Punjab Jail Department: ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਦੇ 18 ਤਜਰਬੇਕਾਰ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਜੇਲ੍ਹ ਵਿਭਾਗ ਵਿੱਚ ਤਾਇਨਾਤ ਕੀਤਾ ਹੈ।
Promotions in Punjab Police: ਪੰਜਾਬ ਸਰਕਾਰ ਨੇ ਜੇਲ੍ਹਾਂ ਵਿੱਚ ਅਪਰਾਧ, ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਂਗਸਟਰ ਗਤੀਵਿਧੀਆਂ ਨੂੰ ਕੰਟਰੋਲ ਕਰਨ ਲਈ ਸਖ਼ਤ ਕਦਮ ਚੁੱਕੇ ਹਨ। ਸਰਕਾਰ ਨੇ ਪੰਜਾਬ ਪੁਲਿਸ ਦੇ 18 ਤਜਰਬੇਕਾਰ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਜੇਲ੍ਹ ਵਿਭਾਗ ਵਿੱਚ ਤਾਇਨਾਤ ਕੀਤਾ ਹੈ। ਇਨ੍ਹਾਂ ਅਧਿਕਾਰੀਆਂ ਦੀ ਤਾਇਨਾਤੀ ਨਾਲ ਜੇਲ੍ਹਾਂ ਵਿੱਚ ਸੁਰੱਖਿਆ ਅਤੇ ਅਨੁਸ਼ਾਸਨ ਨੂੰ ਹੋਰ ਮਜ਼ਬੂਤ ਕਰਨ ਦੇ ਯਤਨ ਕੀਤੇ ਜਾਣਗੇ।
ਸਰਕਾਰ ਨੇ ਪੁਲਿਸ ਅਧਿਕਾਰੀਆਂ ਨੂੰ ਉਨ੍ਹਾਂ ਦੇ ਮੌਜੂਦਾ ਅਹੁਦੇ ਤੋਂ ਇੱਕ ਰੈਂਕ ਉੱਪਰ ਤਰੱਕੀ ਦੇ ਕੇ ਜੇਲ੍ਹ ਵਿਭਾਗ ਵਿੱਚ ਤਾਇਨਾਤ ਕੀਤਾ ਹੈ। ਏਆਈਜੀ ਤੋਂ ਡੀਆਈਜੀ ਵਜੋਂ ਤਰੱਕੀ ਪਾਉਣ ਵਾਲੇ ਪਹਿਲੇ ਅਧਿਕਾਰੀਆਂ ਵਿੱਚ ਤਿੰਨ ਅਧਿਕਾਰੀ ਸ਼ਾਮਲ ਹਨ। ਜਿਨ੍ਹਾਂ ਵਿੱਚ ਮਨਮੋਹਨ ਕੁਮਾਰ (ਪੀਪੀਐਸ), ਸਤਵੀਰ ਸਿੰਘ (ਪੀਪੀਐਸ) ਅਤੇ ਦਲਜੀਤ ਸਿੰਘ (ਪੀਪੀਐਸ) ਸ਼ਾਮਲ ਹਨ। ਉਨ੍ਹਾਂ ਨੂੰ ਸਰਕਾਰ ਵੱਲੋਂ ਜੇਲ੍ਹਾਂ ਵਿੱਚ ਤਾਇਨਾਤ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਪੰਜ ਐਸਪੀ ਰੈਂਕ ਦੇ ਅਧਿਕਾਰੀਆਂ ਨੂੰ ਜੇਲ੍ਹ ਸੁਪਰਡੈਂਟ ਬਣਾਇਆ ਗਿਆ ਹੈ। ਜਿਨ੍ਹਾਂ ਵਿੱਚ ਅਜੈ ਰਾਜ ਸਿੰਘ, ਗਗਨੇਸ਼ ਕੁਮਾਰ, ਪ੍ਰਦੀਪ ਸਿੰਘ ਸੰਧੂ, ਮੁਖਤਿਆਰ ਰਾਏ ਅਤੇ ਸਿਮਰਨਜੀਤ ਸਿੰਘ ਦੇ ਨਾਮ ਸ਼ਾਮਲ ਹਨ।
10 ਇੰਸਪੈਕਟਰਾਂ ਨੂੰ ਬਣਾਇਆ ਡਿਪਟੀ ਸੁਪਰਡੈਂਟ
ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ 10 ਇੰਸਪੈਕਟਰਾਂ ਨੂੰ ਡਿਪਟੀ ਸੁਪਰਡੈਂਟ (ਜੇਲ੍ਹ ਗ੍ਰੇਡ-2) ਵਿੱਚ ਸ਼ਾਮਲ ਕੀਤਾ ਗਿਆ ਹੈ। ਜਿਸ ਵਿੱਚ ਤਿੰਨ ਮਹਿਲਾ ਇੰਸਪੈਕਟਰਾਂ ਦੇ ਨਾਮ ਵੀ ਸ਼ਾਮਲ ਹਨ। ਸੂਚੀ ਵਿੱਚ ਆਸ਼ਾ ਰਾਣੀ, ਕਮਲਜੀਤ ਸਿੰਘ, ਗੁਰਪਿਆਰ ਸਿੰਘ, ਅਮਨ, ਰਵੀ ਕੁਮਾਰ, ਪ੍ਰੀਤਇੰਦਰ ਸਿੰਘ, ਗੁਰਿੰਦਰਪਾਲ ਸਿੰਘ, ਸਿਮਰਨਪ੍ਰੀਤ ਕੌਰ, ਮਨਜੀਤ ਕੌਰ ਅਤੇ ਜਗਦੇਵ ਸਿੰਘ ਦੇ ਨਾਮ ਸ਼ਾਮਲ ਹਨ।
ਇਨ੍ਹਾਂ ਅਧਿਕਾਰੀਆਂ ਨੂੰ ਵੱਖ-ਵੱਖ ਜੇਲ੍ਹਾਂ ਵਿੱਚ ਤਾਇਨਾਤ ਕੀਤਾ ਜਾਵੇਗਾ ਤਾਂ ਜੋ ਉੱਥੇ ਸਖ਼ਤ ਨਿਗਰਾਨੀ ਕੀਤੀ ਜਾ ਸਕੇ ਅਤੇ ਜੇਲ੍ਹਾਂ ਨੂੰ ਅਪਰਾਧ ਅਤੇ ਨਸ਼ੇ ਤੋਂ ਮੁਕਤ ਬਣਾਇਆ ਜਾ ਸਕੇ। ਸਰਕਾਰ ਦਾ ਮੰਨਣਾ ਹੈ ਕਿ ਤਜਰਬੇਕਾਰ ਪੁਲਿਸ ਅਧਿਕਾਰੀਆਂ ਦੀ ਤਾਇਨਾਤੀ ਨਾਲ ਜੇਲ੍ਹਾਂ ਵਿੱਚ ਅਨੁਸ਼ਾਸਨ ਅਤੇ ਸਖ਼ਤੀ ਆਵੇਗੀ ਅਤੇ ਅਪਰਾਧੀਆਂ ‘ਤੇ ਕੰਟਰੋਲ ਬਿਹਤਰ ਹੋਵੇਗਾ।