Punjab Powercom: ਪਾਵਰਕਾਮ ਦੇ ਅਧਿਕਾਰੀਆਂ ਨੇ ਮੰਨਿਆ ਕਿ ਇਸ ਵਾਰ ਬਿਜਲੀ ਦੀ ਮੰਗ ਵਿੱਚ ਵਾਧਾ ਹੋਇਆ ਹੈ, ਪਰ ਇਸ ਵੇਲੇ ਬਿਜਲੀ ਸਪਲਾਈ ਵਿੱਚ ਕੋਈ ਵੱਡੀ ਸਮੱਸਿਆ ਨਹੀਂ ਹੈ।
Electricity Demand in Punjab breaks Records: ਦੇਸ਼ ‘ਚ ਇਸ ਸਾਲ ਗਰਮੀ ਦੀ ਐਂਟਰੀ ਕੁਝ ਜ਼ਿਆਦਾ ਹੀ ਜਲਦੀ ਹੋ ਗਈ ਹੈ। ਗਰਮੀ ਨੇ ਜਿੱਥੇ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਨੇ ਉਥੇ ਹੀ ਲੋਕਾਂ ਨੂਂ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਮ ਲੋਕਾਂ ਦੇ ਨਾਲ ਬਿਜਲੀ ਵਿਭਾਗ ਵੀ ਮੁਸ਼ਕਲਾਂ ‘ਚ ਘਿਰਦਾ ਨਜ਼ਰ ਆ ਰਿਹਾ ਹੈ, ਜਿਸਦਾ ਕਾਰਨ ਹੈ ਵਧਦੀ ਗਰਮੀ ਕਰਕੇ ਵੱਧ ਰਹੀ ਬਿਜਲੀ ਦੀ ਮੰਗ।
ਪੰਜਾਬ ‘ਚ 16 ਅਪ੍ਰੈਲ, 2023 ਨੂੰ ਬਿਜਲੀ ਦੀ ਵੱਧ ਤੋਂ ਵੱਧ ਮੰਗ 7099 ਮੈਗਾਵਾਟ ਦਰਜ ਕੀਤੀ ਗਈ ਸੀ ਅਤੇ ਸਾਲ 2024 ਵਿੱਚ ਇਹ 9586 ਮੈਗਾਵਾਟ ਦਰਜ ਕੀਤੀ ਗਈ ਸੀ। ਪਰ ਇਸ ਵਾਰ ਵੱਧ ਰਹੀ ਗਰਮੀ ਕਰਕੇ ਬਿਜਲੀ ਦੀ ਵੱਧ ਤੋਂ ਵੱਧ ਮੰਗ 9752 ਮੈਗਾਵਾਟ ਦਰਜ ਕੀਤੀ ਗਈ। ਜਿਸ ਨੇ ਪਿਛਲੇ ਦੋ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ।
ਇਸ ਦੇ ਨਾਲ ਹੀ, ਵਧਦੀ ਗਰਮੀ ਅਤੇ ਬਿਜਲੀ ਦੀ ਮੰਗ ਵਿੱਚ ਲਗਾਤਾਰ ਵਾਧੇ ਨਾਲ, ਪਾਵਰਕਾਮ ਲਈ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਥਰਮਲ ਪਲਾਂਟਾਂ ਦੇ ਤਿੰਨ ਯੂਨਿਟ ਬੰਦ ਹੋਣ ਕਾਰਨ 750 ਮੈਗਾਵਾਟ ਦੀ ਬਿਜਲੀ ਸਪਲਾਈ ਬੰਦ ਹੈ। ਇਸ ਦੇ ਨਾਲ ਹੀ, ਰਣਜੀਤ ਸਾਗਰ ਡੈਮ (RSD) ਦੇ ਚਾਰੇ ਯੂਨਿਟ ਵੀ ਬੰਦ ਹਨ। ਇਸ ਤਰ੍ਹਾਂ, ਕੁੱਲ 1350 ਮੈਗਾਵਾਟ ਸਪਲਾਈ ਠੱਪ ਹੋ ਗਈ ਹੈ।
ਬਾਹਰੋਂ ਬਿਜਲੀ ਖਰੀਦ ਰਿਹਾ ਹੈ ਪਾਵਰਕਾਮ
ਅਜਿਹੀ ਸਥਿਤੀ ਵਿੱਚ ਪਾਵਰਕਾਮ ਨੂੰ ਬਾਹਰੋਂ ਬਿਜਲੀ ਖਰੀਦ ਕੇ ਮੰਗ ਪੂਰੀ ਕਰਨੀ ਪੈਂਦੀ ਹੈ। ਪਾਵਰਕਾਮ ਦੇ ਅਧਿਕਾਰੀਆਂ ਨੇ ਮੰਨਿਆ ਕਿ ਇਸ ਵਾਰ ਬਿਜਲੀ ਦੀ ਮੰਗ ਵਿੱਚ ਵਾਧਾ ਹੋਇਆ ਹੈ, ਪਰ ਇਸ ਵੇਲੇ ਬਿਜਲੀ ਸਪਲਾਈ ਵਿੱਚ ਕੋਈ ਵੱਡੀ ਸਮੱਸਿਆ ਨਹੀਂ ਹੈ, ਪਰ ਇਸ ਵਾਰ ਜੂਨ ਅਤੇ ਜੁਲਾਈ ਦੇ ਮਹੀਨਿਆਂ ਵਿੱਚ ਪੀਕ ਸੀਜ਼ਨ ਦੌਰਾਨ ਬਿਜਲੀ ਦੀ ਮੰਗ 17500 ਮੈਗਾਵਾਟ ਤੱਕ ਜਾ ਸਕਦੀ ਹੈ।
ਪਾਵਰਕਾਮ ਲਈ ਬਿਜਲੀ ਦੀ ਮੰਗ ਨੂੰ ਪੂਰਾ ਕਰਨਾ ਇੱਕ ਵੱਡੀ ਚੁਣੌਤੀ ਹੋਵੇਗੀ। ਕਿਉਂਕਿ ਪਾਵਰਕਾਮ ਕੋਲ ਸਿਰਫ਼ 16500 ਮੈਗਾਵਾਟ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਦੇ ਪ੍ਰਬੰਧ ਹਨ। ਲਹਿਰਾ ਮੁਹੱਬਤ ਥਰਮਲ ਪਲਾਂਟ ਦੇ 210 ਮੈਗਾਵਾਟ ਦੇ ਯੂਨਿਟ ਨੰਬਰ 1 ਨੂੰ ਤਕਨੀਕੀ ਨੁਕਸ ਕਾਰਨ ਬੰਦ ਕਰ ਦਿੱਤਾ ਗਿਆ ਹੈ। ਇਸ ਦੇ 20 ਅਪ੍ਰੈਲ ਨੂੰ ਮੁੜ ਸ਼ੁਰੂ ਹੋਣ ਦੀ ਸੰਭਾਵਨਾ ਹੈ।
ਗੋਇੰਦਵਾਲ ਥਰਮਲ ਪਲਾਂਟ ਦੇ ਦੋ ਯੂਨਿਟ ਬੰਦ ਹਨ। 540 ਮੈਗਾਵਾਟ ਦੀ ਕੁੱਲ ਸਮਰੱਥਾ ਵਾਲੇ ਗੋਇੰਦਵਾਲ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਵੀ ਬੰਦ ਹਨ। ਇਨ੍ਹਾਂ ਵਿੱਚੋਂ ਇੱਕ ਸਾਲਾਨਾ ਮੁਰੰਮਤ ਕਾਰਨ ਬੰਦ ਹੈ ਅਤੇ ਦੂਜਾ ਤਕਨੀਕੀ ਨੁਕਸ ਕਾਰਨ। ਇਸ ਦੇ ਨਾਲ ਹੀ, ਰਣਜੀਤ ਸਾਗਰ ਡੈਮ ਦੇ 600 ਮੈਗਾਵਾਟ ਸਮਰੱਥਾ ਵਾਲੇ ਚਾਰੇ ਯੂਨਿਟ ਇਸ ਸਮੇਂ ਬੰਦ ਹਨ। ਇਸ ਤਰ੍ਹਾਂ ਕੁੱਲ 1350 ਮੈਗਾਵਾਟ ਬਿਜਲੀ ਸਪਲਾਈ ਬੰਦ ਹੋ ਗਈ ਹੈ।
ਪਾਵਰਕਾਮ ਨੇ ਬਾਹਰੋਂ ਲਗਭਗ 78 ਕਰੋੜ ਰੁਪਏ ਦੀ ਬਿਜਲੀ ਖਰੀਦ ਕੇ ਮੰਗ ਪੂਰੀ ਕੀਤੀ। ਇਹ ਬਿਜਲੀ 4.74 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਖਰੀਦੀ ਗਈ ਸੀ। ਬੁੱਧਵਾਰ ਨੂੰ, ਪਾਵਰਕਾਮ ਕੋਲ ਲਗਭਗ 5000 ਮੈਗਾਵਾਟ ਬਿਜਲੀ ਦੀ ਉਪਲਬਧਤਾ ਸੀ ਜਿਸ ਵਿੱਚ ਇਸਦੇ ਥਰਮਲ ਪਲਾਂਟਾਂ ਤੋਂ ਲਗਭਗ 1330 ਮੈਗਾਵਾਟ, ਨਿੱਜੀ ਥਰਮਲਾਂ ਤੋਂ 3100 ਮੈਗਾਵਾਟ, ਹਾਈਡਲ ਪ੍ਰੋਜੈਕਟਾਂ ਤੋਂ 114 ਮੈਗਾਵਾਟ ਅਤੇ ਹੋਰ ਸਰੋਤ ਸ਼ਾਮਲ ਹਨ।