਾਲ-ਨਾਲ ਸਹਾਇਕ ਕਾਰੋਬਾਰ ਜਿਵੇਂ ਕਿ ਮੁਰਗੀ ਪਾਲਣ, ਮੱਛੀ ਪਾਲਣ ਜਾਂ ਡੈਅਰੀ ਫਾਰਮਿੰਗ ਕਿਸਾਨ ਦੀ ਆਮਦਨ ਨੂੰ ਦੋਗੁਣਾ ਕਰ ਸਕਦੀ ਹੈ। ਨਵਦੀਪ ਨੇ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਕਿ, “ਘਰ ਵਿੱਚ ਕੰਮ ਕਰਨ ਨਾਲ ਨਸ਼ਿਆਂ ਤੋਂ ਵੀ ਬਚਾਅ ਹੁੰਦਾ ਹੈ ਅਤੇ ਮਾਤਾ ਪਿਤਾ ਦੇ ਨਾਲ ਰਹਿ ਕੇ ਅਸਲ ਤਸੱਲੀ ਮਿਲਦੀ ਹੈ।”
ਇਕਬਾਲ ਸਿੰਘ ਨੇ ਵੀ ਪੰਜਾਬ ਦੇ ਹੋਰ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀ ਨਾਲੋ ਇਲਾਵਾ, ਜੇ ਕਿਸੇ ਸਹਾਇਕ ਧੰਦੇ ਦੀ ਰਾਹ ਦੱਸੀ ਜਾਵੇ, ਤਾਂ ਉਹ ਘਰ ਚੰਗੀ ਤਰ੍ਹਾਂ ਚੱਲ ਸਕਦਾ ਹੈ ਅਤੇ ਕਿਸਾਨ ਕਿਸੇ ਦੇ ਮੋਹਤਾਜ ਨਹੀਂ ਰਹਿੰਦੇ।