Punjab Flood Status; ਰਾਜਪਾਲ ਐਤਵਾਰ ਨੂੰ ਲੁਧਿਆਣਾ ‘ਚ ਇਕ ਸਮਾਰੋਹ ‘ਚ ਸ਼ਾਮਲ ਹੋਣ ਆਏ ਸਨ। ਇਸ ਦੌਰਾਨ, ਸਵੇਰੇ ਲਗਪਗ 11 ਵਜੇ ਉਨ੍ਹਾਂ ਸੰਤ ਸੀਚੇਵਾਲ ਨੂੰ ਫੋਨ ਕੀਤਾ ਤੇ ਸੁਲਤਾਨਪੁਰ ਲੋਧੀ ਆਉਣ ਦੀ ਇੱਛਾ ਪ੍ਰਗਟ ਕੀਤੀ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਲੁਧਿਆਣਾ ਤੋਂ ਸੁਲਤਾਨਪੁਰ ਲੋਧੀ ਦੀ ਦੂਰੀ ਲਗਪਗ 70 ਕਿਲੋਮੀਟਰ ਹੈ, ਤਾਂ ਉਨ੍ਹਾਂ ਹੜ੍ਹ ਪੀੜਤਾਂ ਨੂੰ ਮਿਲਣ ਤੇ ਹੜ੍ਹ ਦੀ ਗੰਭੀਰ ਸਥਿਤੀ ਨੂੰ ਦੇਖਣ ਲਈ ਕਿਸੇ ਹੋਰ ਦਿਨ ਆਉਣ ਦਾ ਫੈਸਲਾ ਕੀਤਾ।
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਐਤਵਾਰ ਨੂੰ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ‘ਚ ਹੜ੍ਹ ਦੀ ਗੰਭੀਰ ਸਥਿਤੀ ‘ਤੇ ਚਿੰਤਾ ਪ੍ਰਗਟ ਕੀਤੀ। ਰਾਜਪਾਲ ਨੇ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ ਤੇ ਸੁਲਤਾਨਪੁਰ ਲੋਧੀ ‘ਚ ਹੜ੍ਹ ਦੀ ਸਥਿਤੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਦੌਰਾਨ, ਉਨ੍ਹਾਂ ਕਪੂਰਥਲਾ ‘ਚ ਵਿਗੜਦੇ ਹਾਲਾਤ ‘ਤੇ ਵੀ ਚਿੰਤਾ ਜਤਾਈ। ਇਸ ਮੁਸ਼ਕਲ ਸਮੇਂ ‘ਚ ਹੜ੍ਹ ਪੀੜਤਾਂ ਦੀ ਸੇਵਾ ਲਈ ਸੀਚੇਵਾਲ ਦਾ ਧੰਨਵਾਦ ਵੀ ਕੀਤਾ।
ਦਸ ਦੇਈਏ ਕਿ ਬੀਤੇ ਦਿਨੀਂ ਹੜ੍ਹ ਨਾਲ ਪੰਜਾਬ ਦੀ ਵੱਡੇ ਪੱਧਰ ਉੱਤੇ ਹੋਈ ਤਬਾਹੀ ਨੂੰ ਦੇਖਦਿਆ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਸ ਨੂੰ ਕੌਮੀ ਆਫਤ ਐਲਾਨਿਆ ਜਾਵੇ। ਉਨ੍ਹਾਂ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਿੱਚ ਬੱਦਲ ਫਟਣ ਨਾਲ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਇਹ ਵੀ ਲਿਖਿਆ ਹੈ ਕਿ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿੱਚ ਪਏ ਮੀਂਹ ਨੇ ਵੀ ਸਥਿਤੀ ਨੂੰ ਗੰਭੀਰ ਕੀਤਾ ਹੈ।
‘1988 ਦੇ ਹੜ੍ਹਾਂ ਨਾਲੋਂ ਵੀ ਜ਼ਿਆਦਾ ਪਾਣੀ’
ਸੀਚੇਵਾਲ ਨੇ, ‘ਮੀਡੀਆਂ ਰਿਪੋਰਟਾਂ ਦਾ ਹਵਾਲਾ ਦਿੰਦਿਆ ਦੱਸਿਆ ਕਿ ਪੰਜਾਬ ਦੇ 500 ਦੇ ਕਰੀਬ ਪਿੰਡ, 300 ਸਰਕਾਰੀ ਸਕੂਲ ਅਤੇ 3 ਲੱਖ ਕਿਸਾਨਾਂ ਦੀ ਫਸਲ ਹ੍ਹੜਾਂ ਦੀ ਮਾਰ ਹੇਠ ਆਈ ਹੋਈ ਹੈ। 26 ਅਗਸਤ ਦੀ ਰਾਤ ਨੂੰ ਰਾਵੀ ਦਰਿਆ ਵਿੱਚ 14.11 ਲੱਖ ਕਿਊਸਿਕ ਦਾ ਵਹਾਅ ਸੀ, ਜਦਕਿ 1988 ਵਿੱਚ ਰਾਵੀ ਵਿੱਚ ਇਹ 11.20 ਲੱਖ ਕਿਊਸਿਕ ਪਾਣੀ ਸੀ। ਬਿਆਸ ਦਰਿਆ ਵਿੱਚ ਵੀ ਇਸ ਵਾਰ 2.5 ਤੋਂ 3 ਲੱਖ ਕਿਊਸਿਕ ਤੱਕ ਪਾਣੀ ਵੱਗ ਚੁੱਕਾ ਹੈ। ਮੌਜੂਦਾ ਪਾਣੀ ਦੇ ਵਹਾਅ ਨੇ ਪੰਜਾਬ ਵਿੱਚ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ।’
‘ਮਾਝਾ, ਮਾਲਵਾ ਅਤੇ ਦੁਆਬਾ ਪ੍ਰਭਾਵਿਤ’
ਰਾਜ ਸਭਾ ਮੈਂਬਰ ਸੀਚੇਵਾਲ ਨੇ ਪੱਤਰ ਰਾਹੀਂ ਦੱਸਿਆ ਕਿ ਬਿਆਸ ਦਰਿਆ ਦੇੇ ਪਾਣੀ ਨੇ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਤਬਾਹ ਕਰਕੇ ਰੱਖ ਦਿੱਤੀ ਹੈ। ਇਸ ਸਮੇਂ ਪੰਜਾਬ ਦੇ ਮਾਝਾ, ਮਾਲਵਾ ਅਤੇ ਦੁਆਬਾ ਤਿੰਨੇ ਖੇਤਰ ਬੁਰੀ ਤਰ੍ਹਾਂ ਨਾਲ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ। ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨ-ਤਾਰਨ, ਕਪੂਰਥਲਾ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹੇ ਹੜ੍ਹ ਦੀ ਭਿਆਨਕ ਸਥਿਤੀ ਨਾਲ ਜੂਝ ਰਹੇ ਹਨ।